ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੂੰ ਕਿਸਾਨਾਂ ਨੇ ਘੇਰਿਆ

Surjit Kumar Jayani Sachkahoon

ਆਜਮਵਾਲੇ ਜ਼ਮੀਨੀ ਵਿਵਾਦ ’ਤੇ ਕਰਨ ਆਏ ਸਨ ਪ੍ਰੈੱਸ ਕਾਨਫਰੰਸ

  • ਭਾਜਪਾ ਆਗੂ ਦੀ ਜੁਬਾਨ ਲੜਖੜਾਈ, ਕਿਹਾ, ਕਿਸਾਨਾਂ ਦੇ ਭੇਸ ’ਚ ਗੁੰਡੇ ਤੇ ਬਦਮਾਸ਼ ਸਰਗਰਮ

ਫਾਜ਼ਿਲਕਾ, ਰਜਨੀਸ਼ ਰਵੀ। ਸਰਹੱਦੀ ਪਿੰਡ ਆਜਮ ਵਾਲਾ ਦੇ ਜ਼ਮੀਨੀ ਵਿਵਾਦ ਤੋਂ ਬਾਅਦ ਅੱਜ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਨੀ ਆਪਣਾ ਪੱਖ ਰੱਖਣ ਲਈ ਜਦੋਂ ਪ੍ਰੈੱਸ ਕਾਨਫਰੰਸ ਕਰਨ ਫਾਜ਼ਿਲਕਾ ਪੁੱਜੇ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਗਿਆ ਜਿਸ ਦੇ ਚਲਦਿਆਂ ਪੁਲਿਸ ਸੁਰੱਖਿਆ ਵਿੱਚ ਉਨ੍ਹਾਂ ਨੂੰ ਸੁਰੱਖਿਅਤ ਕੱਢ ਕੇ ਭੇਜ ਦਿੱਤਾ ਗਿਆ ।

ਇੱਥੇ ਦੱਸ ਦੇਈਏ ਕਿ ਸਰਹੱਦੀ ਪਿੰਡ ਆਜ਼ਮ ਵਾਲੇ ਵਿਖੇ ਜ਼ਮੀਨ ਸਬੰਧੀ ਇੱਕ ਵਿਵਾਦ ਪੈਦਾ ਹੋ ਗਿਆ ਜਦੋਂ ਜ਼ਮੀਨ ਦੀ ਵਾਹੀ ਕਰਨ ਆਏ ਭਾਜਪਾ ਆਗੂ ਦੇ ਬੰਦਿਆਂ ਨੂੰ ਜ਼ਮੀਨ ਵਿੱਚ ਵੜਣ ਤੋਂ ਰੋਕ ਦਿੱਤਾ ਅਤੇ ਕਿਸਾਨ ਜੰਥੇਬੰਦੀਆਂ, ਜੁੜੇ ਲੋਕਾਂ ਨੇ ਇਸ ਦਾ ਸਖਤ ਵਿਰੋਧ ਕੀਤਾ। ਇਸ ਜ਼ਮੀਨੀ ਵਿਵਾਦ ’ਤੇ ਅੱਜ ਪ੍ਰੈੱਸ ਕਾਨਫਰੰਸ ਕਰਦੇ ਹੋਏ ਭਾਜਪਾ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਜੋ ਜ਼ਮੀਨ ਹੈ ਉਹ ਉਸਦੇ ਸਾਂਢੂ ਦੀ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਅਤੇ ਪਿਛਲੇ ਦਸ ਸਾਲਾਂ ਦੌਰਾਨ ਇਹ ਜ਼ਮੀਨ ਠੇਕੇ ’ਤੇ ਦਿੱਤੀ ਹੋਈ ਹੈ ਪਰ ਇਸ ਵਾਰ ਜੋ ਜ਼ਮੀਨ ਠੇਕੇ ’ਤੇ ਲੈ ਰਿਹਾ ਸੀ ਉਸ ਨੂੰ ਡਰਾ ਧਮਕਾ ਕੇ ਠੇਕੇ ’ਤੇ ਜ਼ਮੀਨ ਨਹੀਂ ਲੈਣ ਦਿੱਤੀ ਗਈ ਜਿਸ ’ਚ ਉਨ੍ਹਾਂ ਆਪਣੇ ਰਿਸ਼ਤੇਦਾਰਾਂ ਦੀ ਜ਼ਮੀਨ ਦੀ ਵਾਹੀ ਕਰਨ ਲਈ ਆਪਣਾ ਟਰੈਕਟਰ ਭੇਜਿਆ ਜਿਸ ਨੂੰ ਕਿਸਾਨਾਂ ਦੇ ਭੇਸ਼ ’ਚ ਆਏ ਗੁੰਡਿਆਂ ਨੇ ਰੋਕਿਆ । ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੇ ਐਸਐਸਪੀ ਕੋਲੋਂ ਮੰਗ ਕੀਤੀ ਕਿ ਇਸ ਸੰਬੰਧੀ ਜਾਂਚ ਕਰਵਾਈ ਜਾਵੇ ਜੇਕਰ ਉਹ ਦੋਸ਼ੀ ਹਨ ਤਾਂ ਸਖ਼ਤ ਕਾਰਵਾਈ ਕੀਤੀ ਜਾਵੇ ।

ਉਨ੍ਹਾਂ ਕਿਹਾ ਕਿ ਕਈ ਲੋਕ ਕਿਸਾਨ ਦੇ ਭੇਸ ’ਚ ਗੁੰਡਾਗਰਦੀ ਕਰ ਰਹੇ ਹਨ, ਕਿਸਾਨ ਤਾਂ ਨਰਮ ਦਿਲ ਹੁੰਦਾ ਹੈ, ਕਿਸਾਨ ਆਪਣੇ ਖੇਤ ’ਚ ਨਿਕਲੇ ਸੱਪ ਨੂੰ ਵੀ ਨਹੀਂ ਮਾਰਦਾ ਪਰ ਇਹ ਲੋਕ ਬਦਮਾਸੀ ’ਤੇ ਉਤਰੇ ਹੋਏ ਹਨ ।ਤਿੰਨ ਖੇਤੀ ਬਿੱਲਾਂ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਨੇ ਬਹੁਤ ਵਾਰ ਕਿਹਾ ਹੈ ਕਿ ਜਿੱਥੇ ਜਿੱਥੇ ਨੁਕਸ ਹੈ ਉਹ ਸਾਨੂੰ ਲਿਖਤੀ ਰੂਪ ਵਿਚ ਦੱਸਣ ਪਰ ਅੱਜ ਤੱਕ ਕੋਈ ਜਥੇਬੰਦੀ ਨਹੀਂ ਦੱਸ ਸਕੀ ਬਸ ਇਕੋ ਹੀ ਰਟ ਲਗਾਈ ਹੋਈ ਹੈ ਕਿ ਤਿੰਨੋਂ ਕਾਨੂੰਨ ਰੱਦ ਕੀਤੇ ਜਾਣ । ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਸੁਰਜੀਤ ਕੁਮਾਰ ਜਿਆਨੀ ਖਿਲਾਫ਼ ਨਾਅਰੇਬਾਜੀ ਕਰਦਿਆਂ ਕਿਹਾ ਗਿਆ ਕਿ ਇਹਨਾਂ ਨੇ ਆਪਣੀ ਸਰਕਾਰ ਵੇਲੇ ਪੇਪਰ ਤਿਆਰ ਕਰਕੇ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਸਨ ਉਹਨਾਂ ਕਿਹਾ ਕਿ ਇੱਥੇ ਪੁੱਜੇ ਭਾਜਪਾ ਆਗੂ ਦਾ ਲਗਾਤਾਰ ਵਿਰੋਧ ਜਾਰੀ ਰੱਖਿਆ ਜਾਵੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।