ਏਕਤਾ ਤੇ ਭਾਈਚਾਰੇ ਦੇ ਹਮਾਇਤੀ ਭਗਤ ਰਵੀਦਾਸ ਜੀ
ਭਗਤ ਰਵੀਦਾਸ ਜੀ ਉਨ੍ਹਾਂ ਸੰਤ-ਮਹਾਤਮਾਂ ਵਿਚੋਂ ਹਨ, ਜਿਨ੍ਹਾਂ ਨੇ ਆਪਣੇ ਰੂਹਾਨੀ ਵਰਤਾਰੇ ਨਾਲ ਸੰਸਾਰ ਭਰ ਨੂੰ ਏਕਤਾ ਅਤੇ ਭਾਈਚਾਰੇ ਦੀ ਲੜੀ ’ਚ ਪਿਰੋਂਦਿਆਂ ਸਮਾਜ ਅੰਦਰ ਫੈਲੇ ਪਾਖੰਡਾਂ ਦਾ ਪਰਦਾਫਾਸ਼ ਕੀਤਾ। ਭਗਤ ਰਵੀਦਾਸ ਜੀ 15ਵੀਂ ਸ਼ਤਾਬਦੀ ਦੇ ਭਗਤ ਅੰਦੋਲਨ ਦੇ ਮਹਾਨ ਗੁਰੂ ਭਗਤ ਸਨ। ਉਨ੍ਹਾਂ ਦਾ ਜਨਮ ਇੱਕ ਦਲਿਤ ਪਰਿਵਾਰ ਵਿਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ’ਚ 15ਵੀ ਸ਼ਤਾਬਦੀ ਦੇਸੀ ਮਹੀਨੇ ਮਾਘ ਦੀ ਪੂਰਨਮਾਸ਼ੀ ਸੰਮਤ 1433 ਨੂੰ ਪਿਤਾ ਸੰਤੋਖ ਦਾਸ ਦੇ ਗ੍ਰਹਿ ਤੇ ਮਾਤਾ ਕਲਸਾ ਦੇਵੀ ਦੀ ਕੁੱਖੋਂ ਹੋਇਆ। ਉਂਜ ਉਨ੍ਹਾਂ ਦੀ ਜਨਮ ਤਰੀਕ ਬਾਰੇ ਕੋਈ ਸਹੀ ਅਨੁਮਾਨ ਨਹੀਂ ਮਿਲਦਾ ਅੰਦਾਜਨ ਉਨ੍ਹਾਂ ਦਾ ਜਨਮ 1376, 1377 ਜਾਂ 1399 ਵਿਚ ਹੋਇਆ ਪਤਾ ਲੱਗਦਾ ਹੈ। ਉਨ੍ਹਾਂ ਦੇ ਪਿਤਾ ਰਾਜਾ ਨਗਰ ਮੱਲ ਦੇ ਰਾਜ ਦੇ ਸਰਪੰਚ ਸਨ। ਉਸ ਸਮੇਂ ਉਨ੍ਹਾਂ ਦਾ ਖੁਦ ਜੋੜੇ ਬਣਾਉਣ ਤੇ ਮੁਰੰਮਤ ਕਰਨ ਦਾ ਆਪਣਾ ਕੰਮਕਾਰ ਸੀ।
ਭਗਤ ਜੀ ਬਚਪਨ ਤੋਂ ਬਹੁਤ ਹੀ ਨਿੱਡਰ ਸੁਭਾਅ ਦੇ ਸਨ, ਪ੍ਰਭੂ ਭਗਤੀ ਬਚਪਨ ਤੋਂ ਹੀ ਉਨ੍ਹਾਂ ਦੇ ਹਿਰਦੇ ਵਿਚ ਸਮਾਈ ਸੀ।
ਬਚਪਨ ਵਿਚ ਭਗਤ ਰਵੀਦਾਸ ਜੀ ਆਪਣੇ ਗੁਰੂ ਪੰਡਿਤ ਸ਼ਾਰਦਾ ਨੰਦ ਕੋਲ ਪੜ੍ਹਨ ਲਈ ਪਾਠਸ਼ਾਲਾ ਗਏ ਤਾਂ ਕੁਝ ਉੱਚੀ ਜਾਤੀ ਦੇ ਲੋਕਾਂ ਉਨ੍ਹਾਂ ਨੂੰ (ਦਲਿਤ ਸਮਾਜ) ਨਾਲ ਜੁੜੇ ਹੋਣ ਕਰਕੇ ਉੱਥੇ ਪੜ੍ਹਨ ਤੋਂ ਰੋਕ ਦਿੱਤਾ। ਪਰੰਤੂ ਪੰਡਿਤ ਸ਼ਾਰਦਾ ਨੰਦ ਨੂੰ ਜਦੋਂ ਅਹਿਸਾਸ ਹੋਇਆ ਕਿ ਰਵੀਦਾਸ ਜੀ ਬਹੁਤ ਦੂਰ ਦ੍ਰਿਸ਼ਟੀ ਸੋਚ ਰੱਖਣ ਵਾਲੇ ਹਨ ਤਾਂ ਉਨ੍ਹਾਂ ਭਗਤ ਰਵੀਦਾਸ ਜੀ ਨੂੰ ਪਾਠਸ਼ਾਲਾ ਵਿਚ ਦਾਖਲਾ ਦੇ ਦਿੱਤਾ ਤੇ ਪੜ੍ਹਾਉਣ ਲੱਗੇ। ਪਾਠਸ਼ਾਲਾ ਵਿਚ ਪੜ੍ਹਾਈ ਦੌਰਾਨ ਪੰਡਿਤ ਸ਼ਾਰਦਾ ਨੰਦ ਦਾ ਪੁੱਤਰ ਉਨ੍ਹਾਂ ਦਾ ਮਿੱਤਰ ਬਣ ਗਿਆ। ਭਗਤ ਰਵੀਦਾਸ, ਜੋ ਖੁਦ ਜੁੱਤੇ ਬਣਾਉਣ ਦਾ ਕੰਮ ਕਰਦੇ ਸਨ, ਆਪਣੇ ਕੰਮ ਨੂੰ ਉਹ ਪੁੂਰੀ ਲਗਨ ਤੇ ਜਿੰਮੇਵਾਰੀ ਨਾਲ ਕਰਨ ਤੋਂ ਇਲਾਵਾ ਹਰ ਕੰਮ ਨੂੰ ਦਿੱਤੇ ਸਮੇਂ ਵਿਚ ਪੂਰਾ ਕਰਨ ਦਾ ਯਤਨ ਕਰਦੇ ਸਨ।
ਉਨ੍ਹਾਂ ਸੰਤ ਰਾਮਾਨੰਦ ਦੇ ਸ਼ਿਸ਼ ਬਣ ਕੇ ਉਨ੍ਹਾਂ ਤੋਂ ਅਧਿਆਤਮਕ ਗਿਆਨ ਪ੍ਰਾਪਤ ਕੀਤਾ। ਪੁਰਾਣੀ ਲਿਖਤ ਅਨੁਸਾਰ, ਭਗਤ ਰਵੀਦਾਸ ਨੇ ਭਗਤ ਕਬੀਰ ਜੀ ਦੇ ਕਹਿਣ ’ਤੇ ਹੀ ਰਾਮਾਨੰਦ ਜੀ ਨੂੰ ਰੂਹਾਨੀ ਗੂਰੂ ਧਾਰਨ ਕੀਤਾ ਸੀ, ਜਦ ਕਿ ਵਾਸਤਵ ਵਿਚ ਉਨ੍ਹਾਂ ਦੇ ਅਧਿਆਤਮਕ ਗੁਰੂ ਭਗਤ ਕਬੀਰ ਜੀ ਹੀ ਸਨ। ਰਵੀਦਾਸ ਜੀ ਬਚਪਨ ਤੋਂ ਦਿਆਲੂ ਤੇ ਪਰਉਪਕਾਰੀ ਸੁਭਾਅ ਦੇ ਮਾਲਕ ਸਨ, ਦੂਸਰਿਆਂ ਦੀ ਸਹਾਇਤਾ ਕਰਨਾ ਉਨ੍ਹਾਂ ਦਾ ਪੱਕਾ ਸੁਭਾਅ ਬਣ ਚੁੱਕਾ ਸੀ। ਸਾਧੂ-ਸੰਤਾਂ ਦੀ ਸਹਾਇਤਾ ਕਰਨ ਨਾਲ ਉਨ੍ਹਾਂ ਨੂੰ ਵਿਸ਼ੇਸ ਅਨੰਦ ਮਿਲਦਾ ਸੀ। ਭਗਵਾਨ ਦੇ ਪ੍ਰਤੀ ਉਨ੍ਹਾਂ ਦੀ ਪੇਮ ਭਗਤੀ ਕਾਰਨ ਉਹ ਆਪਣੇ ਪਰਿਵਾਰ ਤੇ ਵਪਾਰ ਤੋਂ ਦੂਰ ਹੋ ਰਹੇ ਸਨ,
ਇਹ ਦੇਖ ਕੇ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਦਾ ਵਿਆਹ ਲੋਨਾ ਦੇਵੀ ਨਾਲ ਕਰਵਾਇਆ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਪੁੱਤਰ, ਜਿਸ ਦਾ ਨਾਂਅ ਵਿਜੇਦਾਸ ਰੱਖਿਆ, ਨੇ ਜਨਮ ਲਿਆ। ਵਿਆਹ ਤੋਂ ਬਾਅਦ ਵੀ ਉਹ ਆਪਣੇ ਪਰਿਵਾਰ ਤੇ ਵਪਾਰ ਵਿਚ ਧਿਆਨ ਨਹੀਂ ਲਾ ਪਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਇਸ ਲਈ ਘਰ ਤੋਂ ਬਾਹਰ ਕਰ ਦਿੱਤਾ ਕਿ ਦੇਖਦੇ ਹਾਂ ਕਿ ਇਹ ਕਿਸ ਤਰ੍ਹਾਂ ਪਰਿਵਾਰ ਤੋਂ ਬਗੈਰ ਸਮਾਜਿਕ ਕੰਮ ਕਰਨਗੇ।
ਇਸ ਤੋਂ ਬਾਅਦ ਉਹ ਆਪਣੇ ਘਰ ਦੇ ਪਿਛਲੇ ਪਾਸੇ ਰਹਿ ਕੇ ਆਪਣੇ ਸਮਾਜਿਕ ਕੰਮ ਕਰਨ ਲੱਗੇ। ਭਗਤ ਰਵੀਦਾਸ ਜੀ ਨੇ ਬੇਗਮਪੁਰ ਸ਼ਹਿਰ ਦਾ ਬੀੜਾ ਵੀ ਉਠਾਇਆ। ਬੇਗਮਪੁਰ ਸ਼ਹਿਰ ਨੂੰ ਉਨ੍ਹਾਂ ਨੇ ਇੱਕ ਆਦਰਸ਼ ਸ਼ਹਿਰ ਦੇ ਰੂਪ ਵਿਚ ਆਪਣੇ ਦੋਹਿਆਂ ਰਾਹੀਂ ਦੱਸਿਆ ਕਿ ਇੱਕ ਬਿਨਾਂ ਮੁਸ਼ਕਲਾਂ ਤੇ ਬਗੈਰ ਡਰ, ਬਿਨਾ ਕਿਸੇ ਜਾਤੀ ਭੇਦਭਾਵ ਤੇ ਗਰੀਬੀ ਵਾਲਾ ਸ਼ਹਿਰ ਹੈ। ਉਨ੍ਹਾਂ ਆਖਿਆ ਕਿ ਇਸ ਸ਼ਹਿਰ ਵਿਚ ਨਾ ਕੋਈ ਕਰ ਦਿੰਦਾ ਹੈ, ਨਾ ਕੋਈ ਚਿੰਤਾ ਤੇ ਨਾ ਕੋਈ ਦਹਿਸ਼ਤ ਜਾਂ ਡਰ ਵਾਲੀ ਗੱਲ ਹੈ। ਭਗਤ ਰਵੀਦਾਸ ਨੂੰ ਮੀਰਾ ਬਾਈ ਦਾ ਅਧਿਆਤਮਕ ਗੁਰੂ ਵੀ ਕਿਹਾ ਜਾਂਦਾ ਹੈ।
ਮੀਰਾ ਬਾਈ ਚਿਤੌੜ ਦੇ ਰਾਜਾ ਅਤੇ ਰਾਜਸਥਾਨ ਦੇ ਰਾਜੇ ਦੀ ਬੇਟੀ ਸੀ। ਉਹ ਭਗਤ ਰਵੀਦਾਸ ਜੀ ਦੇ ਅਨਮੋਲ ਵਿਚਾਰਾਂ ਤੋਂ ਕਾਫੀ ਪ੍ਰਭਾਵਿਤ ਸੀ, ਜਿਸ ਕਰਕੇ ਉਸ ਨੇ ਭਗਤ ਜੀ ਦੇ ਸਨਮਾਨ ਵਿਚ ਕੁਝ ਪੰਕਤੀਆਂ ਵੀ ਲਿਖੀਆਂ, ‘‘ਗੁਰੂ ਮਿਲਿਆ ਰਵੀਦਾਸ ਜੀ, ਦਿਨੀ ਗਿਆਨ ਕੀ ਗੁਟਕੀ, ਚੋਟ ਲਗੀ ਨਿਜਧਾਮ ਹਰੀ ਕੀ ਮਾਰੇ ਹਿਵਰੇ ਖਟਕੀ’’ ਭਗਤ ਰਵੀਦਾਸ ਜੀ ਆਪਣੇ ਸ਼ਰਧਾਲੂਆਂ ਨੂੰ ਹਮੇਸ਼ਾ ਕਹਿੰਦੇ ਸਨ, ਕਿ ਧਨ ਦਾ ਲਾਲਚ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਸਥਾਈ ਨਹੀਂ ਹੈ, ਇਸ ਲਈ ਸਖ਼ਤ ਮਿਹਨਤ ਕਰਕੇ ਜਿਉਂਦੇ ਰਹਿਣ ਲਈ ਕਮਾਉ। ਭਗਤ ਰਵੀਦਾਸ ਜੀ ਖੁਦ ਭਗਤੀ ਦੇ ਭਜਨਾਂ ਦੀ ਰਚਨਾ ਕਰਦੇ ਅਤੇ ਆਪਣੀ ਮਿੱਠੀ ਅਵਾਜ ਵਿਚ ਗਾਉਂਦੇ ਵੀ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਰਾਮ, ਕ੍ਰਿਸ਼ਨ, ਕਰੀਮ, ਰਾਘਵ ਆਦਿ ਸਭ ਇੱਕ ਪਰਮਾਤਮਾ ਦੇ ਵੱਖ-ਵੱਖ ਨਾਮ ਹਨ। ਵੇਦ, ਕੁਰਾਨ, ਪੁਰਾਣ ਆਦਿ ਗਰੰਥਾਂ ਵਿਚ ਇੱਕ ਪਰਮਾਤਮਾ ਦਾ ਗੁਣਗਾਨ ਕੀਤਾ ਗਿਆ ਹੈ।
ਉਨ੍ਹਾਂ ਦਾ ਇਹ ਵਿਸ਼ਵਾਸ ਸੀ ਕਿ ਈਸ਼ਵਰ ਦੀ ਭਗਤੀ ਕਰਨ ਲਈ ਸਦਾਚਾਰ, ਪਰਹਿੱਤ ਭਾਵਨਾ ਅਤੇ ਸ਼ੁਧ ਵਿਹਾਰ ਦਾ ਪਾਲਣ ਕਰਨਾ ਅਤਿ ਜਰੂਰੀ ਹੋਣਾ ਚਾਹੀਦਾ। ਉਹ ਕਹਿੰਦੇ ਸਨ ਜੋ ਇਨਸਾਨ ਆਪਣੇ ਸਰੀਰ ਅੰਦਰੋਂ ਹਉਮੇ ਤੇ ਹੰਕਾਰ ਨੂੰ ਜੀਰੋ ਕਰ ਲੈਂਦਾ, ਉਹ ਹੀ ਵਿਅਕਤੀ ਜੀਵਨ ਅੰਦਰ ਹਰ ਖੇਤਰ ਵਿਚ ਸਫਲਤਾ ਹਾਸਲ ਕਰਨ ਵਿਚ ਕਾਮਯਾਬ ਹੁੰਦਾ। ਉਦਾਹਰਨ ਵਿਚ ਕਹਿੰਦੇ ਹਨ ਇੱਕ ਹਾਥੀ ਦਾ ਅਕਾਰ ਤਾਂ ਬਹੁਤ ਵੱਡਾ ਹੁੰਦਾ ਹੈ, ਪਰ ਉਹ ਸ਼ੱਕਰ ਦੇ ਕਣਾਂ ਨੂੰ ਚੁਣ ਨਹੀਂ ਸਕਦਾ, ਜਦੋਂਕਿ ਹਾਥੀ ਦੇ ਮੁਕਾਬਲੇ ਕੀੜੀ ਬੜੀ ਅਸਾਨੀ ਨਾਲ ਕਣਾਂ ਨੂੰ ਚੁਣ ਲੈਂਦੀ ਹੈ। ਇਸ ਪ੍ਰਕਾਰ ਹੰਕਾਰ ਤੇ ਵੱਡੇਪਣ ਨੂੰ ਤਿਆਗਣ ਵਾਲਾ ਵਿਅਕਤੀ ਹੀ ਈਸ਼ਵਰ ਦਾ ਭਗਤ ਕਹਾਉਣ ਦੇ ਕਾਬਲ ਹੁੰਦਾ।
ਉਸ ਸਮੇਂ ਉਨ੍ਹਾਂ ਦੇ ਲਿਖੇ ਭਜਨਾਂ ਤੇ ਉਪਦੇਸ਼ਾਂ ਨਾਲ ਲੋਕਾਂ ਨੂੰ ਅਜਿਹੀ ਸਿੱਖਿਆ ਮਿਲਦੀ ਸੀ, ਜਿਸ ਨਾਲ ਲੋਕਾਂ ਦੇ ਸ਼ੰਕਿਆਂ ਦਾ ਸੰਤੋਸ਼ਜਨਕ ਹੱਲ ਨਿੱਕਲ ਆਉਂਦਾ ਸੀ, ਇਸ ਕਰਕੇ ਹੀ ਲੋਕ ਉਨ੍ਹਾਂ ਦੇ ਸ਼ਰਧਾਲੂ ਬਣ ਜਾਂਦੇ ਸਨ। ਇੱਕ ਵਾਰ ਪੰਡਿਤ ਗੰਗਾ ਰਾਮ ਜੀ ਕੁੰਭ ਮੇਲੇ ’ਤੇ ਗੰਗਾ ਇਸ਼ਨਾਨ ਕਰਨ ਜਾ ਰਹੇ ਸਨ, ਤੇ ਉਨ੍ਹਾਂ ਭਗਤ ਰਵੀਦਾਸ ਜੀ ਨੂੰ ਨਾਲ ਚੱਲਣ ਲਈ ਕਿਹਾ ਤਾਂ ਰਵੀਦਾਸ ਜੀ ਨੇ ਕਿਹਾ ਕਿ ਉਹ ਗੰਗਾ ਇਸ਼ਨਾਨ ਲਈ ਜਾਣਾ ਤਾਂ ਚਾਹੁੰਦੇ ਹਨ, ਪਰ ਗੰਗਾ ਇਸ਼ਨਾਨ ਜਾਣ ਸਮੇਂ ਮਨ ਤਾਂ ਇੱਥੇ ਕੰਮ ਵਿਚ ਲੱਗਿਆ ਰਹੇਗਾ, ਫਿਰ ਗੰਗਾ ਇਸ਼ਨਾਨ ਦਾ ਪੁੰਨ ਕਿਵੇਂ ਪ੍ਰਾਪਤ ਹੋਵੇਗਾ? ਉਨ੍ਹਾਂ ਕਿਹਾ ਕਿ ਉਹੀ ਕੰਮ ਕਰਨਾ ਉਚਿਤ ਹੁੰਦਾ, ਜਿਹਦੇ ਲਈ ਅੰਦਰੋਂ ਪੱਕਾ ਇਰਾਦਾ ਹੋਵੇ। ਉਨ੍ਹਾਂ ਦਾ ਕਹਿਣਾ ਸੀ, ਅਗਰ ਸਾਡਾ ਮਨ ਸਹੀ ਹੈ ਤਾਂ ਕਠੌਤੀ ਵਿਚਲੇ ਜਲ ਵਿਚੋਂ ਹੀ ਗੰਗਾ ਇਸ਼ਨਾਨ ਦਾ ਫਲ ਪ੍ਰਾਪਤ ਹੋ ਸਕਦਾ।
ਇਸ ਲਈ ਉਸ ਸਮੇਂ ਭਗਤ ਜੀ ਨੇ ਕਿਹਾ ‘‘ਮਨ ਚੰਗਾ ਤੋ ਕਠੌਤੀ ਮੇ ਗੰਗਾ’’ ਇਤਿਹਾਸ ਵਿਚ ਦੱਸਿਆ ਜਾਂਦਾ ਕਿ ਬਾਬਰ ਮੁਗਲ ਸਾਮਰਾਜ ਦਾ ਪਹਿਲਾ ਰਾਜਾ ਸੀ, ਉਹ ਭਗਤ ਰਵੀਦਾਸ ਜੀ ਦੇ ਰੂਹਾਨੀ ਵਿਚਾਰਾਂ ਤੋਂ ਪੂਰੀ ਤਰ੍ਹਾਂ ਵਾਕਿਫ ਸੀ, ਇੱਕ ਵਾਰ ਉਹ ਹੁਮਾਯੂੰ ਦੇ ਨਾਲ ਉਨ੍ਹਾਂ ਨੂੰ ਮਿਲ ਕੇ ਅਸ਼ੀਰਵਾਦ ਲੈਣ ਆਇਆ ਤਾਂ ਜਿਵੇਂ ਹੀ ਉਸ ਨੇ ਭਗਤ ਜੀ ਦੇ ਪੈਰਾਂ ਨੂੰ ਹੱਥ ਲਾ ਕੇ ਅਸ਼ੀਰਵਾਦ ਲੈਣਾ ਚਾਹਿਆ ਤਾਂ, ਉਸ ਨੂੰ ਅਸ਼ੀਰਵਾਦ ਦੇਣ ਦੀ ਬਜਾਏ ਭਗਤ ਰਵੀਦਾਸ ਜੀ ਨੇ ਬਾਬਰ ਨੂੰ ਬੜੇ ਹੀ ਸਖ਼ਤ ਬਚਨ ਬੋਲੇ, ਕਿਉਂਕਿ ਭਗਤ ਜੀ ਜਾਣਦੇ ਸਨ ਕਿ ਬਾਬਰ ਨੇ ਆਪਣੇ ਰਾਜ ਵਿਚ ਕਾਫੀ ਮਾਸੂਮ ਤੇ ਬੇਗੁਨਾਹ ਲੋਕਾਂ ਦੀਆਂ ਅਨਮੋਲ ਜਾਨਾਂ ਲਈਆਂ ਸਨ।
ਇਸ ਘਟਨਾ ਤੋਂ ਬਾਅਦ ਬਾਬਰ ਦਾ ਹਿਰਦਾ ਐਸਾ ਬਦਲਿਆ ਕਿ ਉਹ ਦਿੱਲੀ ਤੇ ਆਗਰਾ ਵਿਚ ਸਮਾਜਿਕ ਬੁਰਾਈਆਂ ਵਿਰੁੱਧ ਸਮਾਜ ਭਲਾਈ ਦੇ ਸੇਵਾ ਕਾਰਜਾਂ ਵਿਚ ਲੱਗ ਗਿਆ। ਭਗਤ ਜੀ ਨੇ ਸਮਾਜ ਅੰਦਰ ਲੋਕਾਂ ਨੂੰ ਆਪਸ ਵਿਚ ਰਲ-ਮਿਲ ਕੇ ਭਾਈਚਾਰਕ ਸਾਂਝ ਬਣਾ ਕੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀਆਂ ਲਿਖਤਾਂ ਤੇ ਦੋਹਿਆਂ ਨੂੰ ਲੋਕ ਅੱਜ ਵੀ ਪੂਰਾ ਮਾਣ ਤੇ ਸਤਿਕਾਰ ਦਿੰਦੇ ਹਨ। ਉਹ ਜਾਤ-ਪਾਤ ਦੇ ਭੇਦ-ਭਾਵ ਨੂੰ ਨਹੀਂ ਸਨ ਮੰਨਦੇ। ਉਹ ਜਿੰਦਗੀ ਭਰ ਸਮਾਜ ਵਿਚੋਂ ਜਾਤ-ਪਾਤ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਅਣਥੱਕ ਯਤਨ ਕਰਦੇ ਰਹੇ। ਉਹ ਇੱਕ ਮਹਾਨ ਸੰਤ, ਦਾਰਸ਼ਨਿਕ, ਕਵੀ ਅਤੇ ਸਮਾਜ ਸੁਧਾਰਕ ਵੀ ਸਨ।
ਭਗਤ ਰਵੀਦਾਸ ਜੀ ਨੇ ਆਪਣੇ ਜੀਵਨ ਦੇ ਗੁਜ਼ਾਰੇ ਲਈ ਜੁੱਤੇ ਅਤੇ ਚੱਪਲਾਂ ਬਣਾ ਕੇ ਹੱਕ ਹਲਾਈ ਦੀ ਕਮਾਈ ਕੀਤੀ। ਭਗਤ ਰਵੀਦਾਸ ਨੇ ਦਲਿਤ ਸਮਾਜ ਦੇ ਲੋਕਾਂ ਨੂੰ ਅਧਿਆਤਮਕ ਸੰਦੇਸ਼ ਦਿੱਤਾ, ਜਿਸ ਨਾਲ ਉਹ ਜਾਤ-ਪਾਤ ਤੇ ਭੇਦ-ਭਾਵ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਅਸਾਨੀ ਨਾਲ ਕਰ ਸਕਣ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਮਨੁੱਖ ਉਸ ਪਰਮਾਤਮਾ ਨੂੰ ਸੱਚੇ ਹਿਰਦੇ ਨਾਲ ਯਾਦ ਕਰਦਾ ਹੈ ਤਾਂ ਉਹ ਕਿਸੇ ਨਾ ਕਿਸੇ ਰੂਪ ਵਿਚ ਪਰਮਾਤਮਾ ਨੂੰ ਆਪਣੇ ਅੰਦਰ ਬਾਹਰ ਮਹਿਸੂਸ ਕਰ ਸਕਦਾ। ਉਹ ਲੋਕਾਂ ਨੂੰ ਸਮਝਾਉਂਦੇ ਸਨ ਕਿ ਲੋਕ ਧਰਮ ਦੇ ਨਾਂਅ ਉਪਰ ਜਾਤੀ ਭੇਦਭਾਵ ਕਰਦੇ ਹਨ, ਉਨਾਂ ਨੇ ਖੁਦ ਵੀ ਜਾਤੀ ਭੇਦਭਾਵ ਦਾ ਸਾਹਮਣਾ ਡੱਟ ਕੇ ਕੀਤਾ, ਅਤੇ ਧਰਮ ਦੀ ਅਸਲੀ ਪਰਿਭਾਸ਼ਾ ਬਾਰੇ ਵਿਸਥਾਰਪੂਰਵਕ ਲੋਕਾਂ ਨੂੰ ਸਮਝਾਇਆ।
ਉਹ ਲੋਕਾਂ ਨੂੰ ਸੰਦੇਸ਼ ਦਿੰਦੇ ਸਨ ਕਿ ਭਗਵਾਨ ਨੇ ਮਨੁੱਖ ਨੂੰ ਬਣਾਇਆ ਹੈ, ਨਾ ਕਿ ਮਨੁੱਖ ਨੇ ਭਗਵਾਨ ਨੂੰ, ਇਸ ਦਾ ਮਤਲਬ ਹਰ ਇਨਸਾਨ ਭਗਵਾਨ ਦੇ ਹੁਕਮ ਨਾਲ ਹੀ ਇਸ ਧਰਤੀ ’ਤੇ ਪੈਦਾ ਹੋਇਆ, ਧਰਤੀ ’ਤੇ ਹਰ ਇੱਕ ਮਨੁੱਖ ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ, ਉਸ ਦੇ ਸਾਰੇ ਅਧਿਕਾਰ ਬਰਾਬਰ ਹਨ। ਵੈਸੇ ਤਾਂ ਭਗਤ ਰਵੀਦਾਸ ਜੀ ਨੂੰ ਪੂਰੀ ਦੁਨੀਆਂ ਵਿਚ ਬੜੇ ਮਾਣ ਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ, ਪਰੰਤੂ ਪੰਜਾਬ, ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਉਨ੍ਹਾਂ ਦੇ ਭਗਤੀ ਅੰਦੋਲਨ ਅਤੇ ਭਗਤੀ ਗੀਤਾਂ ਨੂੰ ਅਲੱਗ ਤਰੀਕੇ ਨਾਲ ਬੜਾ ਮਾਣ-ਸਨਮਾਨ ਦਿੱਤਾ ਜਾਂਦਾ।
ਉਸ ਸਮੇਂ ਉੱਚ ਜਾਤੀ ਦੇ ਲੋਕਾਂ ਨੇ ਉਸ ਸਮੇਂ ਦੇ ਰਾਜਾ ਕੋਲ ਸ਼ਿਕਾਇਤ ਕੀਤੀ ਕਿ ਭਗਤ ਰਵੀਦਾਸ ਨੂੰ ਭਗਵਾਨ ਦਾ ਨਾਮ ਲੈਣ ਤੋਂ ਰੋਕਿਆ ਜਾਵੇ। ਅੱਜ ਵੀ ਸੰਤ ਰਵੀਦਾਸ ਦੇ ਉਪਦੇਸ਼ ਤੇ ਬਾਣੀ ਸਮਾਜ ਦੇ ਕਲਿਆਣ ਲਈ ਬਹੁਤ ਮਹੱਤਵਪੂਰਤਾ ਦਾ ਕੰਮ ਕਰਦੇ ਹਨ। ਉਨ੍ਹਾਂ ਆਪਣੇ ਸ਼ੁੱਧ ਵਿਹਾਰ ਨਾਲ ਇਹ ਪ੍ਰਮਾਣਿਤ ਕੀਤਾ ਕਿ ਮਨੁੱਖ ਆਪਣੇ ਜਨਮ ਜਾਂ ਜਾਤ-ਬਰਾਦਰੀ ਨਾਲ ਕਦੇ ਵੱਡਾ ਨਹੀਂ ਹੁੰਦਾ, ਸਗੋਂ ਵਿਚਾਰਾਂ ਦੀ ਸ੍ਰੇਸ਼ਟਤਾ ਤੇ ਠੋਸ ਸ਼ੁੱਧਤਾ ਤਹਿਤ ਸਮਾਜ ਦੇ ਭਲੇ ਲਈ ਨਿਹਸਵਾਰਥ ਕੰਮ ਕਰਨ ਨਾਲ ਮਨੁੱਖ ਮਹਾਨ ਬਣਦਾ ਹੈ।
ਭਗਤ ਰਵੀਦਾਸ ਜੀ ਦੇ ਜੋਤੀ ਜੋਤ ਸਮਾਉਣ ਬਾਰੇ ਵੀ ਅੱਡ-ਅੱਡ ਲਿਖਤ ਵਿਚਾਰ ਹਨ, ਕਿ ਉਹ 120 ਤੋਂ 126 ਸਾਲ ਦੀ ਉਮਰ ਵਿਚ ਆਪਣੇ ਜਨਮ ਅਸਥਾਨ ਵਾਰਾਣਸੀ ਵਿਖੇ ਹੀ ਜੋਤੀ ਜੋਤ ਸਮਾ ਗਏ। ਅਸੀਂ ਗੁਰੂਆਂ, ਪੀਰਾਂ, ਅਵਤਾਰਾਂ, ਸੰਤ-ਮਹਾਤਮਾ, ਸੂਰਬੀਰਾਂ ਦੀਆਂ ਯਾਦਾਂ ਤਾਂ ਜਰੂਰ ਮਨਾਈਏ, ਪਰ ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਸਾਡੇ ਸਮਾਜ ’ਚੋਂ ਸਮਾਜਿਕ ਬੁਰਾਈਆਂ ਨੂੰ ਜੜੋ੍ਹਂ ਪੁੱਟਣ ਲਈ ਜੋ ਕ੍ਰਾਂਤੀਕਾਰੀ ਕਦਮ ਚੁੱਕੇ, ਸਾਨੂੰ ਵੀ ਉਨ੍ਹਾਂ ਕਦਮਾਂ ਨਾਲ ਕਦਮ ਮਿਲਾ ਕੇ ਚੱਲਣ ਦਾ ਨਿਸ਼ਚਾ ਯਾਦਾਂ ਮਨਾਉਂਦੇ ਸਮੇਂ ਕਰਨਾ ਚਾਹੀਦਾ ਹੈ, ਤਾਂ ਹੀ ਅਸੀਂ ਸਮਾਜ ਅੰਦਰੋਂ ਬੁਰਾਈਆਂ ਨੂੰ ਖਤਮ ਕਰਨ ਵੱਲ ਅੱਗੇ ਵਧ ਸਕਾਂਗੇ।
ਪ੍ਰਤੀਨਿਧ ਸੱਚ ਕਹੂੰ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 98726-00923
ਮੇਵਾ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.