ਸੱਚੇ ਸਮਾਜ ਸੁਧਾਰਕ ਸਨ ਭਗਤ ਰਵਿਦਾਸ ਜੀ

Bhagat Ravidas Jayanti Sachkahoon

ਭਗਤ ਗੁੁਰੂ ਰਵਿਦਾਸ ’ਤੇ ਜਨਮ ਦਿਹਾੜੇ ’ਤੇ ਵਿਸੇਸ਼ Bhagat Ravidas Jayanti

ਸਮਾਜ ਨੂੰ ਖੋਖਲਾ ਬਣਾ ਰਹੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸਮੇਂ ਸਮੇਂ ਤੇ ਸੰਤ- ਮਹਾਤਮਾ, ਪੀਰਾਂ ਫਕੀਰਾਂ ਅਤੇ ਗੁਰੂਆਂ ਨੇ ਇਸ ਸੰਸਾਰ ਦੇ ਅੰਦਰ ਜਨਮ ਲਿਆ । ਇਨਾਂ ਵਿਚ ਗੁਰੂ ਰਵੀਦਾਸ ਜੀ ਦਾ ਨਾਮ ਵੀ ਬੜੇ ਆਦਰ ਤੇ ਸਤਿਕਾਰ ਸਹਿਤ ਲਿਆ ਜਾਂਦਾ। ਕਿਉਂਕਿ ਭਗਤ ਰਵੀਦਾਸ ਜੀ ਇਕ ਮਹਾਨ ਸੰਤ, ਕਵੀ, ਸਮਾਜ ਸੁਧਾਰਕ ਅਕਾਲਪੁਰਖ ਦੀ ਰਜਾ ਵਿਚ ਰਹਿਣ ਵਾਲੇ ਸਨ, ਜਿਸ ਕਰਕੇ ਦੇਸ ਵਾਸੀ ਉਨਾਂ ਦੀ ਅਭੁੱਲ ਯਾਦ ਨੂੰ ਬੜੇ ਆਦਰ ਸਹਿਤ ਤਾਜ਼ਾ ਕਰਦੇ ਹਨ। ਭਗਤ ਰਵੀਦਾਸ ਜੀ 15ਵੀਂ ਸਤਾਬਦੀ ਦੇ ਭਗਤ ਅੰਦੋਲਨ ਦੇ ਮਹਾਨ ਗੁਰੂ ਭਗਤ ਸਨ। ਉਨਾਂ ਦੀ ਈਸ਼ਵਰ ਪ੍ਰਤੀ ਸਰਧਾ ਭਗਤੀ ਨੂੰ ਦੇਖਦਿਆਂ ਉਨਾਂ ਦੇ ਸਮੇਂ ਕਈ ਰਾਜੇ ਤੇ ਰਾਣੀਆਂ ਨੇ ਵੀ ਪ੍ਰਮਾਤਮਾ ਦੇ ਭਗਤੀ ਮਾਰਗ ਦਾ ਰਾਹ ਚੁਣਿਆ। ਜਿੰਨਾਂ ਵਿਚ ਉਸ ਸਮੇਂ ਦੀ ਰਾਣੀ ਮੀਰਾਂਬਾਈ, ਰਾਜਿਆਂ ਵਿਚ ਸਿਕੰਦਰ ਲੋਧੀ, ਰਾਜਾ ਪੀਪਾ, ਰਾਜਾ ਨਾਗਰ ਮੱਲ ਦੇ ਨਾਮ ਵਿਸ਼ੇਸ ਹਨ।

ਭਗਤ ਰਵੀਦਾਸ ਨੂੰ ਮੀਰਾਂਬਾਈ ਦੇ ਅਧਿਆਤਮਕ ਗੁਰੂ ਵੀ ਕਿਹਾ ਜਾਂਦਾ। ਮੀਰਾਂ ਬਾਈ ਚਿਤੌੜ ਦੇ ਰਾਜਾ ਦੀ ਰਾਣੀ ਅਤੇ ਰਾਜਸਥਾਨ ਦੇ ਰਾਜੇ ਦੀ ਬੇਟੀ ਸੀ। ਭਗਤ ਰਵਿਦਾਸ ਜੀ ਦਾ ਜਨਮ ਇਕ ਦਲਿੱਤ ਪਰਿਵਾਰ ਵਿਚ ਉਤਰ ਪ੍ਰਦੇਸ ਦੇ ਵਾਰਾਨਸੀ ਵਿਚ 15ਵੀ ਸਤਾਬਦੀ ਸਮੇਂ ਪਿਤਾ ਸੰਤੋਖ ਦਾਸ ਦੇ ਗ੍ਰਹਿ ਅਤੇ ਸਤਿਕਾਰਯੋਗ ਮਾਤਾ ਕਲਸਾ ਦੇਵੀ ਦੀ ਸੁਲੱਖਣੀ ਕੁੱਖ ਚੋਂ ਹੋਇਆ। ਉਨਾਂ ਦੇ ਜਨਮ ਦੀ ਸਹੀ ਤਰੀਕ ਬਾਰੇ ਸਿਰਫ ਅਨੁਮਾਨ ਲਗਾਇਆ ਜਾਂਦਾ ਹੈ, ਕਰੀਬ 1376,1377 ਜਾਂ 1399 ਵਿਚ ਉਨਾਂ ਦੇ ਜਨਮ ਹੋਣ ਬਾਰੇ ਪੁਰਾਣੀਆਂ ਲਿਖਤਾਂ ਵਿਚ ਜਿਕਰ ਆਉਂਦਾ। ਉਨਾਂ ਦੇ ਪਿਤਾ ਉਸ ਸਮੇਂ ਜੁੱਤੀਆਂ?ਬਣਾਉਣ ਅਤੇ ਮੁਰੰਮਤ ਕਰਨ ਦਾ ਕੰਮ ਸੀ। ਭਗਤ ਰਵੀਦਾਸ ਜੀ ਦਲਿਤ ਸਮਾਜ ਵਿਚ ਜਨਮੇ ਤੇ ਚਮਾਰ ਜਾਤੀ ਨਾਲ ਸਬੰਧਤ ਸਨ। ਉਸ ਮੌਕੇ ਚਮਾਰ ਜਾਤੀ ਦੇ ਲੋਕਾਂ ਨੂੰ ਉਚੀ ਜਾਤੀ ਦੇ ਲੋਕਾਂ ਵੱਲੋਂ ਬਹੁਤ ਹੀ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ। ਲੇਕਿਨ ਭਗਤ ਜੀ ਬਚਪਨ ਤੋਂ ਬਹੁਤ ਹੀ ਨਿਡਰ ਸੁਭਾਅ ਦੇ ਸਨ, ਤੇ ਪ੍ਰਭੂ ਭਗਤੀ ਬਚਪਨ ਤੋਂ ਹੀ ਉਨਾਂ ਦੇ ਹਿਰਦੇ ਵਿਚ ਸਮਾਈ ਸੀ।

ਉਚ ਜਾਤੀਆਂ ਵੱਲੋਂ ਬਣਾਏ ਸਖ਼ਤ ਨਿਯਮਾਂ ਕਰਕੇ ਭਗਤ ਜੀ ਨੂੰ ਆਪਣੇ ਘਰੇਲੂ ਜੀਵਨ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਚ ਜਾਤੀ ਦੇ ਲੋਕਾਂ ਨੇ ਉਸ ਸਮੇਂ ਦੇ ਰਾਜਾ ਕੋਲ ਸਕਾਇਤ ਕੀਤੀ ਕਿ ਭਗਤ ਰਵੀਦਾਸ ਨੂੰ ਭਗਵਾਨ ਦਾ ਨਾਮ ਲੈਣ ਤੋਂ ਰੋਕਿਆ ਜਾਵੇ। ਇਨਾਂ ਸਾਰੀਆਂ ਮੁਸ਼ਕਿਲਾਂ ਦਾ ਜਿਕਰ ਉਨ੍ਹਾ ਆਪਣੀਆਂ ਲਿਖਤਾਂ ਵਿਚ ਵੀ ਕੀਤਾ ਹੈ। ਬਚਪਨ ਵਿਚ ਜਦੋਂ ਭਗਤ ਰਵੀਦਾਸ ਜੀ ਆਪਣੇ ਗੁਰੂ ਪੰਡਿਤ ਸਾਰਦਾ ਨੰਦ ਕੋਲ ਪੜਨ ਲਈ ਪਾਠਸ਼ਾਲਾ ਗਏ ਤਾਂ ਉਚ ਜਾਤੀ ਦੇ ਲੋਕਾਂ ਨੇ ਉਨਾਂ ਨੂੰ ਉਥੇ ਪੜਨ ਤੋਂ ਰੋਕਿਆ। ਪਰੰਤੂ ਪੰਡਿਤ ਸਾਰਦਾ ਨੰਦ ਨੂੰ ਜਦੋਂ ਅਹਿਸਾਸ ਹੋਇਆ ਕਿ ਰਵੀਦਾਸ ਜੀ ਬਹੁਤ ਦੂਰ ਦਿ੍ਰਸ਼ਟੀ ਰੱਖਣ ਵਾਲੇ ਇਨਸਾਨ ਹਨ ਤਾਂ ਉਨਾਂ ਰਵੀਦਾਸ ਜੀ ਨੂੰ ਪਾਠਸਾਲਾ ਵਿਚ ਦਾਖਲਾ ਦੇ ਦਿੱਤਾ ਤੇ ਪੜਾਉਣ ਲੱਗੇ।

ਪਾਠਸਾਲਾ ਵਿਚ ਪੜ੍ਹਾਈ ਦੌਰਾਨ ਪੰਡਿਤ ਸਾਰਦਾ ਨੰਦ ਦਾ ਪੁੱਤਰ ਉਨਾਂ ਦਾ ਮਿੱਤਰ ਬਣ ਗਿਆ। ਭਗਵਾਨ ਦੇ ਪ੍ਰਤੀ ਉਨਾਂ ਦੀ ਪ੍ਰੇਮ ਭਗਤੀ ਕਾਰਨ ਉਹ ਆਪਣੇ ਪਰਿਵਾਰ ਤੇ ਵਪਾਰ ਤੋਂ ਦੂਰ ਹੋ ਰਹੇ ਸਨ, ਉਨਾਂ ਦੇ ਮਾਤਾ ਪਿਤਾ ਨੇ ਭਗਤ ਜੀ ਦੇ ਮਨ ਨੂੰ ਦੁਨੀਆਂ ਵਿਚ ਲਾਉਣ ਲਈ ਉਨਾਂ ਦਾ ਵਿਆਹ ਬੀਬੀ ਲੋਨਾ ਦੇਵੀ ਨਾਲ ਕਰਵਾ ਦਿੱਤਾ। ਵਿਆਹ ਤੋਂ ਬਾਅਦ ਉਨਾਂ ਦੇ ਘਰ ਇਕ ਪੁੱਤਰ ਜਿਸ ਦਾ ਨਾਮ ਵਿਜੇਦਾਸ ਰੱਖਿਆਂ ਨੇ ਜਨਮ ਲਿਆ। ਪਰੰਤੂ ਉਹ ਫਿਰ ਵੀ ਵਪਾਰ ਵਿਚ ਧਿਆਨ ਨਹੀਂ ਲਗਾ ਪਾ ਰਹੇ ਸਨ। ਇਸ ਤੋਂ ਬਾਅਦ ਉਨਾਂ ਦੇ ਪਿਤਾ ਨੇ ਇਹ ਸੋਚਕੇ ਉਨਾਂ ਨੂੰ ਘਰ ਤੋਂ ਬਾਹਰ ਕਰ ਦਿੱਤਾ ਕਿ ਇਹ ਹੁਣ ਕਿਸ ਤਰਾਂ ਪਰਿਵਾਰ ਤੋਂ ਬਗੈਰ ਸਮਾਜਿਕ ਕੰਮਾਂ ਵਿਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਆਪਣੇ ਘਰ ਦੇ ਪਿਛਲੇ ਪਾਸੇ ਰਹਿਕੇ ਘਰੇਲੂ ਜਿੰਦਗੀ ਨੂੰ ਚਲਾਉਣ ਲਈ ਸਮਾਜਿਕ ਘਰੇਲੂ ਕੰਮਕਾਰ ਕਰਨ ਲੱਗੇ। ਉਨਾਂ ਜੀਵਨ ਭਰ ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਖਾਸਕਰ ਜਾਤ-ਪਾਤ ਖਿਲਾਫ ਅਤੇ ਅਮੀਰ ਵਰਗ ਵੱਲੋਂ ਲਤਾੜੇ ਦੱਬੇ ਕੁਚਲੇ ਆਰਥਿਕ ਪੱਖੋਂ ਕਮਜੋਰ ਗਰੀਬ ਵਰਗ ਲੋਕਾਂ ਦੇ ਬਣਦੇ ਜਾਇਜ ਹੱਕਾਂ ਲਈ ਜੋਰਦਾਰ ਸੰਘਰਸ ਕੀਤਾ।

ਭਗਤ ਜੀ ਤੀਰਥ ਯਾਤਰਾ, ਮੂਰਤੀ ਪੂਜਾ ਵਰਗੇ ਦਿਖਾਵਿਆਂ ਵਿਚ ਵਿਸ਼ਵਾਸ ਨਹੀ ਰੱਖਦੇ ਸਨ। ਉਹ ਇਨਸਾਨ ਦੀ ਅੰਦਰੂਨੀ ਸੱਚੀ ਭਾਵਨਾ ਤੇ ਆਪਸੀ ਭਾਈਚਾਰੇ ਨੂੰ ਇਨਸਾਨੀਅਤ ਦਾ ਸੱਚਾ ਧਰਮ ਮੰਨਦੇ ਸਨ। ਉਨਾਂ ਦੇ ਜੀ ਦੇ ਜੀਵਨ ਦੀਆਂ ਕਈ ਘਟਨਾਵਾਂ ਪ੍ਰਸਿੱਧ ਹਨ, ਜਿੰਨਾਂ ਵਿਚ ਇਕ ਵਾਰ ਕੁਝ ਲੋਕ ਗੰਗਾ ਇਸ਼ਨਾਨ ਕਰਨ ਜਾ ਰਹੇ ਸਨ, ਤਾਂ ਉਨਾਂ ਦੇ ਇਕ ਸਰਧਾਲੂ ਨੇ ਉਨਾਂ ਨੂੰ ਵੀ ਗੰਗਾ ਇਸ਼ਨਾਨ ਕਰਨ ਜਾਣ ਲਈ ਆਖਿਆ ਤਾਂ, ਭਗਤ ਜੀ ਨੇ ਕਿਹਾ ਮਨ ਤਾਂ ਉਨਾਂ ਦਾ ਵੀ ਕਰਦਾ ਹੈ ਕਿ ਉਹ ਗੰਗਾ ਇਸ਼ਨਾਨ ਕਰਨ ਚੱਲਣ, ਪਰ ਉਨਾਂ ਇਕ ਵਿਅਕਤੀ ਨੂੰ ਜੁੱਤੇ ਬਣਾਕੇ ਦੇਣ ਦਾ ਵਚਨ ਦਿੱਤਾ ਹੈ, ਜੇਕਰ ਉਸ ਨੂੰ ਸਮੇਂ ਸਿਰ ਜੁੱਤੇ ਬਣਾਕੇ ਨਾ ਦਿੱਤੇ ਤਾਂ, ਬਚਨ ਭੰਗ ਹੋ ਜਾਵੇਗਾ। ਗੰਗਾ ਇਸ਼ਨਾਨ ਜਾਣ ਸਮੇਂ ਮਨ ਤਾਂ ਇਥੇ ਲੱਗਾ ਰਹੇਗਾ, ਫਿਰ ਗੰਗਾ ਇਸ਼ਨਾਨ ਦਾ ਫਲ ਕਿਵੇਂ ਪ੍ਰਾਪਤ ਹੋਵੇਗਾ। ਭਗਤ ਜੀ ਆਖਦੇ ਸਨ ਜੋ ਕੰਮ ਅੰਤਰ ਆਤਮਾ ਦੀ ਅਵਾਜ ਨਾਲ ਕੀਤਾ ਜਾਵੇ, ਉਹੀ ਕਰਨਾ ਸਹੀ ਹੁੰਦਾ, ਉਹ ਕਹਿੰਦੇ ਸਨ ਅਗਰ ਸਾਡਾ ਮਨ ਸਾਫ ਹੈ ਤਾਂ ਕਠੌਤੀ ਵਿਚ ਪਏ ਜਲ ਤੋਂ ਵੀ ਗੰਗਾ ਇਸ਼ਨਾਨ ਦਾ ਫਲ ਪ੍ਰਾਪਤ ਹੋ ਸਕਦਾ।

ਇਸ ਤੋਂ ਬਾਅਦ ਇਹ ਕਹਾਵਤ ਪ੍ਰਸਿੱਧ ਹੋਈ ਕਿ ‘‘ ਮਨ ਚੰਗਾ ਤਾਂ ਕਠੌਤੀ ਵਿਚ ਗੰਗਾ’’। ਉਹ ਕਹਿੰਦੇ ਸਨ ਕਿ ਇਨਸਾਨ ਹੰਕਾਰ ਦਾ ਤਿਆਗ ਕਰਕੇ ਹੀ ਆਪਣੇ ਜੀਵਨ ਵਿਚ ਸਫਲ ਹੋ ਸਕਦਾ, ਜਿਸ ਤਰਾਂ ਵਿਸ਼ਾਲ ਕੱਦ ਦਾ ਹਾਥੀ ਸ਼ੱਕਰ ਦੇ ਕਣਾ ਨੂੰ ਨਹੀਂ ਚੁਣ ਸਕਦਾ, ਪਰੰਤੂ ਕੀੜੀ ਇਕ ਛੋਟਾ ਜੀਵ ਹੋਕੇ ਸ਼ੱਕਰ ਦੇ ਕਣਾਂ ਨੂੰ ਕਿੰਨੀ ਅਸਾਨੀ ਨਾਲ ਚੁਣ ਸਕਦੀ। ਉਨਾਂ ਵਿਚ ਸਬਰ ਸ਼ਤੋਖ ਐਨਾ ਸੀ ਕਿ ਉਹ ਕਈ ਵਾਰ ਘਰੇਲੂ ਜ਼ਿੰਦਗੀ ਨੂੰ ਚਲਾਉਣ ਲਈ ਬਣਾਏ ਜੁੱਤੇ ਕਿਸੇ ਜਰੂਤਮੰਦ ਸਾਧੂਆਂ ਵਿਚ ਵੰਡ ਦਿੰਦੇ ਸਨ। ਇਕ ਵਾਰ ਇਕ ਮਹਾਤਮਾ ਨੇ ਉਨਾਂ ਨੂੰ ਇੱਕ ਪਾਰਸ ਪੱਥਰ ਦਿੱਤਾ, ਤੇ ਪਾਰਸ ਨੂੰ ਵਰਤਣ ਦਾ ਤਰੀਕਾ ਵੀ ਦੱਸ ਦਿੱਤਾ, ਪਹਿਲਾਂ ਤਾਂ ਭਗਤ ਜੀ ਨੇ ਉਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ, ਤੇ ਜ਼ਿਆਦਾ ਜੋਰ ਪਾਉਣ ’ਤੇ ਕਿਹਾ ਕਿ ਪਾਰਸ ਨੂੰ ਇੱਥੇ ਕਿਤੇ ਛੱਪਰ ਵਿਚ ਟੰਗ ਦਿਉ। ਉਹ ਮਹਾਤਮਾ ਉਥੋਂ ਚਲੇ ਗਏ, ਪਰੰਤੂ ਜਦੋਂ ਕੁਝ ਸਮੇਂ ਬਾਅਦ ਉਹ ਮਹਾਤਮਾ ਵਾਪਿਸ ਆਏ ਤਾਂ ਉਨਾਂ ਦੀ ਹੈਰਾਨਗੀ ਦੀ ਹੱਦ ਨਾ ਰਹੀ, ਜਦੋਂ ਦੇਖਿਆ ਕਿ ਭਗਤ ਜੀ ਤਾਂ ਉਸੇ ਛੱਪਰ ਵਿਚ ਹੀ ਬੈਠੇ ਹਨ, ਜਦੋ ਕਿ ਉਹ ਤਾਂ ਨੂੰ ਅਜਿਹਾ ਪਾਰਸ ਦੇਕੇ ਗਏ ਸਨ, ਜੋ ਹੁਣ ਤੱਕ ਤਾਂ ਉਨਾਂ ਦੀ ਦੁਨਿਆਵੀ ਜਿੰਦਗੀ ਵਿੱਚ ਇੱਕ ਚਮਤਕਾਰ ਹੋ ਜਾਣਾ ਸੀ, ਤੇ ਉਨਾਂ ਦਾ ਕਾਰੋਬਾਰ ਤੇ ਸਾਰੀ ਸਥਿਤੀ ਵਿਚ ਕਾਫੀ ਵੱਡਾ ਬਦਲਾਅ ਆ ਜਾਣਾ ਚਾਹੀਦਾ ਸੀ, ਪਰੰਤੂ ਜਦੋਂ ਉਨਾਂ ਭਗਤ ਰਵੀਦਾਸ ਜੀ ਨੂੰ ਪੁੱਛਿਆ ਕਿ ਉਹ ਪਾਰਸ ਪੱਥਰ ਕਿੱਥੇ ਹੈ ਤਾਂ ਉਨਾਂ ਕਿਹਾ ਜਿਥੇ ਤੁਸੀ ਰੱਖ ਗਏ ਸੀ, ਉਥੇ ਦੇਖੋ, ਜਦ ਦੇਖਿਆ ਤਾਂ ਉਹ ਪਾਰਸ ਪੱਥਰ ਉਥੇ ਹੀ ਪਿਆ ਸੀ।

ਉਨਾਂ ਨੇ ਬੇਗਮਪੁਰ ਸਹਿਰ ਨੂੰ ਬਣਾਉਣ ਦਾ ਬੀੜਾ ਉਠਾਇਆ ਅਤੇ ਲੋਕਾਂ ਨੂੰ ਭਗਤੀ ਮਾਰਗ ਦਾ ਰਾਹ ਦਿਖਾਇਆ। ਬੇਗਮਪੁਰ ਸਹਿਰ ਨੂੰ ਉਨ੍ਹਾਂ ਨੇ ਆਪਣੇ ਦੋਹਿਆ ਰਾਹੀ ਇਕ ਆਦਰਸ਼ ਸ਼ਹਿਰ ਦੇ ਰੂਪ ਵਿਚ ਬਿਨਾਂ ਮੁਸ਼ਕਿਲਾਂ ਤੇ ਬਗੈਰ ਡਰ, ਬਿਨਾ ਕਿਸੇ ਜਾਤੀ ਭੇਦਭਾਵ ਤੇ ਗਰੀਬੀ ਵਾਲਾ ਸਹਿਰ ਦੱਸਿਆ। ਉਨਾਂ ਆਖਿਆ ਕਿ ਇਸ ਸ਼ਹਿਰ ਵਿੱਚ ਨਾ ਕੋਈ ਕਰ ਦਿੰਦਾ ਹੈ,ਨਾ ਕੋਈ ਚਿੰਤਾ ਤੇ ਨਾ ਕੋਈ ਦਹਿਸ਼ਤ ਜਾਂ ਡਰ ਵਾਲੀ ਗੱਲ ਹੈ। ਭਗਤ ਰਵੀਦਾਸ ਨੇ ਹਮੇਸਾਂ ਹੀ ਸਮਾਜ ਦੇ ਲੋਕਾਂ ਨੂੰ ਆਪਸ ਵਿਚ ਰਲ ਮਿਲਕੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਪ੍ਰੇਰਤ ਕੀਤਾ। ਉਨਾਂ ਨੇ ਆਪਣੇ ਜੀਵਨ ਦੇ ਗੁਜਾਰੇ ਲਈ ਜੁੱਤੇ ਅਤੇ ਚੱਪਲਾਂ ਬਣਾਕੇ ਹੱਕ ਹਲਾਈ ਦੀ ਕਮਾਈ ਕੀਤੀ। ਉੋਨਾਂ ਦਲਿਤ ਸਮਾਜ ਦੇ ਲੋਕਾਂ ਨੂੰ ਅਧਿਆਤਮਕ ਸੰਦੇਸ ਵੀ ਦਿੱਤਾ, ਜਿਸ ਨਾਲ ਉਹ ਜਾਤ-ਪਾਤ ਤੇ ਭੇਦ-ਭਾਵ ਨਾਲ ਜੁੜੀਆਂ ਮੁਸ਼ਕਿਲਾਂ ਦਾ ਸਾਹਮਣਾ ਅਸਾਨੀ ਨਾਲ ਕਰ ਸਕਣ। ਉਨਾਂ ਦਾ ਮੰਨਣਾ ਸੀ ਕਿ ਸਮਾਜ ਦੇ ਲੋਕਾਂ ਨੂੰ ਲੋੜ ਤੋਂ ਜਿਆਦਾ ਲਾਲਚ ਨਹੀਂ ਕਰਨਾ ਚਾਹੀਦਾ, ਕਿਉਂਕਿ ਲਾਲਚ ਜਿਆਦਾ ਦੇਰ ਤੱਕ ਸਥਾਈ ਨਹੀਂ ਰਹਿੰਦਾ।

ਉਨ੍ਹਾਂ ਦੀਆਂ ਸਿਖਿਆਵਾਂ ਅਨੁਸਾਰ ਭਗਵਾਨ ਇਕ ਹੈ ਤੇ ਉਹ ਸਰਵ ਸ਼ਕਤੀਮਾਨ ਹੈ। ਮਨੁੱਖ ਦੀ ਆਤਮਾ ਪ੍ਰਮਾਤਮਾ ਦਾ ਇਕ ਅੰਸ਼ ਹੈ। ਭਗਤ ਰਵੀਦਾਸ ਜੀ ਨੇ ਇਨਾਂ ਸਮਾਜਿਕ ਧਾਰਨਾਵਾਂ ਕਿ ਛੋਟੀ ਜਾਤੀ ਦੇ ਲੋਕ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ ਦਾ ਜੋਰਦਾਰ ਖੰਡਨ ਕੀਤਾ, ਉਨਾਂ ਦਾ ਕਹਿਣਾ ਸੀ ਕਿ ਜੋ ਮਨੁੱਖ ਉਸ ਪ੍ਰਮਾਤਮਾ ਨੂੰ ਸੱਚੇ ਹਿਰਦੇ ਨਾਲ ਯਾਦ ਕਰਦਾ ਹੈ, ਉਹ ਕਿਸੇ ਨਾ ਕਿਸੇ ਰੂਪ ਵਿਚ ਪ੍ਰਮਾਤਮਾ ਨੂੰ ਆਪਣੇ ਅੰਦਰ ਬਾਹਰ ਮਹਿਸੂਸ ਕਰ ਸਕਦਾ। ਉਹ ਕਹਿੰਦੇ ਸਨ ਕਿ ਲੋਕਾਂ ਨੂੰ ਧਰਮ ਦੇ ਨਾਮ ਤੇ ਜਾਤੀ ਭੇਦਭਾਵ ਨਹੀਂ ਕਰਨਾ ਚਾਹੀਦਾ, ਕਿਉਂਕ ਮਨੁੱਖ ਜਾਤੀ ਧਰਮ ਤੋਂ ਨਹੀਂ ਜਾਣਿਆ ਜਾਂਦਾ, ਉਹ ਸਿਰਫ ਆਪਣੇ ਕਰਮਾਂ ਨਾਲ ਜਾਣਿਆ ਜਾਂਦਾ।

ਰਵੀਦਾਸ ਜੀ ਨੇ ਸਮਾਜ ਵਿਚ ਸੁਧਾਰ ਲਿਆਉਣ ਲਈ ਛੂਤ-ਛਾਤ ਅਤੇ ਭੇਦਭਾਵ ਨੂੰ ਖਤਮ ਕਰਨ ਦਾ ਨਿਸਚਾ ਕੀਤਾ, ਜਿਸ ਵਿਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ। ਉਹ ਲੋਕਾਂ ਨੂੰ ਸੰਦੇਸ ਦਿੰਦੇ ਸਨ, ਕਿ ਭਗਵਾਨ ਨੇ ਮਨੁੱਖ ਨੂੰ ਬਣਾਇਆ ਹੈ, ਨਾ ਕਿ ਮਨੁੱਖ ਨੇ ਭਗਵਾਨ ਨੂੰ, ਇਸ ਦਾ ਮਤਬਲ ਹਰ ਇਨਸਾਨ ਭਗਵਾਨ ਦੇ ਹੁਕਮ ਨਾਲ ਹੀ ਇਸ ਧਰਤੀ ਤੇ ਪੈਦਾ ਹੋਇਆ, ਇਸ ਲਈ ਧਰਤੀ ਤੇ ਹਰ ਇਕ ਮਨੁੱਖ ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ, ਉਸ ਦੇ ਸਾਰੇ ਅਧਿਕਾਰ ਬਰਾਬਰ ਹਨ। ਭਗਤ ਰਵੀਦਾਸ ਨੂੰ ਪੂਰੀ ਦੁਨੀਆਂ ਵਿਚ ਬੜੇ ਮਾਣ ਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ, ਪਰੰਤੂ ਪੰਜਾਬ, ਉਤਰ ਪ੍ਰਦੇਸ ਅਤੇ ਮਹਾਂਰਾਸਟਰ ਵਿਚ ਉਨਾਂ ਦੇ ਭਗਤੀ ਅੰਦੋਲਨ ਅਤੇ ਭਗਤੀ ਗੀਤਾਂ ਨੂੰ ਅਲੱਗ ਤਰੀਕੇ ਨਾਲ ਬੜਾ ਮਾਣ ਸਨਮਾਨ ਦਿੱਤਾ ਜਾਂਦਾ।

ਮੇਵਾ ਸਿੰਘ ਅਬੁੱਲਖੁਰਾਣਾ
ਜਿਲਾ ਸ੍ਰੀ ਮੁਕਤਸਰ ਸਾਹਿਬ, ਮੋ: 9872600923

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ