ਬੀਐੱਡ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਜਾਰੀ

BEd, Continues, Unemployed, Teachers

ਸੰਗਰੂਰ (ਗੁਰਪ੍ਰੀਤ ਸਿੰਘ)। ਅਧਿਆਪਕ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਸਾਹਮਣੇ ਰੋਸ-ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਲਾਠੀਚਾਰਜ ਕਰਨ ਦੇ ਰੋਸ ਵਜੋਂ ਇੱਥੇ ਬੱਤੀ ਚੌਂਕ ਵਿਖੇ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੀ ਅਗਵਾਈ ‘ਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਰਥੀ ਫੂਕੀ ਗਈ। ਪੱਕੇ ਧਰਨੇ ਦੇ ਸੋਲ੍ਹਵੇਂ ਦਿਨ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ,  ਸੂਬਾ ਕਮੇਟੀ ਮੈਂਬਰ ਨਵਜੀਵਨ ਸਿੰਘ, ਅਮਨ ਸੇਖ਼ਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਅਮਰਜੀਤ ਸ਼ਾਸਤਰੀ, ਸੂਬਾ ਆਗੂ ਕੁਲਦੀਪ ਸਿੰਘ,  ਇਨਕਲਾਬੀ ਲੋਕ ਮੋਰਚਾ ਦੇ ਸਵਰਨਜੀਤ ਸਿੰਘ ਨੇ ਕਿਹਾ ਕਿ ਜੇਲ੍ਹੀਂ ਭੇਜ, ਲਾਠੀਚਾਰਜ ਕਰਕੇ ਵੀ ਸੰਘਰਸ਼ ਨਹੀਂ ਦਬਾਇਆ ਜਾ ਸਕੇਗਾ।

ਵਿਧਾਨ ਸਭਾ-2017 ਵੇਲੇ ‘ਘਰ-ਘਰ ਨੌਕਰੀ’ ਦਾ ਵਾਅਦਾ ਕਰਕੇ ਸੱਤਾ ‘ਚ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਅਦੇ ਪੂਰੇ ਕਰਨ ਤੋਂ ਭੱਜ ਰਹੇ ਹਨ ਅਤੇ ਸਰਕਾਰ ਸੰਘਰਸ਼ ਕਰਦੇ ਲੋਕਾਂ ਨੂੰ ਜ਼ਬਰ ਰਾਹੀਂ ਦਬਾਉਣਾ ਚਾਹੁੰਦੀ ਹੈ। ਟੈਸਟ ਪਾਸ ਕਰਕੇ ਵੀ ਉਮੀਦਵਾਰ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ। ਉਹਨਾਂ ਕਿਹਾ ਕਿ ਦੋਵੇਂ ਜਥੇਬੰਦੀਆਂ ਪਿਛਲੇ ਦੋ ਹਫ਼ਤਿਆਂ ਤੋਂ ਸੰਗਰੂਰ ਪੱਕੇ ਧਰਨੇ ‘ਤੇ ਬੈਠੀਆਂ ਹਨ, ਪਰ ਪੰਜਾਬ ਸਰਕਾਰ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ। (BED Unemployed)

ਇਹ ਵੀ ਪੜ੍ਹੋ : ਸੁਨਾਮ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ

ਆਗੂਆਂ ਨੇ ਕਿਹਾ ਕਿ ਨਵੀਂ ਭਰਤੀ ਕਰਨ ਤੋਂ ਟਾਲਾ ਵੱਟਦਿਆਂ ਇੱਕ ਪਾਸੇ ਖਾਲੀ ਖਜ਼ਾਨੇ ਦੀ ਦੁਹਾਈ ਪਾਈ ਜਾ ਰਹੀ ਹੈ, ਦੂਜੇ ਪਾਸੇ ਹਾਕਮ ਆਪਣੇ ਵਿਧਾਇਕਾਂ, ਮੰਤਰੀਆਂ ਦੀਆਂ ਸਹੂਲਤਾਂ ਲਈ ਖਜਾਨੇ ਨੱਕੋ ਨੱਕ ਭਰੇ ਪਏ ਹਨ। ਆਗੂਆਂ ਪੰਜਾਬ ਸਰਕਾਰ ਨੂੰ ਸਖਤ ਸ਼ਬਦਾਂ ‘ਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹੱਕ ਮੰਗਦੇ ਲੋਕਾਂ ਅਧਿਆਪਕਾਂ ਦੇ ਸੰਘਰਸ਼ਾਂ ਨੂੰ ਜਾਬਰ ਹੱਥਕੰਡਿਆਂ ਰਾਹੀਂ ਰੋਕਣਾ ਮਹਿੰਗਾ ਪੈਂਦਾ ਰਿਹਾ ਹੈ। ਹੁਣ ਵੀ ਸੰਘਰਸ਼ ਕਰਦੇ ਲੋਕ ਰੁਕਣਗੇ ਨਹੀਂ, ਸਗੋਂ ਹਕੂਮਤੀ ਜਬਰ ਸੰਘਰਸ਼ਸ਼ੀਲ ਕਾਫਲਿਆਂ ਦੀ ਖੁਰਾਕ ਬਣੇਗਾ ਅਤੇ ਸੰਘਰਸ਼ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਤਿੱਖਾ ਅਤੇ ਵਿਸ਼ਾਲ ਹੋਵੇਗਾ। (BED Unemployed)