‘ਇੱਕ ਮਹੀਨੇ ਬਾਅਦ ਹੀ ਆਪ ਵਰਕਰਾਂ ਦਾ ਆਪਣੀ ਸਰਕਾਰ ਤੋਂ ਮੋਹ ਹੋਇਆ ਭੰਗ’
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ ) ਸੰਗਰੂਰ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਸ ਤਰੀਕੇ ਨਾਲ ਲੋਕਾਂ ਨੇ ਵੱਡਾ ਫ਼ਤਵਾ ਦਿੱਤਾ ਸੀ, ਹੁਣ ਉਸੇ ਰਫ਼ਤਾਰ ਨਾਲ ਆਮ ਆਦਮੀ ਪਾਰਟੀ ਵਿਰੋਧਤਾ ਹੋ ਰਹੀ ਹੈ। ਇਹ ਪ੍ਰਗਟਾਵਾ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ (Surinderpal Singh Sibia) ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ: ਸਿਬੀਆ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੇਰੁਜ਼ਗਾਰਾਂ ਤੇ ਮੁਲਾਜ਼ਮਾਂ ਲਈ ਇਹ ਕਿਹਾ ਜਾਂਦਾ ਸੀ ਕਿ ਜੇਕਰ ਉਨ੍ਹਾਂ ਕੋਲ ਹਰਾ ਪੈਨ ਆ ਗਿਆ ਤਾਂ ਉਹ ਹਮੇਸ਼ਾ ਉਨ੍ਹਾਂ ਦੇ ਹੱਕਾਂ ਦੀ ਗੱਲ ਕਰਨਗੇ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਹਰੇ ਪੈਨ ਦੀ ਸਿਆਹੀ ਮੁੱਕ ਗਈ ਹੈ ਕਿਉਂਕਿ ਮੁਲਾਜ਼ਮ ਤੇ ਬੇਰੁਜ਼ਗਾਰ ਹਰ ਮੋੜ ਤੇ ਰੋਕ ਕੇ ਉਨ੍ਹਾਂ ਤੋਂ ਕੀਤੇ ਵਾਅਦੇ ਯਾਦ ਕਰਾ ਰਹੇ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਆਪਣੀ ਸਰਕਾਰ ਦੇ ਇੱਕ ਮਹੀਨੇ ਦੀ ਕਾਰਗੁਜ਼ਾਰੀ ਅਖ਼ਬਾਰਾਂ ਵਿੱਚ ਇਸ਼ਤਿਹਾਰਾਂ ਦੇ ਤੌਰ ਤੇ ਲਗਵਾ ਰਹੇ ਹਨ ਪਰ ਮਾਨ ਨੂੰ ਅਖ਼ਬਾਰਾਂ ਵਿੱਚ ‘ਮੁਆਫ਼ੀਨਾਮਾ’ ਛਪਵਾਉਣਾ ਚਾਹੀਦਾ ਹੈ ਜਿਸ ਵਿੱਚ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇ ਜਿਸ ਕਾਰਨ ਸਾਨੂੰ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਚਾਹੁੰਦੇ ਹਾਂ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਜਿਸ ਤਰ੍ਹਾਂ ਆਮ ਲੋਕਾਂ ਵਿੱਚ ਤੇ ਆਪ ਵਰਕਰਾਂ ਵਿੱਚ ਵਿਰੋਧਤਾ ਹੋ ਰਹੀ ਹੈ ਜਿਸ ਤੋਂ ਲੱਗ ਰਿਹਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਆਪ ਦਾ ਸੂਪੜਾ ਹੀ ਸਾਫ਼ ਕਰ ਦੇਣਗੇ। ਉਨ੍ਹਾਂ ਕਿਹਾ ਹੈ ਕਿ ਹਾਲਾਤ ਤਾਂ ਇੱਥੋਂ ਤੱਕ ਹੋ ਗਏ ਹਨ ਕਿ ਆਪ ਵਰਕਰ ਹੀ ਆਪਣੇ ਮੰਤਰੀਆਂ ਦੇ ਖਿਲਾਫ਼ ਧਰਨੇ ਦੇਣ ਲੱਗੇ ਹਨ। ਆਪ ਵਰਕਰਾਂ ਨੂੰ ਆਪਣੀ ਸਰਕਾਰ ਤੋਂ ਬਹੁਤ ਉਮੀਦਾਂ ਸਨ ਪਰ ਉਹ ਧਰੀਆਂ ਧਰਾਈਆਂ ਰਹਿ ਗਈਆਂ।
ਸਿਬੀਆ ਨੇ (Surinderpal Singh Sibia) ਕਿਹਾ ਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਹੈ, ਕੇਜਰੀਵਾਲ ਦਾ ਭਗਵੰਤ ਮਾਨ ਤੇ ਪੂਰਾ ਸ਼ਿਕੰਜਾ ਹੈ ਕਿਉਂਕਿ ਰਾਜ ਸਭਾ ਮੈਂਬਰਾਂ ਦੀ ਜਿਸ ਤਰ੍ਹਾਂ ਚੋਣ ਹੋਈ ਹੈ, ਉਸ ਤੋਂ ਅਹਿਸਾਸ ਹੁੰਦਾ ਹੈ ਕਿ ਸਿਰਫ਼ ਵਪਾਰੀਆਂ ਦੇ ਪੱਖ ਪੂਰੇ ਹਨ ਜਦੋਂ ਕਿ ਆਪਣੇ ਵਰਕਰਾਂ ਦੀ ਅਣਦੇਖੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਡੇਢ ਮਹੀਨੇ ਤੋਂ ਬਿਕਰਮ ਮਜੀਠੀਆ ਜੇਲ੍ਹ ਅੰਦਰ ਬੰਦ ਹੈ, ਉਹ ਵੀ ਕਾਂਗਰਸ ਸਰਕਾਰ ਵੱਲੋਂ ਬਣਾਏ ਕੇਸ ਕਾਰਨ ਹੀ ਹੈ, ਅਰਵਿੰਦ ਕੇਜਰੀਵਾਲ ਨੇ ਤਾਂ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਲਈ ਸੀ ਜਿਸ ਦਾ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਨੇ ਕਰੜਾ ਵਿਰੋਧ ਕੀਤਾ ਸੀ।
ਸ: ਸਿਬੀਆ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਤੇ ਵਿਧਾਨ ਸਭਾ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਕਾਂਗਰਸ ਪੂਰੀ ਤਰ੍ਹਾਂ ਇਕਜੁਟ ਹੈ। ਸੰਗਰੂਰ ਦੀ ਆਉਣ ਵਾਲੀ ਜ਼ਿਮਨੀ ਚੋਣ ਕਾਂਗਰਸ ਪੂਰੀ ਤਰ੍ਹਾਂ ਇਕਜੁਟ ਹੋ ਕੇ ਲੜੇਗੀ, ਕਾਂਗਰਸ ਪਾਰਟੀ ਜਿਸ ਨੂੰ ਵੀ ਉਮੀਦਵਾਰ ਬਣਾਏਗੀ, ਉਸ ਦਾ ਪੂਰਨ ਸਮਰਥਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸੰਦੀਪ ਸਿੰਗਲਾ ਤੇ ਰਾਂਝਾ ਸਿੰਘ ਆਦਿ ਕਾਂਗਰਸੀ ਆਗੂ ਵੀ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ