ਬਿਰਧ ਆਸ਼ਰਮਾਂ ’ਚ ਰੁਲਦਾ ਬੁਢਾਪਾ ਸਾਡੀ ਨੈਤਿਕਤਾ ’ਤੇ ਸਵਾਲ

ਬਿਰਧ ਆਸ਼ਰਮਾਂ ’ਚ ਰੁਲਦਾ ਬੁਢਾਪਾ ਸਾਡੀ ਨੈਤਿਕਤਾ ’ਤੇ ਸਵਾਲ

ਅਜੋਕਾ ਜ਼ਮਾਨਾ ਭਿਆਨਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਅੱਜ ਦਾ ਇਨਸਾਨ ਨਾ ਆਪਣਾ ਫਰਜ਼ ਪਛਾਨਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਨਾ ਨਿਭਾਉਣ ਦੀ। ਪੁਰਾਣਿਆਂ ਬਜ਼ੁਰਗਾਂ ਦੇ ਉੱਤਰਿਆਂ ਚਿਹਰਿਆਂ ਵੱਲ ਵੇਖ ਬੜਾ ਦੁੱਖ ਹੁੰਦਾ ਤੇ ਵਿਚਾਰੇ ਰੋਂਦੇ ਦੱਸਦੇ ਹਨ ਕਿ ਸਾਡੇ ਸਮਿਆਂ ਵਿੱਚ ਭਾਵ ਪੁਰਾਣੇ ਸਮੇਂ ਵਿੱਚ ਲੋਕ ਮਾਪਿਆਂ ਦਾ ਦਿਲੋਂ ਸਤਿਕਾਰ ਕਰਦੇ ਸਨ ਤੇ ਆਪਣੇ ਮਾਪਿਆਂ ਦੀ ਸੇਵਾ ਕਰਨ, ਸਤਿਕਾਰ ਕਰਨ ਨੂੰ ਆਪਣਾ ਪਹਿਲਾ ਫਰਜ ਸਮਝਦੇ ਸਨ। ਉਨ੍ਹਾਂ ਦਾ ਖਿਆਲ ਸੀ ਕਿ ਮਾਪਿਆਂ ਦੀ ਸੇਵਾ ਕਰਨੀ ਸੱਚੀ ਸੇਵਾ, ਸੱਚਾ ਕਰਮ-ਧਰਮ ਹੁੰਦਾ ਹੈ
ਪਰ ਅਜੋਕੇ ਸਮੇਂ ਵਿੱਚ ਸਮਾਜ ਵਿੱਚ ਰਹਿੰਦੇ ਹੋਏ ਚਾਰੇ ਪਾਸੇ ਜੇਕਰ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਅਜੋਕੇ ਸਮੇਂ ਦੌਰਾਨ ਲੋਕ ਕਿੰਝ ਆਪਣੇ ਮਾਂ-ਬਾਪ ਪ੍ਰਤੀ ਫਰਜ, ਕਰਤਵ ਕਿਵੇਂ ਭੁੱਲਦੇ ਜਾ ਰਹੇ ਹਨ।

ਜੇਕਰ ਮਾਂ-ਬਾਪ ਆਪਣੀ ਔਲਾਦ ਨੂੰ ਉਨ੍ਹਾਂ ਦੇ ਫਰਜਾਂ ਬਾਰੇ ਜਾਣੂ ਕਰਵਾਉਂਦੇ ਹਨ ਤਾਂ ਅੱਗੋਂ ਇਹ ਨੌਜਵਾਨ ਆਪਣਾ ਫਰਜ਼ ਪਛਾਣਨ ਤੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਗਾਲੀ-ਗਲੋਚ ਕਰਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ। ਅੱਜ ਦੇ ਸਮੇਂ ਵਿੱਚ ਇਨਸਾਨ ਨੇ ਆਪਣੇ ਮਾਂ-ਬਾਪ ਨੂੰ ਘਰ ਪਿਆ ਵਾਧੂ ਬੋਝ ਹੀ ਸਮਝਿਆ ਹੋਇਆ ਹੈ

ਬੜਾ ਦੁੱਖ ਹੁੰਦਾ ਹੈ ਜਦੋਂ ਇਹ ਨੌਜਵਾਨ ਆਪਣੇ ਮਾਪਿਆਂ ਨਾਲ, ਆਪਣੇ ਬਜ਼ੁਰਗਾਂ ਨਾਲ ਮਾੜੀ-ਮਾੜੀ ਗੱਲ ’ਤੇ ਝਗੜਾ ਕਰਕੇ ਉਹਨਾਂ ਨੂੰ ਘਰਾਂ ਤੋਂ ਬਿਰਧ ਆਸ਼ਰਮਾਂ ਦਾ ਰਸਤਾ ਵਿਖਾ ਦਿੰਦੇ ਹਨ ਤੇ ਅੱਗੋਂ ਆਖਦੇ ਨੇ ਕਿ ਸਾਥੋਂ ਨ੍ਹੀਂ ਸੰਭਾਲਿਆ ਜਾਂਦਾਂ ਬੁੜ੍ਹਾ ਹੁਣ ਅਸੀਂ ਆਪਣੇ ਕੰਮ ਕਰੀਏ ਕਿ ਇਹਨੂੰ ਸੰਭਾਲੀਏ! ਵੱਡੇ-ਵੱਡੇ ਮਹਾਂਨਗਰਾਂ ਤੇ ਸ਼ਹਿਰਾਂ ਵਿੱਚ ਬਣੇ ਬਿਰਧ ਆਸ਼ਰਮਾਂ ਵਿੱਚ ਰਹਿੰਦੇ ਬਜ਼ੁਰਗ, ਜਿਨ੍ਹਾਂ ਦੇ ਚਿਹਰੇ ਆਪਣੀਆਂ ਔਲਾਦਾਂ ਵੱਲੋਂ ਦਿੱਤੇ ਦੁੱਖਾਂ ਕਾਰਨ ਮੁਰਝਾਏ ਦਿਖਾਈ ਦਿੰਦੇ ਨੇ ਤੇ ਔਲਾਦ ਵੱਲੋਂ ਦਿੱਤੇ ਜਾਣ ਵਾਲੇ ਦੁੱਖਾਂ ਦੇ ਬਦਲੇ ਵੀ ਇਹ ਬਜੁਰਗ ਆਪਣੀਆਂ ਅਜਿਹੀਆਂ ਔਲਾਦਾਂ ਨੂੰ ਦੁਆਵਾਂ ਦਿੰਦੇ ਨ੍ਹੀਂ ਥੱਕਦੇ ਕਿਉਂਕਿ ਪੁੱਤ ਚਾਹੇ ਕਪੁੱਤ ਹੋ ਜਾਵੇ ਪਰ ਮਾਪੇ ਫਿਰ ਵੀ ਇਹਨਾਂ ਲਈ ਦੁਆਵਾਂ ਹੀ ਕਰਦੇ ਹਨ।

ਅਕਸਰ ਦੇਖਣ ’ਚ ਆਉਂਦੈ ਕਿ ਬਿਰਧ ਆਸ਼ਰਮਾਂ ਵਿੱਚ ਕਈ ਬਜ਼ੁਰਗ ਤਾਂ ਜ਼ਿੰਦਗੀ ਤੇ ਮੌਤ ਦੀਆਂ ਆਖ਼ਰੀ ਘੜੀਆਂ ਗਿਣ ਰਹੇ ਹੁੰਦੇ ਹਨ ਤੇ ਨਜ਼ਰਾਂ ਬੂਹੇ ਵੱਲ ਲੱਗੀਆਂ ਹੁੰਦੀਆਂ ਕਿ ਸ਼ਾਇਦ ਭੁੱਲੀ-ਭਟਕੀ ਮੇਰੀ ਔਲਾਦ ਹੀ ਮੈਨੂੰ ਜਾਂਦਿਆਂ ਨੂੰ ਦਿਖਾਈ ਦੇ ਜਾਵੇ। ਜੇਕਰ ਵਿਰਧ ਆਸ਼ਰਮ ਵਾਲੇ ਸੁਨੇਹਾ ਵੀ ਭੇਜਦੇ ਹਨ ਤਾਂ ਪਤਾ ਲੈਣਾ ਤਾਂ ਦੂਰ ਅੱਗੋਂ ਅਜਿਹੇ ਆਪਣੇ-ਆਪ ਨੂੰ ਲੋਕਾਂ ਅੱਗੇ ਸਮਾਜ ਸੇਵੀ ਦੱਸਣ ਵਾਲੇ ਆਖ ਦਿੰਦੇ ਆ ਕਿ ਟਾਇਮ ਨ੍ਹੀਂ ਜੀ ਇੰਨਾ, ਆਪਣਾ ਬੈਂਕ ਖਾਤਾ ਨੰਬਰ ਦੱਸਿਓ ਆਪੇ ਈ ਫੂਕ ਦਿਓ, ਜਿੰਨਾ ਖਰਚਾ ਹੋਇਆ ਭੇਜ ਦਿੰਦਾਂ।
ਉਹ ਭਲੇਮਾਣਸੋ ਮਾਂ-ਬਾਪ ਨੇ ਆਪਣੀ ਔਲਾਦ ਨੂੰ ਪਾਲ-ਪੋਸ ਕੇ ਵੱਡਾ ਕੀਤਾ ਉਹ ਮਾਂ ਜਿਸ ਨੇ ਹਮੇਸ਼ਾ ਆਪ ਗਿੱਲੀ ਥਾਂ ਪੈ ਕੇ ਆਪਣੀ ਔਲਾਦ ਨੂੰ ਸੁੱਕੇ ਥਾਂ ਪਾਇਆ ਤੇ ਪੜ੍ਹਾ-ਲਿਖਾ ਕੇ ਦੁਨੀਆਂ ਵਿੱਚ ਚੰਗੇ ਕੰਮ ’ਤੇ ਲਵਾਇਆ ਸ਼ਾਇਦ ਇਹ ਉਮੀਦ ਕੀਤੀ ਹੋਵੇਗੀ ਕਿ ਇਹ ਔਲਾਦ ਸਾਡੀ ਬਜ਼ੁਰਗ ਅਵਸਥਾ ਵਿੱਚ ਡੰਗੋਰੀ ਬਣ ਸਹਾਰਾ ਦੇਵੇਗੀ। ਪਰ ਅਫਸੋਸ ਕਿ ਅਜਿਹੀਆਂ ਔਲਾਦ ਆਪਣਾ ਫਰਜ ਮੂਲੋਂ ਪਛਾੜ ਰਹੀਆਂ ਹਨ।

ਸਰਵੇਖਣ ਮੁਤਾਬਿਕ 100 ਫੀਸਦੀ ’ਚੋਂ 60 ਫੀਸਦੀ ਆਸ਼ਰਮ ਸਾਡੇ ਦੇਸ਼ ਵਿੱਚ ਖੁੱਲ੍ਹ ਚੁੱਕੇ ਹਨ, ਇਨ੍ਹਾਂ ਵਿੱਚ ਰਹਿਣ ਵਾਲੇ ਬਜੁਰਗ ਮਾਂ-ਬਾਪ, ਜੋ ਔਲਾਦ ਵੱਲੋਂ ਸਤਾਏ ਮਜ਼ਬੂਰਨ ਇਨ੍ਹਾਂ ਬਿਰਧ ਆਸ਼ਰਮਾਂ ਵਿੱਚ ਰਹਿ ਰਹੇ ਹਨ, ਦੀ ਗਿਣਤੀ 80 ਫੀਸਦੀ ਹੋ ਚੁੱਕੀ ਹੈ ਜੋ ਕਿ ਦਿਨੋ- ਦਿਨ ਵਧਦੀ ਜਾ ਰਹੀ ਹੈ। ਜੋ ਮਾਂ-ਬਾਪ ਦੇ ਦਿਲ ਨੂੰ ਦੁਖਾਉਂਦਾ ਹੈ ਉਹ ਮਾਂ-ਬਾਪ ਦਾ ਨਹੀਂ ਸਗੋਂ ਪਰਮਾਤਮਾ ਦਾ ਦਿਲ ਦੁਖਾਉਣ ਦਾ ਕੰਮ ਕਰਦਾ ਹੈ। ਅੱਜ ਦਾ ਇਨਸਾਨ ਧਾਰਮਿਕ ਸਥਾਨਾਂ ’ਤੇ ਜਾ ਕੇ, ਸਮਾਜ ਸੇਵੀ ਸੰਸਥਾਵਾਂ ਬਣਾ ਕੇ ਲੋਕਾਂ ਅੱਗੇ ਆਪਣੇ-ਆਪ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ ਜਿਸ ਤਰ੍ਹਾਂ ਉਹ ਬਹੁਤ ਵੱਡੀ ਸੇਵਾ ਕਰਨ ਵਾਲਾ ਹੋਵੇ, ਓ ਭਲੇ ਮਾਣਸੋ!

ਪਹਿਲਾਂ ਘਰ ਬੈਠੇ ਮਾਪਿਆਂ ਦੀ ਸੇਵਾ ਤਾਂ ਕਰ ਲਓ! ਆਪਣੇ ਮਾਂ-ਬਾਪ ਦਾ ਦਿਲ ਦੁਖਾਉਣ ਵਾਲਿਓ ਕੁਝ ਸੋਚੋ… ਲੋਕਾਂ ਨੇ ਬਿਰਧ ਆਸ਼ਰਮ ਕਿਉਂ ਬਣਾਏ? ਉਹ ਲੋਕ ਕਿਉਂ ਤੁਹਾਡੇ ਵੱਲੋਂ ਘਰੋਂ ਕੱਢੇ ਮਾਪਿਆਂ ਦੀ ਸੇਵਾ ਕਰ ਰਹੇ ਹਨ? ਜਦੋਂ ਅਜਿਹੇ ਲੋਕਾਂ ਵੱਲ ਲੋਕ ਉਂਗਲਾਂ ਕਰ ਲਾਹਨਤਾਂ ਪਾਉਂਦੇ ਆ ਤਾਂ ਅਜਿਹੇ, ਜੋੋ ਮਾਂ-ਬਾਪ ਦੇ ਨਾ ਹੋਏ, ਕਹਿੰਦੇ ਆ ਕਿ ਬਿਰਧ ਆਸ਼ਰਮਾਂ ਵਾਲੇੇ ਤਾਂ ਬਜ਼ੁਰਗਾਂ ਨੂੰ ਆਧਾਰ ਬਣਾ ਬਿਜਨਸ ਕਰਦੇ ਹਨ। ਜੇ ਤੁਹਾਨੂੰ ਪਤਾ ਕਿ ਬਿਰਧ ਆਸ਼ਰਮਾਂ ਵਿੱਚ ਬਿਜ਼ਨੈਸ ਚਲਾਉਣ ਦੀ ਗੱਲ ਹੈ ਤਾਂ ਫਿਰ ਤੁਸੀਂ ਮਾਂ-ਬਾਪ ਨੂੰ ਘਰੋਂ ਕੱਢਦੇੇ ਕਿਉਂ ਹੋ?

ਸਾਨੂੰ ਅੱਜ ਦੀ ਇਹ ਗੰਧਲੀ ਸੋਚ ਲਗਾਤਾਰ ਘੁਣ ਵਾਂਗ ਖਾਂਦੀ ਜਾ ਰਹੀ ਹੈ। ਮਾਂ-ਬਾਪ ਦੀ ਸੇਵਾ ਕਰਨ ਦੀ ਬਜਾਏ ਦੁੱਖ ਦੇ ਰਹੇ ਹਾਂ! ਕਈ ਵਾਰ ਤਾਂ ਵੇਖੀਦਾ ਕਿ ਸੜਕਾਂ ’ਤੇ ਤੁਰੀਆਂ ਜਾਂਦੀਆਂ ਉਹ ਅਭਾਗੀਆਂ ਮਾਂਵਾਂ, ਉਹ ਅਭਾਗੇ ਬਾਪ, ਜੋ ਔਲਾਦ ਦੇ ਸਤਾਏ ਤੇ ਦਿੱਤੇ ਦੁੱਖਾਂ ਦੀ ਬਦੌਲਤ ਕਮਲਪੁਣੇ ਦਾ ਸ਼ਿਕਾਰ ਹੋਏ ਹੁੰਦੇ ਹਨ। ਜੇਕਰ ਧਰਮ ਮੁਤਾਬਕ ਵੇਖੀਏ ਤਾਂ ਇਹੀ ਸੁਣਨ ਨੂੰ, ਪੜ੍ਹਨ ਨੂੰ ਮਿਲਦਾ ਕਿ ਮਾਪਿਆਂ ਦਾ ਅਹਿਸਾਨ ਸੱਤ ਜਨਮ ਲੈ ਕੇ ਵੀ ਨਹੀਂ ਚੁਕਾਇਆ ਜਾ ਸਕਦਾ।

ਅਸੀਂ ਆਪਣੇ ਮਾਪਿਆਂ ਨੂੰ ਘਰੋਂ ਬੋਝ ਸਮਝ ਕੇ ਕੱਢ ਰਹੇ ਹਾਂ, ਕਦੇ ਪੁੱਛ ਕੇ ਵੇਖਿਓ ਉਹਨਾਂ ਲੋਕਾਂ ਨੂੰ ਜੋ ਮਾਪਿਆਂ ਨੂੰ ਗਵਾ ਚੁੱਕੇ ਹਨ
ਅਜਿਹਾ ਕਰਨ ਵਾਲੇ ਸੋਚਣ ਤੇ ਇੱਕ ਗੱਲ ਯਾਦ ਰੱਖਣ ਕਿ ‘ਜਿਹੋ-ਜਿਹਾ ਵੀ ਬੀਜੋਗੇ, ਉਹੋ-ਜਿਹਾ ਵੱਢੋਗੇ’ ਜੋ ਆਪਣੇੇ ਮਾਪਿਆਂ ਨਾਲ ਕਰ ਰਹੇ ਹੋ ਕੱਲ੍ਹ ਤੁਹਾਡੇ ਨਾਲ ਵੀ ਹੋਣਾ ਜਰੂਰ ਹੈ, ਸਮਾਂ ਕੋਈ ਬਹੁਤਾ ਦੂਰ ਨਹੀਂ ਹੁੰਦਾ ਸੋਚੋ! ਆਓ ਤੇ ਅੱਜ ਰਲ-ਮਿਲ ਕੇ ਆਪਣੀ ਸੋਚ ਬਦਲੀਏ ਤੇ ਮਾਂ-ਬਾਪ ਨੂੰ ਦੁੱਖ ਦੇਣ ਦੀ ਬਜਾਇ ਉਹਨਾਂ ਦੀ ਸੇਵਾ ਕਰੀਏ ਤੇ ਬਿਰਧ ਆਸ਼ਰਮਾਂ ਵਿੱਚ ਗਏ ਮਾਪਿਆਂ ਨੂੰ ਘਰ ਵਾਪਸ ਲਿਆਈਏ ਤੇ ਘਰਾਂ ਦੀ ਰੌਣਕ ਵਧਾਈਏ।
ਸਰਕਾਰੀ ਪ੍ਰਾਇਮਰੀ ਸਕੂਲ,
ਰਾਏਕੋਟ (ਲੁਧਿਆਣਾ)
ਮੋ. 82736-00044
ਨਾਮਪ੍ਰੀਤ ਸਿੰਘ ਗੋਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.