Heroin News: (ਜਗਦੀਪ ਸਿੰਘ) ਫਿਰੋਜ਼ਪੁਰ । ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਕਰਵਾਈ ਕਰਦਿਆ ਫਿਰੋਜ਼ਪੁਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਦਿਆਂ 13 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਵਾਲੀ ਸੀਆਈਏ ਸਟਾਫ਼ ਫਿਰੋਜ਼ਪੁਰ ਦੀ ਟੀਮ ਨੂੰ ਸਫਲਤਾ ਮਿਲੀ ਜਦੋਂ ਪਿੰਡ ਗੋਖੀ ਵਾਲਾ ਕੋਲੋਂ ਗੁਰਪ੍ਰੀਤ ਸਿੰਘ ਉਰਫ ਗੋਰੀ (19) ਪੁੱਤਰ ਗੁਰਦਿਆਲ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਕਾਲੀ (23) ਪੁੱਤਰ ਹਰਨਾਮ ਸਿੰਘ ਵਾਸੀਅਨ ਰਾਜੋ ਕੇ ਗੱਟੀ ਨੂੰ ਕਾਬੂ ਕਰਦਿਆਂ 8 ਕਿੱਲੋ 301 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਹਨਾਂ ਖਿਲਾਫ਼ ਥਾਣਾ ਫਿਰੋਜ਼ਪੁਰ ਸਦਰ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ: PM Kisan 20th Installment: ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਦੀ ਰਾਸ਼ੀ ਮਿਲਣ ਤੋਂ ਬਾਅਦ ਲਾਭਪਾਤਰ…
ਇਸ ਤੋਂ ਇਲਾਵਾ ਥਾਣਾ ਘੱਲ ਖੁਰਦ ਦੀ ਟੀਮ ਵੱਲੋਂ ਪਿੰਡ ਮੋਹਕਮ ਵਾਲਾ ਕੋਲ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਨੌਜਵਾਨ ਨੂੰ ਕਾਬੂ ਕਰਕੇ 4 ਕਿਲੋ 720 ਗ੍ਰਾਮ ਹੈਰੋਇਨ, 1 ਪਿਸਟਲ ਜਿਸ ਦੇ ਸਾਰੇ ਪਾਰਟ ਖੁੱਲੇ ਹੋਏ ਸਮੇਤ 8 ਜਿੰਦਾ ਰੌਂਦ ਬਰਾਮਦ ਹੋਏ। ਕਾਬੂ ਨੌਜਵਾਨ ਦੀ ਪਛਾਣ ਜੋਗਰਾਜ ਸਿੰਘ (27) ਪੁੱਤਰ ਹਾਕਮ ਸਿੰਘ ਵਾਸੀ ਪਿੰਡ ਆਸਲ ਵਜੋਂ ਹੋਈ, ਜਿਸ ਖਿਲਾਫ਼ ਥਾਣਾ ਘੱਲ ਖੁਰਦ ਵਿੱਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਵੱਲੋਂ ਦੱਸਿਆ ਗਿਆ ਕਿ ਇਹਨਾਂ ਮੁਲਜ਼ਮਾਂ ਖਿਲਾਫ਼ ਪਹਿਲਾ ਕੋਈ ਮੁਕੱਦਮਾ ਦਰਜ ਨਹੀਂ ਸੀ ਪਰ ਜਿਆਦਾ ਪੈਸਿਆ ਦੇ ਲਾਲਚ ’ਚ ਆ ਕੇ ਅਪਣਾਏ ਗਲਤ ਰਸਤਿਆਂ ਨੇ ਇਹਨਾਂ ਨੂੰ ਸਲਾਖਾਂ ਪਿੱਛੇ ਬਿਠਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ‘ਯੁੱਧ ਨਸ਼ਿਆ ਵਿਰੁੱਧ’ ਸ਼ੁਰੂ ਹੋਣ ਉਪਰੰਤ ਫਿਰੋਜ਼ਪੁਰ ਪੁਲਿਸ 149 ਕਿਲੋ 53 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲ ਹੋਈ ਹੈ, ਜਿਸ ਨਸ਼ੇ ਨੇ ਕਈ ਘਰਾਂ ਦਾ ਉਜਾੜਾ ਕਰਨਾ ਸੀ। Heroin News