ਡਰਾਮੇਬਾਜੀ ਦੀ ਬਜਾਏ ਅਕਾਲੀ ਭਾਜਪਾ ਤੋਂ ਨਾਤਾ ਤੋੜਨ : ਧਰਮਸੋਤ
ਨਾਭਾ, (ਤਰੁਣ ਕੁਮਾਰ ਸ਼ਰਮਾ)। ਕਿਸਾਨ ਵਿਰੋਧੀ ਆਰਡੀਨੈਸਾਂ ਦੇ ਮੁੱਦੇ ‘ਤੇ ਅਕਾਲੀ ਦਲ ਦੋਹਰੀ ਰਾਜਨੀਤੀ ਕਰ ਰਿਹਾ ਹੈ। ਦੇਸ਼ ਭਰ ਦੇ ਕਿਸਾਨਾਂ ਦੇ ਹਿੱਤਾਂ ਲਈ ਅਕਾਲੀ ਦਲ ਨੂੰ ਸਿਆਸੀ ਡਰਾਮੇਬਾਜੀ ਦੀ ਬਜਾਏ ਭਾਜਪਾ ਤੋਂ ਨਾਤਾ ਵੀ ਤੋੜਨਾ ਚਾਹੀਦਾ ਹੈ। ਇਹ ਵਿਚਾਰ ਨਾਭਾ ਤੋਂ ਯੂਥ ਕਾਂਗਰਸੀਆਂ ਦੀ ਟਰੈਕਟਰ ਰੈਲੀ ਨੂੰ ਦਿੱਲੀ ਰਵਾਨਾ ਕਰਨ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਗਟਾਏ ਉਹਨਾਂ ਕਿਹਾ ਕਿ ਜਦੋਂ ਦੇਸ਼ ਆਜਾਦ ਹੋਇਆ ਸੀ ਤਾਂ ਅਨਾਜ ਬਾਹਰਲੇ ਦੇਸ਼ਾਂ ਤੋਂ ਮੰਗਵਾਇਆ ਜਾਂਦਾ ਸੀ।
ਅਨਾਜ ਦੇ ਮਾਮਲੇ ਵਿੱਚ ਦੇਸ਼ ਅਤੇ ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਲਈ ਦੇਸ਼ ਦੀਆਂ ਕਾਂਗਰਸ ਸਰਕਾਰਾਂ ਨੇ ਕਿਸਾਨਾਂ ਨੂੰ ਨਾ ਸਿਰਫ ਬਿਜਲੀ, ਟਰੈਕਟਰ, ਮੋਟਰਾਂ, ਨਹਿਰੀ ਸਿੰਚਾਈ ਅਤੇ ਵਿੱਤੀ ਕਰਜੇ ਉਪਲਬੱਧ ਕਰਵਾਏ ਬਲਕਿ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਨਾ ਸਿਰਫ ਦੇਸ਼ ਦੇ ਅੰਨ ਭੰਡਾਰ ਵਿੱਚ 90 ਪ੍ਰਤਿਸ਼ਤ ਹਿੱਸਾ ਪਾ ਰਿਹਾ ਹੈ ਬਲਕਿ ਪੰਜਾਬੀ ਕਿਸਾਨਾਂ ਨੇ ਦੂਜੇ ਸੂਬਿਆਂ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਤੋਂ ਵੀ ਜਾਣੂ ਕਰਵਾਇਆ ਹੈ।
ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਅੱਜ ਪੂਰੇ ਦੇਸ਼ ਦੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ। ਮੋਦੀ ਸਰਕਾਰ ਅੰਬਾਨੀ, ਅੰਡਾਨੀ ਸਰਮਾਏਦਾਰ ਪਰਿਵਾਰਾਂ ਨਾਲ ਮਿਲ ਕੇ ਦੇਸ਼ ਦੇ ਕਿਸਾਨਾਂ ਦਾ ਧੋਖਾ ਕਮਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਜੀਉ ਮੋਬਾਇਲ’ ਦੀ ਫਰੀ ਸਕੀਮ ਵਾਂਗ ਪਹਿਲਾਂ ਕਿਸਾਨਾਂ ਦੀਆਂ ਫਸਲਾਂ ਦਾ ਮੁੱਲ ਵੱਧ ਲਗਾਇਆ ਜਾਵੇਗਾ ਜਦਕਿ ਬਾਦ ਵਿੱਚ ਪੂਰੀ ਤਰ੍ਹਾਂ ਲੁੱਟ ਕੀਤੀ ਜਾਵੇਗੀ। ਧਰਮਸੋਤ ਨੇ ਸੰਨੀ ਦਿਉਲ ਵੱਲੋਂ ਆਰਡੀਨੈਸਾਂ ਦੀ ਹਮਾਇਤ ਬਾਰੇ ਕਿਹਾ ਕਿ ਸੰਨੀ ਦਿਉਲ ਨੂੰ ਤਾਂ ਖੇਤੀ ਦੀ ਜਾਣਕਾਰੀ ਹੀ ਨਹੀ, ਉਸ ਨੂੰ ਨਹੀ ਪਤਾ ਕਿ ਕਿੰਨੀ ਕਣਕ ਨਾਲ ਕਿੰਨੀ ਪੈਦਾਵਾਰ ਹੋਣੀ ਹੈ। ਉਹ ਚੰਗਾ ਅਦਾਕਾਰ ਹੈ, ਉਸ ਨੂੰ ਅਦਾਕਾਰੀ ਹੀ ਕਰਨੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.