ਪ੍ਰਧਾਨ ਮੰਤਰੀ ਦੀ 5 ਜਨਵਰੀ ਦੀ ਰੈਲੀ ਲਈ ਭਾਜਪਾਈ ਸਰਗਰਮ

ਪੰਜਾਬ ਅੰਦਰ ਬਣੇਗੀ ਭਾਜਪਾ ਦੀ ਸਰਕਾਰ : ਰਾਜਿੰਦਰ ਸਿੰਘ ਸ਼ੇਖਾਵਤ

  • 22 ਏਕੜ ਤੋਂ ਵੱਧ ਪੰਡਾਲ, ਡੇਢ ਲੱਖ ਦੇ ਕਰੀਬ ਵਰਕਰ ਪਹੁੰਚਣ ਦਾ ਦਾਅਵਾ

(ਸਤਪਾਲ ਥਿੰਦ) ਫਿਰੋਜ਼ਪੁਰ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਫਿਰੋਜ਼ਪੁਰ ਫੇਰੀ ਸਬੰਧੀ ਸਰਕਟ ਹਾਊਸ ਦੇ ਪਿਛਲੇ ਪਾਸੇ ਵਾਲੀ ਜਗ੍ਹਾਂ ’ਚ ਜਿੱਥੇ ਪੀਜੀਆਈ ਸੈਟੇਸਾਈਟ ਦਾ ਉਨ੍ਹਾਂ ਨੇ ਉਦਘਾਟਨ ਕਰਨਾ ਹੈ ਉਸੇ ਜਗ੍ਹਾਂ ’ਚ ਕਰੀਬ 22 ਏਕੜ ਤੋਂ ਵੱਧ ਜ਼ਮੀਨ ਵਿਚ ਰੈਲੀ ਦਾ ਪੰਡਾਲ ਬਣ ਚੁੱਕਿਆ ਹੈ, ਜਿਸ ਵਿੱਚ ਵੱਡੀ ਤਦਾਦ ਵਿਚ ਕੁਰਸੀਆਂ ਤੇ ਹੋਰ ਸਮਾਨ ਲਾਇਆ ਜਾ ਚੁੱਕਿਆ ਹੈ।

ਇਹ ਰੈਲੀ ਨੂੰ ਇਤਹਾਸਿਕ ਰੈਲੀ ਬਣਾਉਣ ਲਈ ਭਾਜਪਾਈ ਪੂਰੇ ਸਰਗਰਮ ਦਿਖਾਈ ਦੇ ਰਹੇ ਹਨ। ਇਸ ਰੈਲੀ ਵਾਲੀ ਜਗ੍ਹਾਂ ਤੇ ਪੰਜਾਬ ਪੁਲਿਸ ਅਤੇ ਕੇਂਦਰ ਦੀਆਂ ਕਈ ਸੁਰੱਖਿਆ ਏਜੰਸੀਆਂ ਚੱਪੇ-ਚੱਪੇ ’ਤੇ ਤਾਇਨਾਤ ਹਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਦੋ ਹੈਲੀਕਾਪਟਰ ਲਗਾਤਾਰ ਪੰਡਾਲ ਉੱਪਰ ਘੁੰਮ ਰਹੇ ਹਨ, ਜਿਸ ਕਾਰਨ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਇਸ ਰੈਲੀ ਦੇ ਪ੍ਰਬੰਧਾਂ ਲਈ ਪੰਜਾਬ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਰਜਿੰਦਰ ਸਿੰਘ ਸ਼ੇਖਾਵਤ ਨੇ ‘ਸੱਚ ਕਹੂੰ’ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਡੇਢ ਲੱਖ ਤੋਂ ਉੱਪਰ ਵਰਕਰ ਰੈਲੀ ਵਿਚ ਪਹੁੰਚਣਗੇ ਅਤੇ ਜਿਸ ਤੋਂ ਇਲਾਵਾ ਵੱਡੀ ਤਦਾਦ ਵਿਚ ਲੋਕ ਦੂਜੀਆਂ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣਗੇ ਤੇ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣੇਗੀ।

rally pm ਇਸ ਮੌਕੇ ਕਾਂਗਰਸ ਛੱਡ ਕੇ ਭਾਜਪਾ ਵਿਚ ਗਏ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਸਬੰਧੀ ਭਾਜਪਾ ਵਰਕਰਾਂ ’ਚ ਭਾਰੀ ਉਤਸ਼ਾਹ ਹੈ, ਜਿਸ ਕਾਰਨ ਟੈਂਟ ਤੇ ਹੋਰ ਸਮਾਨ ਲਿਆ ਕੇ ਪੰਡਾਲ ਨੂੰ ਵੱਡਾ ਕੀਤਾ ਜਾ ਰਿਹਾ ਹੈ । ਰਾਣਾ ਸੋਢੀ ਨੇ ਕਿਹਾ ਕਿ ਜੋ ਐਲਾਨ ਪ੍ਰਧਾਨ ਮੰਤਰੀ ਕਰਨਗੇ ਉਹ ਪੰਜਾਬ ਦੇ ਹਿੱਤ ਲਈ ਹੋਣਗੇ। ਇਸ ਮੌਕੇ ਭਾਜਪਾ ਆਗੂ ਗੁਰਪ੍ਰਵੇਸ਼ ਸਿੰਘ ਸ਼ੈਲਾ ਨੇ ਕਿਹਾ ਕਿ ਭਾਜਪਾ ਸੋੜੀ ਸਿਆਸਤ ਨਹੀਂ ਕਰਦੀ, ਇਸ ਰੈਲੀ ’ਚ ਵੱਡੀ ਤਦਾਦ ਵਿੱਚ ਪੰਜਾਬੀਅਤ ਇਕੱਠੀ ਹੋਵੇਗੀ ਅਤੇ ਕਈ ਵੱਡੇ ਚਿਹਰੇ ਵੀ ਸ਼ਾਮਲ ਹੋ ਸਕਦੇ ਹਨ। ਬਾਕੀ ਐਲਾਨ ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਕਰਨਗੇ।

ਇਹ ਐਲਾਨ ਹੋਣ ਦੇ ਅਸਾਰ

ਪੰਜਾਬ ਅੰਦਰ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਚਰਚਾਵਾਂ ਦਾ ਬਜ਼ਾਰ ਗਰਮ ਹੈ ਕਿ ਪੰਜਾਬ ਦੇ ਸਿਰ ਜੋ ਕਰਜ਼ਾ ਹੈ ਉਹ ਮੁਆਫ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾ ਸਕਦਾ ਹੈ, ਜ਼ੇਲ੍ਹਾਂ ਵਿਚ ਬੰਦ ਸਿੱਖ ਕੌਮ ਦੇ ਵੱਡੇ ਆਗੂ ਰਿਹਾਅ ਕੀਤੇ ਜਾ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ