ਸਰਕਾਰ ਵਪਾਰ ਮਿਲਣੀ: ਕੇਜਰੀਵਾਲ ਤੇ ਮਾਨ ਨੇ ਅਗਾਮੀ ਚੋਣਾਂ ’ਚ ਪੰਜਾਬ ਅੰਦਰ ਸਪੱਸ਼ਟ ਰੂਪ ’ਚ ਬਹੁਮਤ ਦੀ ਕੀਤੀ ਮੰਗ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ਵਿਖੇ ਸਰਕਾਰ ਵਪਾਰ ਮਿਲਣੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਅੰਦਰ ਅਗਾਮੀ ਲੋਕ ਸਭਾ ਚੋਣਾਂ ’ਚ ਸਪੱਸ਼ਟ ਰੂਪ ਵਿੱਚ ਬਹੁਮਤ ਦੀ ਮੰਗ ਕੀਤੀ। ਦਾਅਵਾ ਕੀਤਾ ਕਿ ਪਿਛਲੇ ਸਮੇਂ ’ਚ ਰਵਾਇਤੀ ਪਾਰਟੀਆਂ ਦੇ ਅਹੁਦੇਦਾਰਾਂ ਵਾਂਗ ਆਪਣੇ ਜਾਂ ਆਪਣੇ ਬੱਚਿਆਂ ਲਈ ਨਹੀਂ ਸਗੋਂ ਪੰਜਾਬ ਤੇ ਇਸਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੋਟਾਂ ਮੰਗ ਰਹੇ ਹਨ। ਇਸ ਦੌਰਾਨ ਉਨਾਂ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਵਿਸਥਾਰ ’ਚ ਵਿਚਾਰ-ਵਟਾਂਦਰਾ ਵੀ ਕੀਤਾ। Government Business Meeting
ਕਿਹਾ: ਰਵਾਇਤੀ ਪਾਰਟੀਆਂ ਦੇ ਅਹੁਦੇਦਾਰਾਂ ਨੇ ਪਰਿਵਾਰ ਲਈ ਪਰ ਉਹ ਪੰਜਾਬ ਤੇ ਇਸ ਦੀਆਂ ਅਗਲੀ ਪੀੜ੍ਹੀਆਂ ਲਈ ਵੋਟਾਂ ਮੰਗਣ ਆਏ ਹਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਪਹਿਲੀ ਸਰਕਾਰ ਵਪਾਰ ਮਿਲਣੀ ਦੌਰਾਨ ਉਨਾਂ ਨੂੰ ਨਹੀਂ ਪਤਾ ਸੀ ਕਿ ਕੀ ਹੋਵੇਗਾ ਪਰ ਅੱਜ ਸੱਚ ਬੋਲਦੇ ਹਨ ਕਿ ਉਹ ਸਿਰਫ਼ ਤੇ ਸਿਰਫ਼ ਵੋਟਾਂ ਲੈਣ ਹੀ ਆਏ ਹਨ। ਕਿਉਂਕਿ ਦੇਸ਼ ਇਲੈਕਸ਼ਨ ਮੋਡ ’ਚ ਜਾ ਰਿਹਾ ਹੈ ਤਾਂ ਇੱਕ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਪਾਰਟੀ ਦੇ ਕੌਮੀ ਪ੍ਰਧਾਨ ਦੀ ਮੌਜੂਦਗੀ ’ਚ ਉਹ ਸੱਚ ਬੋਲਦੇ ਹਨ।
ਉਨਾਂ ਕਿਹਾ ਕਿ ਉਹ ਵੋਟਾਂ ਆਪਣੀਆਂ ਕੁਰਸੀਆਂ ਵਾਸਤੇ, ਆਪਣੇ ਪੁੱਤ- ਪੋਤਿਆਂ ਨੂੰ ਰੇਤੇ ਦੀਆਂ ਖੱਡਾਂ ਦਿਵਾਉਣ, ਟਰਾਂਸਪੋਰਟ ’ਚ ਹਿੱਸਾ ਪਾਉਣ, ਕਿਸੇ ਬਰਿੱਡ ਦੀ ਕੰਪਨੀ ਨਾਲ ਇੱਕ ਰੁਪਇਆ ਸਾਂਝਾ ਕਰਨ, ਹਵੇਲੀਆਂ ਦੱਬਣ ਜਾਂ ਕੋਈ ਸ਼ਿਸਵਾਂ ਮਹਿਲ ਬਣਾਉਣ ਲਈ ਮੰਗਣ ਨਹੀਂ ਆਏ। ਉਹ ਵੋਟਾਂ ਪੰਜਾਬ ਦੇ ਬੱਚਿਆਂ ਲਈ ਮੰਗਣ ਆਏ ਹਨ। ਉਨਾਂ ਕਿਹਾ ਕਿ ਇੱਕ ਵਾਰ ਨੈਸ਼ਨਲ ਪੱਧਰ ਦੀ ਸ਼ਕਤੀ ਉਨਾਂ ਹੱਥ ਦਿੱਤੀ ਜਾਵੇ ਤਾਂ ਉਹ ਪੰਜਾਬ ਦੇ ਬੱਚਿਆਂ ਦੇ ਹੱਥ ਹੋਰ ਵਧੇਰੇ ਮਜ਼ਬੂਤ ਕਰਨ ਦੇ ਨਾਲ ਹੀ ਪੰਜਾਬ ਵਾਸੀਆਂ ਦਾ ਭਵਿੱਖ ਵੀ ਸੁਰੱਖਿਤ ਕਰ ਦੇਣਗੇੇ। Government Business Meeting
ਕੇਂਦਰ ਸਰਕਾਰ ਪੰਜਾਬ ਤੇ ਦਿੱਲੀ ਸਰਕਾਰ ਨੂੰ ਤੰਗ ਕਰ ਰਹੀ : ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਤੇ ਦਿੱਲੀ ਸਰਕਾਰ ਨੂੰ ਤੰਗ ਕਰ ਰਹੀ ਹੈ। ਬਾਵਜੂਦ ਇਸਦੇ ਭਗਵੰਤ ਮਾਨ ਕੇਂਦਰ ਵਿਚਲੀ ਭਾਜਪਾ ਸਰਕਾਰ ਤੇ ਗਵਰਨਰ ਨਾਲ ਪੰਜਾਬ ਦੇ ਭਲੇ ਲਈ ਲੜ ਰਹੇ ਹਨ। ਉਨਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਪੰਜਾਬ ਤੇ ਪੰਜਾਬ ਦੀਆਂ ਆਉਣ ਵਾਲੀਆਂ ਪੀੜੀਆਂ ਲਈ ਉਨਾਂ (ਆਪ) ਨੂੰ ਪੰਜਾਬ ਦੀਆਂ 13 ਦੀਆਂ 13 ਸੀਟਾਂ ਚਾਹੀਦੀਆਂ ਹਨ।