ਗੈਂਗਸਟਰ ਅਤੇ ਪੁਲਿਸ ਦਰਮਿਆਨ ਮੁਕਾਬਲਾ, ਇੱਕ ਬਦਮਾਸ਼ ਹੋਇਆ ਜ਼ਖਮੀ
ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ‘ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਦੋ ਗੈਂਗਸਟਰਾਂ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਗੈਂਗਸਟਰ ਖਰੜ ਵੱਲ ਭੱਜਦੇ ਹੋਏ ਬਲੌਂਗੀ ਪਹੁੰਚੇ। ਇੱਥੇ ਗੈਂਗਸਟਰ ਬਾਲ ਗੋਪਾਲ ਗਊਸ਼ਾਲਾ ਵਿੱਚ ਦਾਖ਼ਲ ਹੋ ਗਏ। (Big Encounter)
ਗੈਂਗਸਟਰ ਪਾਕਿਸਤਾਨ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਸਾਥੀ
ਜਦੋਂ ਪੁਲਿਸ ਟੀਮ ਪਿੱਛਾ ਕਰਨ ਪੁੱਜੀ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਬਚਾਅ ‘ਚ ਗੋਲੀਆਂ ਚਲਾਈਆਂ। ਇਸ ਦੌਰਾਨ ਗੋਲੀ ਲੱਗਣ ਨਾਲ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਹੈ। ਉਸ ਨੂੰ ਮੁਹਾਲੀ ਦੇ ਫੇਜ਼-6 ਸਥਿਤ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਮੁਲਜ਼ਮ ਦੀ ਪਛਾਣ ਸ਼ਰਨਜੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਉਕਤ ਗੈਂਗਸਟਰ ਪਾਕਿਸਤਾਨ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਸਾਥੀ ਹੈ।
ਇਹ ਵੀ ਪੜ੍ਹੋ: ਨਸ਼ੀਲੀਆਂ ਗੋਲੀਆਂ ਸਮੇਤ ਔਰਤ ਗ੍ਰਿਫਤਾਰ
ਗੈਂਗਸਟਰ ਸ਼ਰਨਜੀਤ ਦੇ ਇੱਕ ਹੋਰ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਗਊਸ਼ਾਲਾ ਨੂੰ ਸੀਲ ਕਰ ਦਿੱਤਾ ਹੈ। ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਫੋਰੈਂਸਿਕ ਟੀਮ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਡੀਐਸਪੀ ਗੁਰਸ਼ੇਰ ਸਿੰਘ ਅਤੇ ਸੀਆਈਏ ਖਰੜ ਦੇ ਇੰਚਾਰਜ ਸ਼ਿਵਕੁਮਾਰ ਦੀ ਅਗਵਾਈ ਵਿੱਚ ਇਹ ਟੀਮ ਗੈਂਗਸਟਰਾਂ ਨੂੰ ਫੜਨ ਲਈ ਪਹੁੰਚੀ ਸੀ। (Big Encounter)
ਪੁਲਿਸ ਬਟਾਲਾ ਤੋਂ ਗੈਂਗਸਟਰ ਦਾ ਪਿੱਛਾ ਕਰ ਰਹੀ ਸੀ।
ਇਸ ਮੌਕੇ ਜ਼ਿਲ੍ਹਾ ਮੋਹਾਲੀ ਤੋਂ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਕੱਲ ਅੰਮ੍ਰਿਤਸਰ ਤੋਂ ਦੋ ਆਰੋਪੀਆਂ ਨੂੰ ਫੜਿਆ ਗਿਆ ਸੀ। ਜਿਨਾਂ ਤੋਂ ਪੁੱਛਗਿੱਛ ਵਿੱਚ ਸ਼ਰਨਜੀਤ ਬਾਰੇ ਪਤਾ ਲੱਗਾ। ਪੁਲਿਸ ਗੁਰਦਾਸਪੁਰ ਦੇ ਬਟਾਲਾ ਤੋਂ ਗੈਂਗਸਟਰ ਸ਼ਰਨਜੀਤ ਸਿੰਘ ਦਾ ਪਿੱਛਾ ਕਰ ਰਹੀ ਸੀ। ਇਸ ਦੌਰਾਨ ਪਤਾ ਚੱਲਾ ਕਿ ਰਸਤੇ ਵਿੱਚ ਸ਼ਰਨਜੀਤ ਸਿੰਘ ਕਈ ਨਾਕੇ ਤੋੜ ਕੇ ਮੋਹਾਲੀ ਪਹੁੰਚ ਗਿਆ।
ਇਸ ’ਤੇ ਬਟਾਲਾ ਪੁਲਿਸ ਨੇ ਮੋਹਾਲੀ ਪੁਲਿਸ ਨਾਲ ਸੰਪਰਕ ਕੀਤਾ ਅਤੇ ਫਿਰ ਸੀਆਈਏ ਖਰੜ ਦੀ ਟੀਮ ਨੇ ਪਿੱਛਾ ਕੀਤਾ। ਸੀਆਈਏ ਟੀਮ ਵੱਲੋਂ ਪਿੱਛਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਆਪਣੀ ਗੱਡੀ ਬਲੌਂਗੀ ਵੱਲ ਮੋੜ ਲਈ। ਪੁਲਿਸ ਨੂੰ ਪਿੱਛਾ ਕਰਦੀ ਦੇਖ ਮੁਲਜ਼ਮ ਘਬਰਾ ਕੇ ਆਪਣੀ ਕਾਰ ਬਾਲ ਗੋਪਾਲ ਗਊਸ਼ਾਲਾ ਵੱਲ ਲੈ ਗਏ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਵਿੱਚ ਸ਼ਰਨਜੀਤ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ। ਸ਼ਰਨਜੀਤ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਦੋ ਕੇਸ ਦਰਜ ਹਨ। ਉਸ ਉੱਤੇ ਪਾਕਿਸਤਾਨ ਵਿੱਚੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ਾ ਸਪਲਾਈ ਕਰਨ ਦੇ ਦੋਸ਼ ਵੀ ਹਨ।