ਸਾਬਕਾ ਕ੍ਰਿਕਟਰ ਤੇ ਸਾਂਸਦ ਨਵਜੋਤ ਸਿੰਘ ਸਿੱਧੂ ਅੱਜ ਕੱਲ੍ਹ ਮੁੜ ਸੁਰਖੀਆਂ ਵਿੱਚ ਹਨ । ਰਾਜ ਸਭਾ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਭਾਵੇਂ ਸਿੱਧੂ ਨੇ ਅਜੇ ਆਪਣੀ ਅਗਲੀ ਚਾਲ ਨਹੀਂ ਚੱਲੀ ਪਰ ਕਿਆਸਰਾਈਆਂ ਦਾ ਬਜਾਰ ਗਰਮ ਹੈ। ਸ਼ੁਰੂ ਤੋਂ ਹੀ ਸਿੱਧੂ ਕਿਸੇ ਨਾ ਕਿਸੇ ਰੂਪ ਵਿੱਚ ਚਰਚਾ ਵਿੱਚ ਰਹੇ ਹਨ। ਸਿਆਸਤ ਵਿੱਚ ਆਉਣ ਤੋਂ ਬਾਅਦ ਸਿੱਧੂ ਨੇ ਜਿੱਥੇ ਲੋਕ ਹਿੱਤਾਂ ਲਈ ਆਵਾਜ਼ ਉਠਾਈ ਹੈ ਉਥੇ ਕਈ ਪਹਿਲੂਆਂ ਤੋਂ ਉਨ੍ਹਾਂ ਨੇ ਲੋਕਾਂ ਨੂੰ ਅਣਗੌਲਿਆਂ ਵੀ ਕੀਤਾ ਹੈ।
ਸਭ ਤੋਂ ਪਹਿਲਾਂ 2004 ਵਿੱਚ ਉਨ੍ਹਾਂ ਨੇ ਅੰਮ੍ਰਿਤਸਰ ਪਾਰਲੀਮੈਂਟ ਹਲਕੇ ਤੋਂ ਚੋਣ ਮੈਦਾਨ ਵਿੱਚ ਆ ਕੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ। ਮਾਝੇ ਦੇ ਲੋਕਾਂ ਨੇ ਸਿੱਧੂ ਨੂੰ ਪਲਕਾਂ ‘ਤੇ ਬਿਠਾਇਆ ਤੇ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਦੇ ਕਬਜ਼ੇ ਹੇਠ ਚੱਲੀ ਆ ਰਹੀ ਇਹ ਸੀਟ ਵੱਡੀਆਂ ਆਸਾਂ ਨਾਲ ਸਿੱਧੂ ਦੀ ਝੋਲੀ ਪਾਈ। ਦਸ ਸਾਲ ਹਲਕੇ ਦੇ ਸਾਂਸਦ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਜ਼ਿਆਦਾ ਸਮਾਂ ਅਕਾਲੀਆਂ ਨਾਲ ਸਿੰਗ ਫਸਾਉਣ ਵਿੱਚ ਹੀ ਗਵਾਏ ਹਨ । ਕਈ-ਕਈ ਮਹੀਨੇ ਹਲਕੇ ‘ਚੋਂ ਗਾਇਬ ਰਹਿਣਾ ਵੀ ਉਨ੍ਹਾਂ ਦੇ ਕੰਮਕਾਜ਼ ‘ਤੇ ਸਵਾਲੀਆ ਨਿਸ਼ਾਨ ਲਾਉਂਦਾ ਰਿਹਾ ਹੈ।
ਇੱਕ ਵਾਰ ਤਾਂ ਹਾਲਾਤ ਇਹ ਬਣ ਗਏ ਕਿ ਕਰੀਬ ਇੱਕ ਸਾਲ ਹਲਕੇ ‘ਚੋਂ ਗਾਇਬ ਰਹਿਣ ਕਾਰਨ ਕਾਂਗਰਸੀ ਆਗੂਆਂ ਨੇ ਸ਼ਹਿਰ ‘ਚ ‘ਸਿੱਧੂ ਗੁੰਮ ਹੈ ‘ ਦੇ ਪੋਸਟਰ ਕੰਧਾਂ ‘ਤੇ ਲਾ ਦਿੱਤੇ ਅਤੇ ਇਸ ਮਾਮਲੇ ਨੂੰ ਲੈ ਵੀ ਸਿੱਧੂ ਸੁਰਖੀਆਂ ਵਿੱਚ ਆ ਗਏ। ਇੱਥੋਂ ਤੱਕ ਕਿ ਕਾਂਗਰਸੀ ਆਗੂਆਂ ਨੇ ਇਸ਼ਤਿਹਾਰ ਵਿੱਚ ਇਹ ਵੀ ਐਲਾਨ ਕਰ ਦਿੱਤਾ ਕਿ ਜਿਹੜਾ ਵਿਅਕਤੀ ਸਿੱਧੂ ਨੂੰ ਅੰਮ੍ਰਿਤਸਰ ਲੈ ਕੇ ਆਏਗਾ ਉਸਨੂੰ ਦੋ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਪੋਸਟਰਾਂ ‘ਤੇ ਲਿਖਿਆ ਸੀ ਕਿ ‘ਆਹ ! ਸਾਂਸਦ ਸਿੱਧੂ ਤੁਮ ਨਾ ਜਾਨੇ ਕਿਸ ਜਹਾਂ ਖੋ ਗਏ!’ ਫਿਰ ਸਿੱਧੂ ਨੇ ਅੰਮ੍ਰਿਤਸਰ ਆ ਕੇ ਇੰਨਾ ਸਮਾਂ ਗਾਇਬ ਰਹਿਣ ਸਬੰਧੀ ਲੋਕਾਂ ਤੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਸਵਾਲਾਂ ਦੇ ਜਵਾਬ ਵਿੱਚ ਅਕਾਲੀ ਦਲ ‘ਤੇ ਹਮਲਾ ਬੋਲ ਦਿੱਤਾ । ਸਿੱਧੂ ਨੇ ਸਿੱਧੇ ਰੂਪ ‘ਚ ਹਮਲਾਵਾਰ ਰੁਖ ਅਖ਼ਤਿਆਰ ਕਰਦਿਆਂ ਆਪਣੀ ਹੀ ਭਾਈਵਾਲ ਪਾਰਟੀ ਅਕਾਲੀ ਦਲ ‘ਤੇ ਦੋਸ਼ ਲਾਏ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜ਼ਾਂ ਨੂੰ ਅਕਾਲੀ ਦਲ ਜਾਣ ਬੁੱਝਕੇ ਪੂਰਾ ਨਹੀਂ ਹੋਣ ਦੇਣਾ ਚਾਹੁੰਦਾ।
ਚੋਣਾਂ ਦੌਰਾਨ ਸਿੱਧੂ ਵੱਲੋਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਤੇ ਉਨ੍ਹਾਂ ‘ਚੋਂ ਬਹੁਤਿਆਂ ‘ਤੇ ਉਹ ਖਰਾ Àੁੱਤਰਿਆ। ਚਰਚਾ ਵਿੱਚ ਰਹਿਣਾ ਸ਼ਾਇਦ ਸਿੱਧੂ ਦੀ ਫਿਤਰਤ ਹੈ। ਕਤਲ ਕੇਸ ਦੇ ਮਾਮਲੇ ‘ਚ ਸਿੱਧੂ ਨੇ ਝੱਟਪੱਟ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਤਾਂ ਉਸ ਸਮੇਂ ਵੀ ਉਹ ਸੁਰਖੀਆਂ ‘ਚ ਆ ਗਏ। ਕੁਝ ਮਹੀਨੇ ਬਾਅਦ ਮੁੜ ਚੋਣ ਮੈਦਾਨ ‘ਚ ਆ ਕੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਸਿੱਧੂ ਵੱਲੋਂ ਸ਼ੁਰੂ-ਸ਼ੁਰੂ ‘ਚ ਅੰਮ੍ਰਿਤਸਰ ਦੇ ਵਿਕਾਸ ਲਈ ਪੂਰੇ ਜ਼ੋਰ ਸ਼ੋਰ ਨਾਲ ਆਵਾਜ਼ ਉਠਾਈ ਗਈ ।
ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਸਥਾਰ ਲਈ ਉਨ੍ਹਾਂ ਨੇ ਪਾਰਲੀਮੈਂਟ ‘ਚ ਆਵਾਜ਼ ਉੁਠਾਈ। ਸਿੱਧੂ ਵੱਲੋਂ ਆਪਣੀ ਜੇਬ ‘ਚੋਂ ਸ਼ਹਿਰ ਨੂੰ ਹਰਾ ਭਰਾ ਕਰਨ ਲਈ ਕਰੀਬ ਦੋ ਕਰੋੜ ਰੁਪਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਗਏ। ਸਿੱਧੂ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਅੰਮ੍ਰਿਤਸਰ ਵਿਖੇ ਐਸ.ਈ.ਜੈਡ ਪ੍ਰੋਜੈਕਟ ਲਿਆਂਦਾ, ਜਿਸ ਨਾਲ ਅਰਬ ਖਾੜੀ ਦੇ ਨਾਲ ਸਾਰਾ ਵਪਾਰ ਅੰਮ੍ਰਿਤਸਰ ਤੋਂ ਹੋਣਾ ਸੀ ।
ਉਸ ਸਮੇਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਇਹ ਪ੍ਰੋਜੈਕਟ ਸਿਰੇ ਨਾ ਚੜ੍ਹਨ ਦਿੱਤਾ। ਬਾਦਲਾਂ ਵੱਲੋਂ ਇਹ ਪ੍ਰੋਜੈਕਟ ਬਠਿੰਡੇ ਲਿਜਾਣ ਲਈ ਜ਼ੋਰ ਲਾਇਆ ਗਿਆ ਪਰ ਅਖੀਰ ਪੰਜਾਬ ਸਰਕਾਰ ਵੱਲੋਂ ਇਸ ਲਈ ਜ਼ਮੀਨ ਐਕਵਾਇਰ ਨਾ ਕਰ ਸਕਣ ਕਾਰਨ ਇਹ ਪ੍ਰੋਜੈਕਟ ਵਿਚਾਲੇ ਹੀ ਦਮ ਤੋੜ ਗਿਆ। ਸਿੱਧੂ ਵੱਲੋਂ ਅੰਮ੍ਰਿਤਸਰ ‘ਚ ਰਣਜੀਤ ਐਵੀਨਿਊ ਵਿਖੇ 75 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ ਪਰ ਤ੍ਰਾਸਦੀ ਇਹ ਰਹੀ ਕਿ ਸਟੇਡੀਅਮ ਵੀ ਅਕਾਲੀ ਦਲ ਨਾਲ ਚੱਲੇ ਝਗੜੇ ਦੀ ਭੇਂਟ ਚੜ੍ਹ ਗਿਆ।
13ਵੀਂ ਲੋਕ ਸਭਾ ਦੌਰਾਨ ਹਰ ਸਾਂਸਦ ਨੂੰ 19 ਕਰੋੜ ਰੁਪਏ ਦੀ ਰਾਸ਼ੀ ਮਨਜੂਰ ਹੋਈ ਸੀ ਜਿਸ ਵਿੱਚੋਂ ਸਿੱਧੂ ਨੇ ਸਿਰਫ਼ 9.45 ਕਰੋੜ ਹੀ ਵਰਤੇ। ਇਹ ਸਵਾਲ ਵੀ ਸਿੱਧੂ ਦੀ ਸੰਜ਼ੀਦਗੀ ‘ਤੇ Àੁੱਠਦਾ ਰਿਹਾ ਹੈ। ਆਪਣੀ ਸਰਕਾਰ ਨਾਲ ਲੋਕ ਹਿੱਤਾਂ ਲਈ ਲੜਾਈ ਲੜ ਰਿਹਾ ਸਿੱਧੂ ਆਪਣੇ ਕੋਟੇ ਦੀ ਰਾਸ਼ੀ ਵੀ ਕੇਂਦਰ ਤੋਂ ਨਹੀਂ ਲਿਆ ਸਕਿਆ। ਆਪਣੀ ਸਰਕਾਰ ‘ਤੇ ਵਾਰ ਕਰਕੇ ਸਿੱਧੂ ਜੋੜਾ ਹਮੇਸ਼ਾ ਸੁਰਖੀਆਂ ‘ਚ ਰਿਹਾ ਹੈ। ਸਿੱਧੂ ਵੱਲੋਂ ਆਪਣੀ ਹੀ ਅਕਾਲੀ ਭਾਜਪਾ ਸਰਕਾਰ ‘ਤੇ ਦੋਸ਼ ਲਾਏ ਜਾਂਦੇ ਰਹੇ ਹਨ ਕਿ ਸ਼ਹਿਰ ‘ਚ ਜਿੰਨੇ ਵੀ ਪ੍ਰੋਜੈਕਟ ਉਨ੍ਹਾਂ ਨੇ ਲਿਆਂਦੇ ਜਾਂ ਸ਼ੁਰੂ ਕਰਵਾਏ ਸਨ ਇੱਕ ਵੀ ਨੇਪਰੇ ਨਹੀਂ ਚੜ੍ਹਣ ਦਿੱਤਾ ਗਿਆ। Àਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਲਈ 219 ਕਰੋੜ ਦੇ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕੀਤੇ ਸਨ ਪਰ ਸਾਰੇ ਪੂਰੇ ਹੋਣ ਤੋਂ ਪਹਿਲਾਂ ਹੀ ਦਮ ਤੋੜ ਗਏ ਹਨ।
ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਵਿਤਕਰੇ ਸਬੰਧੀ ਸਿੱਧੂ ਨੇ ਕਦੇ ਆਰ ਜਾਂ ਪਾਰ ਦੀ ਲੜਾਈ ਨਹੀਂ ਲੜੀ। ਜਦੋਂ ਪਾਰਟੀ ਹਾਈ ਕਮਾਂਡ ਵੱਲੋਂ ਘੂਰੀ ਵੱਟੀ ਜਾਂਦੀ ਰਹੀ ਸਿੱਧੂ ਸਾਹਿਬ ਚੁੱਪ ਹੋ ਜਾਂਦੇ, ਤੇ ਫਿਰ ਕੁਝ ਸਮਾਂ ਸ਼ਾਂਤ ਰਹਿਣ ਤੋਂ ਬਾਅਦ ਕੋਈ ਨਾ ਕੋਈ ਨਵਾਂ ਧਮਾਕਾ ਕੀਤਾ ਜਾਂਦਾ ਰਿਹਾ ਹੈ। ਹੁਣ ਵੀ ਪਾਰਲੀਮੈਂਟ ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਬਾਅਦ ਸਿੱਧੂ ਸ਼ਾਂਤ ਰਹੇ ਤੇ ਫਿਰ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਪਤਨੀ ਨੇ ਆਪਣੀ ਸੋਸ਼ਲ ਸਾਈਟ ‘ਤੇ ਇੱਕ ਅਪੈਲ ਨੂੰ ਅਸਤੀਫੇ ਦਾ ਸ਼ੋਸ਼ਾ ਛੱਡ ਦਿੱਤਾ ਤੇ ਫਿਰ ਇਸ ਤੋਂ ਮੁਨਕਰ ਹੋ ਗਏ। ਇਸ ਸ਼ੋਸ਼ੇ ਕਾਰਨ ਸਿੱਧੂ ਨੂੰ ਰਾਜ ਸਭਾ ਦੀ ਮੈਂਬਰੀ ਮਿਲ ਗਈ। ਹੈਰਾਨੀ ਵਾਲੀ ਗੱਲ ਤਾ ਇਹ ਹੈ ਕਿ ਸਿੱਧੂ ਵੱਲੋਂ ਜੋ ਦੋਸ਼ ਅੱਜ ਭਾਜਪਾ ‘ਤੇ ਲਾਏ ਜਾ ਰਹੇ ਹਨ ਕਿ ਉਨ੍ਹਾਂ ਨੂੰ ਰਾਜ ਸਭਾ ਦੀ ਮੈਂਬਰੀ ਦੇਣ ਸਮੇਂ ਇਹ ਕਿਹਾ ਗਿਆ ਸੀ ਕਿ ਤੂੰ ਪੰਜਾਬ ਤੋਂ ਦੂਰ ਰਹਿਣਾ ਹੈ। ਸਿੱਧੂ ਵੱਲੋਂ ਉਸ ਸਮੇਂ ਆਵਾਜ ਨਹੀਂ ਉਠਾਈ ਗਈ ਤੇ ਅੱਜ ਕੁਝ ਮਹੀਨੇ ਬੀਤ ਜਾਣ ਬਾਅਦ ਸਿੱਧੂ ਨੇ ਰਾਜ ਸਭਾ ਛੱਡਣ ਦਾ ਐਲਾਨ ਕਰਕੇ ਧਮਾਕਾ ਕਰ ਦਿੱਤਾ।
ਇਹ ਵੀ ਪੜ੍ਹੋ : ‘‘ਨੀ ਮੈਂ ਕੱਤਾਂ ਪ੍ਰੀਤਾਂ ਨਾਲ, ਚਰਖਾ ਚੰਨਣ ਦਾ…’’
ਨਵਜੋਤ ਸਿੱਧੂ ਵੱਲੋਂ ਭਾਵੇਂ ਅੰਮ੍ਰਿਤਸਰ ਦੇ ਵਿਕਾਸ ਸਬੰਧੀ ਆਪਣੀ ਆਵਾਜ਼ ਉਠਾਈ ਜਾਂਦੀ ਰਹੀ ਹੈ ਪਰ ਜੇਕਰ ਸਰਹੱਦੀ ਖੇਤਰ ਦੀ ਗੱਲ ਕਰੀਏ ਤਾਂ ਸਿੱਧੂ ਨੇ ਉਥੋਂ ਦੇ ਲੋਕਾਂ ਲਈ ਕਦੇ ਹਾਅ ਦਾ ਨਾਅਰਾ ਨਹੀਂ ਮਾਰਿਆ। ਸਿੱਧੂ ਨੇ ਜ਼ਿਆਦਾਤਰ ਉਸ ਸਮੇਂ ਹੀ ਆਵਾਜ਼ ਉਠਾਈ ਹੈ ਜਦੋਂ ਉਸਨੂੰ ਲੱਗਾ ਹੈ ਕਿ ਉਸਦੇ ਵਜੂਦ ਨੂੰ ਕੋਈ ਖਤਰਾ ਬਣਨ ਵਾਲਾ ਹੈ। ਸਿੱਧੂ ਸਾਹਿਬ, ਹੁਣ ਸੁਰਖੀਆਂ ‘ਚ ਰਹਿਣ ਦੀ ਬਜਾਏ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੁਝ ਕਰਨ ਦਾ ਵੇਲਾ ਹੈ। ਆਪਣੀ ਬੇਬਾਕੀ ਕਾਰਨ ਹੀ ਅੱਜ ਉਹ ਲੋਕਾਂ ਦੇ ਦਿਲਾਂ ‘ਚ ਵੱਸੇ ਹਨ।
ਸਿੱਧੂ ਜੋੜੇ ਵੱਲੋਂ ਪਿਛਲੇ ਕਈ ਵ੍ਿਹਰਆਂ ਤੋਂ ਲੋਕ ਹਿੱਤਾਂ ਲਈ ਸਰਕਾਰ ਵਿਰੁੱਧ ਆਵਾਜ਼ ਤਾਂ ਉਠਾਈ ਜਾ ਰਹੀ ਹੈ ਪਰ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ। ਕਦੇ ਆਪਣੀ ਹੀ ਸਰਕਾਰ ਵਿਰੁੱਧ ਆਵਾਜ਼ ਉਠਾਉਣਾ ਤੇ ਕਦੇ ਪਾਰਟੀ ਛੱਡਣ ਦੇ ਐਲਾਨ ਕਾਰਨ ਸਿੱਧੂ ਜੋੜਾ ਚਰਚਾ ‘ਚ ਰਿਹਾ ਹੈ। ਲੋਕ ਵੀ ਹੁਣ ਸਿੱਧੂ ਤੋਂ ਆਰ- ਪਾਰ ਦੇ ਫੈਸਲੇ ਦੀ ਆਸ ਰੱਖਦੇ ਹਨ। ਰਾਜ ਸਭਾ ਦੀ ਮੈਂਬਰੀ ਛੱਡਣ ਤੋਂ ਬਾਅਦ ਅਜੇ ਹੋਰ ਕਿਸੇ ਪਾਰਟੀ ‘ਚ ਜਾਣ ਦਾ ਫੈਸਲਾ ਨਾ ਕਰਨ ਕਰਕੇ ਵੀ ਸਿੱਧੂ ਅਜੇ ਸੁਰਖੀਆਂ ‘ਚ ਬਣੇ ਰਹਿਣਾ ਚਾਹੁੰਦੇ ਹਨ।