ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਪ੍ਰਤੀ ਭਗਵੰਤ ਮਾਨ ਸਰਕਾਰ ਦੇ ਰਵੱਈਏ ਖ਼ਿਲਾਫ਼ ਸੰਗਰੂਰ ਵਿਖੇ ਮਹਾਂ ਰੈਲੀ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਰੈਲੀ ’ਚ ਭਰਵੀਂ ਸ਼ਮੂਲੀਅਤ

ਫਰੀਦਕੋਟ (ਸੱਚ ਕਹੂੰ ਨਿਊਜ਼)। ਮਾਣ ਭੱਤੇ ’ਤੇ ਕੰਮ ਕਰਦਿਆਂ ਸਮੂਹ ਆਸ਼ਾ ਵਰਕਰਾਂ, ਆਸ਼ਾ ਫੈਸੀਲੇਟਰਾਂ, ਮਿਡ ਡੇ ਮੀਲ ਵਰਕਰ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ, ਪੰਜਾਬ ਦੇ ਸਮੂਹ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿੱਚ ਕੰਮ ਕਰਦੇ ਸਮੂਹ ਕੱਚੇ, ਵਰਕ ਚਾਰਜ, ਡੇਲਵੇਜਿਜ਼ ਤੇ ਆਊਟਸੋਰਸਿੰਗ ਕਾਮਿਆਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਕੇ ਪੂਰੀਆਂ ਤਨਖਾਹਾਂ ਤੇ ਸਹੂਲਤਾਂ ਦੇਣ, ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਵਿੱਚ ਪੈਨਸ਼ਨਰਾਂ ਤੇ 2.59 ਦਾ ਗੁਣਾਂਕ ਲਾਗੂ ਕਰਨ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਪੱਖੀ ਸੋਧਾਂ ਕਰਵਾਉਣ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ ਦੋਵੇਂ ਕਿਸ਼ਤਾਂ ਜਾਰੀ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰਵਾਉਣ, 15 ਜਨਵਰੀ 2015 ਤੇ 17 ਜੁਲਾਈ 2020 ਦੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕਰਵਾਉਣ, ਪੇਂਡੂ ਭੱਤਾ, ਬਾਰਡਰ ਏਰੀਆ ਭੱਤੇ ਸਮੇਤ ਬੰਦ ਕੀਤੇ ਗਏ।

37 ਭੱਤੇ ਬਹਾਲ ਕਰਵਾਉਣ, ਵਿਭਾਗਾਂ ਦੀ ਕੀਤੀ ਜਾ ਰਹੀ ਆਕਾਰ ਘਟਾਈ ਬੰਦ ਕਰਵਾਉਣ ਅਤੇ ਮਾਨ ਸਰਕਾਰ ਵੱਲੋਂ ਪਰਖ ਕਾਲ ਦੇ ਸਮੇਂ ਦੌਰਾਨ ਘੱਟ ਤਨਖ਼ਾਹਾਂ ਦੇਣ ਦੀ ਪ੍ਰਥਾ ਬੰਦ ਕਰਵਾਕੇ ਪੂਰੇ ਤਨਖਾਹ ਸਕੇਲਾਂ ਅਤੇ ਭੱਤਿਆਂ ਸਮੇਤ ਨਵੀਂਆਂ ਭਰਤੀਆਂ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਦੀ ਅਨਾਜ ਮੰਡੀ ਵਿਖੇ 10 ਸਤੰਬਰ ਨੂੰ ਕੀਤੀ ਜਾ ਰਹੀ ਮਹਾਂਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ 1680 ਸੈਕਟਰ 22 ਬੀ, ਚੰਡੀਗੜੁ ਨਾਲ ਸਬੰਧਤ ਅਤੇ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਸੂਬਾਈ ਆਗੂਆਂ ਦਰਸ਼ਨ ਸਿੰਘ ਲੁਬਾਣਾ, ਰਣਬੀਰ ਸਿੰਘ ਢਿੱਲੋਂ, ਚਰਨ ਸਿੰਘ ਸਰਾਭਾ, ਰਣਜੀਤ ਸਿੰਘ ਰਾਣਵਾਂ, ਸੁਰਿੰਦਰ ਕੁਮਾਰ ਪੁਆਰੀ, ਬਲਕਾਰ ਵਲਟੋਹਾ, ਪ੍ਰੇਮ ਚਾਵਲਾ, ਗੁਰਮੇਲ ਸਿੰਘ ਮੈਲਡੇ, ਕਰਤਾਰ ਸਿੰਘ ਪਾਲ, ਗੁਰਪ੍ਰੀਤ ਸਿੰਘ ਮੰਗਵਾਲ, ਗੁਰਜੰਟ ਸਿੰਘ ਕੋਕਰੀ ਕਲਾਂ , ਹਰਭਜਨ ਸਿੰਘ ਪਿਲਖਣੀ, ਨਰਿੰਦਰ ਸੈਣੀ, ਰਾਧੇ ਸਾਮ ਰੋਪੜ, ਅਮਰੀਕ ਸਿੰਘ ਮਸੀਤਾਂ, ਅਮਰਜੀਤ ਕੌਰ ਰਣ ਸਿੰਘ ਵਾਲਾ, ਬਲਵੀਰ ਕੌਰ ਗਿੱਲ, ਸਰੋਜ ਰਾਣੀ ਛੱਪੜੀਵਾਲਾ ਉੱਤਮ ਸਿੰਘ ਬਾਗੜੀ, ਮਨਜੀਤ ਸਿੰਘ ਗਿੱਲ ਅਤੇ ਜਸਵਿੰਦਰ ਪਾਲ ਉੱਘੀ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰਨ ਤੋਂ ਪੂਰੀ ਤਰ੍ਹਾਂ ਟਾਲਾ ਵੱਟ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਾਨ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲੇ ਹੱਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਹੋਵੇਗਾ।

ਆਗੂਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ 23 ਵੀਂ ਸੂਬਾਈ ਕਾਨਫਰੰਸ 2 ਅਕਤੂਬਰ ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਭਵਨ ਮੋਗਾ ਵਿਖੇ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਜ਼ਿਲਾ ਕਾਨਫਰੰਸਾਂ ਵੀ ਮਕੰਮਲ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਗਗੜਾ, ਪ੍ਰਵੀਨ ਕੁਮਾਰ ਲੁਧਿਆਣਾ, ਚੰਦਨ ਸਿੰਘ ਚੰਡੀਗੜ੍ਹ, ਰਾਮ ਪ੍ਰਸਾਦ ਫਿਰੋਜ਼ਪੁਰ, ਮੇਲਾ ਸਿੰਘ ਪੁੰਨਾਵਾਲ, ਸੀਤਾ ਰਾਮ ਸ਼ਰਮਾ, ਪੋਹਲਾ ਸਿੰਘ ਬਰਾੜ, ਭੁਪਿੰਦਰ ਸਿੰਘ ਸੇਖੋਂ, ਬੂਟਾ ਸਿੰਘ ਭੱਟੀ ਤੇ ਹਰੀ ਬਹਾਦਰ ਬਿੱਟੂ ਮੋਗਾ ਆਦਿ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ