ਪੰਜਾਬ ਵਿੱਚ ਗਠਜੋੜ ਨੂੰ ਵੀ ਖ਼ਤਰਾ ਕੁਝ ਸਮੇਂ ਲਈ ਟਲਿਆ, ਭਾਜਪਾ ਹੁਣ ਚਲੀ ਗਈ ਬੈਕਫੁੱਟ ‘ਤੇ
ਪੰਜਾਬ ਵਿੱਚ ਵੱਡੇ ਭਰਾਂ ਨੂੰ ਅੱਖਾਂ ਦਿਖਾਉਣ ਲੱਗ ਪਈ ਸੀ ਭਾਜਪਾ, ਹੁਣ ਮੁੜ ਤੋਂ ਵਾਪਸ ਪਰਤ ਸਕਦੀ ਐ ਭਾਜਪਾ
ਚੰਡੀਗੜ, (ਅਸ਼ਵਨੀ ਚਾਵਲਾ)। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਉਨਾਂ ਚਾਰੇ ਸੀਟਾਂ ‘ਤੇ ਹਾਰ ਗਈ ਹੈ, ਜਿਨਾਂ ਚਾਰੇ ਸੀਟਾਂ ‘ਤੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਲੜਦਾ ਆਇਆ ਹੈ। ਇਨਾਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਨਿਸ਼ਾਨ ਦੇ ਰੇੜਕੇ ਕਾਰਨ ਭਾਜਪਾ ਨੇ ਚਾਰੇ ਸੀਟਾਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਦਿੱਲੀ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਨਹੀਂ ਕੀਤਾ ਸੀ। ਇਨਾਂ ਚਾਰੇ ਸੀਟਾਂ ‘ਤੇ ਭਾਜਪਾ ਉਮੀਦਵਾਰ ਦੀ ਹਾਰ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਸਣੇ ਪੰਜਾਬ ਵਿੱਚ ਰਾਹਤ ਮਿਲੀ ਹੈ, ਕਿਉਂਕਿ ਜਿਥੇ ਭਾਜਪਾ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋਏਗਾ ਤਾਂ ਪੰਜਾਬ ਵਿੱਚ ਗਠਜੋੜ ਤੋੜਨ ਦੇ ਮਾਮਲੇ ਵਿੱਚ ਵੀ ਭਾਜਪਾ ਬੈਕਫੁੱਟ ‘ਤੇ ਆ ਜਾਏਗੀ।
ਪਿਛਲੇ ਕੁਝ ਸਮੇਂ ਤੋਂ ਦੇਸ਼ ਭਰ ਵਿੱਚ ਭਾਜਪਾ ਦਾ ਝੰਡਾ ਝੂਲਣ ਕਾਰਨ ਪੰਜਾਬ ਵਿੱਚ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਇਥੇ ਤੱਕ ਭਾਜਪਾ ਕਹਿਣ ਲਗ ਪਈ ਸੀ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਹੀ ਭਾਜਪਾ ਸਰਕਾਰ ਬਣਾ ਸਕਦੀ ਹੈ। ਪੰਜਾਬ ਦੀਆਂ 117 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਸਿਰਫ਼ 2 ਸੀਟਾਂ ਜਿਤਣ ਵਾਲੀ ਭਾਜਪਾ ਆਪਣੇ ਸਭ ਤੋਂ ਪੁਰਾਣੇ ਸਹਿਯੋਗੀ ਤੋਂ ਕਿਨਾਰਾ ਕਰਨ ਵਰਗੀ ਗੱਲ ਕਰ ਰਹੀ ਸੀ ਪਰ ਹੁਣ ਸ਼ਾਇਦ ਹੀ ਜਲਦੀ ਇਸ ਤਰਾਂ ਦਾ ਕੁਝ ਹੋਏਗਾ।
ਦਿੱਲੀ ਵਿਖੇ ਭਾਜਪਾ ਦੀ ਹਾਰ ਦਾ ਸਭ ਤੋਂ ਜਿਆਦਾ ਫਾਇਦਾ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਹੋਇਆ ਹੈ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਮੁੜ ਤੋਂ ਭਾਜਪਾ ਨੂੰ ਛੋਟੇ ਭਰਾਂ ਵਾਲੀ ਭੂਮਿਕਾ ਵਿੱਚ ਰਹਿਣ ਦੀ ਨਸੀਹਤ ਦੇਣ ਯੋਗ ਵੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਤੋਂ ਦਿੱਲੀ ਵਿੱਚ 4 ਦੀ ਥਾਂ ‘ਤੇ 10 ਸੀਟਾਂ ਦੇਣ ਦੀ ਮੰਗ ਕੀਤੀ ਸੀ, ਜਿਸ ‘ਤੇ ਕਾਫ਼ੀ ਦਿਨਾਂ ਤੱਕ ਵਿਚਾਰ ਚਲਣ ਤੋਂ ਬਾਅਦ ਭਾਜਪਾ ਨੇ ਸਾਫ਼ ਕਰ ਦਿੱਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ 4 ਸੀਟਾਂ ਹੀ ਮਿਲਣਗੀਆਂ ਅਤੇ ਉਨਾਂ ਚਾਰੇ ਸੀਟਾਂ ‘ਤੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ‘ਤੇ ਹੀ ਚੋਣ ਲੜਨਗੇ।
ਭਾਜਪਾ ਨੇ ਹਰੀ ਨਗਰ, ਰਾਜੌਰੀ ਗਾਰਡਨ, ਕਾਲਕਾ ਜੀ ਅਤੇ ਸਹਾਦਰਾ ਸੀਟ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਈ ਰਿਜ਼ਰਵ ਰੱਖ ਲਿਆ ਸੀ ਪਰ ਚੋਣ ਨਿਸ਼ਾਨ ਭਾਜਪਾ ਦਾ ਹੀ ਹੋਣ ਦੀ ਸ਼ਰਤ ਸੀ।
ਭਾਜਪਾ ਦੀ ਇਸ ਸ਼ਰਤ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਭਾਜਪਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਦੇ ਇੱਕ ਦਿਨ ਪਹਿਲਾਂ ਸਾਰੇ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੀ ਸੀਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਦਿੱਲੀ ਵਿੱਚ ਗਠਜੋੜ ਨਾ ਕਰਨ ਦਾ ਰਸਮੀ ਐਲਾਨ ਕਰਦੇ ਹੋਏ ਭਾਜਪਾ ਖ਼ਿਲਾਫ਼ ਹੀ ਜਾਣ ਦੀ ਰਣਨੀਤੀ ਤੱਕ ਤਿਆਰ ਕਰ ਲਈ ਪਰ ਬਾਅਦ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵਲੋਂ ਮਨਾਉਣ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਜਪਾ ਦੇ ਹੱਕ ਵਿੱਚ ਸਮਰਥਨ ਤਾਂ ਕਰ ਦਿੱਤਾ ਗਿਆ ਪਰ ਪ੍ਰਚਾਰ ਵਿੱਚ ਕੋਈ ਵੀ ਜੋਰ ਨਹੀਂ ਲਗਾਇਆ ਗਿਆ। ਹੁਣ ਭਾਜਪਾ ਦਿੱਲੀ ਵਿਖੇ 62 ਸੀਟਾਂ ਦੇ ਨਾਲ ਹੀ ਉਹ 4 ਸੀਟਾਂ ‘ਤੇ ਵੀ ਹਾਰ ਗਈ ਹੈ, ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।