ਚੋਣ ਜ਼ਾਬਤਾ ਰਹੇਗਾ 2 ਜੂਨ ਤੱਕ ਲਾਗੂ, ਕੋਈ ਵੀ ਵੱਡਾ ਫੈਸਲਾ ਲੈਣਾ ਸਰਕਾਰੀ ਲਈ ਔਖਾ | Cabinet Meeting
ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸ਼ਾਹਕੋਟ ਜਿਮਨੀ ਚੋਣ ਸਬੰਧੀ ਕੈਬਨਿਟ (Cabinet Meeting) ਮੀਟਿੰਗ ਨੂੰ ਮੁੜ ਤੋਂ ਟਾਲ ਦਿੱਤਾ ਗਿਆ ਹੈ। ਹੁਣ ਕੈਬਨਿਟ ਮੀਟਿੰਗ 30 ਮਈ ਦੀ ਥਾਂ ‘ਤੇ 31 ਮਈ ਨੂੰ ਬਾਅਦ ਦੁਪਹਿਰ ਹੋਵੇਗੀ ਪਰ ਇਸ ਕੈਬਨਿਟ ਮੀਟਿੰਗ ਵਿੱਚ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਜਾਂ ਫਿਰ ਨਹੀਂ, ਇਸ ਬਾਰੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਚੱਕਰਾਂ ਵਿੱਚ ਪਏ ਹੋਏ ਹਨ। ਚੋਣ ਕਮਿਸ਼ਨ ਅਨੁਸਾਰ ਚੋਣ ਪ੍ਰਕਿਰਿਆ 2 ਜੂਨ ਨੂੰ ਸਮਾਪਤ ਹੋਵੇਗੀ, ਇਸ ਲਈ ਚੋਣ ਜ਼ਾਬਤਾ 2 ਜੂਨ ਨੂੰ ਹੀ ਖ਼ਤਮ ਮੰਨਿਆ ਜਾਵੇਗਾ। (Cabinet Meeting)
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਕੈਬਨਿਟ ਵਿੱਚ ਕੋਈ ਵੀ ਫੈਸਲਾ ਨਹੀਂ ਕਰ ਸਕਦੀ ਹੈ, ਜਿਸ ਨਾਲ ਸਿੱਧੇ ਜਾਂ ਫਿਰ ਅਸਿੱਧੇ ਤਰੀਕੇ ਨਾਲ ਸ਼ਾਹਕੋਟ ਹਲਕੇ ਅਤੇ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਹੋਵੇ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੀਟਿੰਗ 30 ਮਈ ਨੂੰ ਰੱਖੀ ਗਈ ਸੀ, ਜਿਸ ਨੂੰ 31 ਨੂੰ ਇਸ ਲਈ ਕਰ ਦਿੱਤਾ ਗਿਆ ਹੈ ਕਿ 31 ਮਈ ਨੂੰ ਸਵੇਰੇ ਹੀ ਗਿਣਤੀ ਹੋਣ ਨਾਲ ਹੀ ਦੁਪਹਿਰ ਤੱਕ ਹਾਰ-ਜਿੱਤ ਦਾ ਫੈਸਲਾ ਹੋ ਜਾਵੇਗਾ ਅਤੇ ਕੈਬਨਿਟ ਮੀਟਿੰਗ 3 ਵਜੇ ਹੈ ਇਸ ਲਈ ਇਸ ਕੈਬਨਿਟ ਮੀਟਿੰਗ ਦਾ ਚੋਣ ਜ਼ਾਬਤੇ ‘ਤੇ ਕੋਈ ਅਸਰ ਨਹੀਂ ਪਵੇਗਾ।
ਇਹ ਮੁੱਖ ਮੰਤਰੀ ਦਫ਼ਤਰ ਸੋਚ ਰਿਹਾ ਹੈ ਪਰ ਨਿਯਮਾਂ ਅਨੁਸਾਰ ਚੋਣ ਜ਼ਾਬਤਾ 2 ਜੂਨ ਨੂੰ ਖ਼ਤਮ ਹੋ ਰਿਹਾ ਹੈ ਤੇ ਇਸ ਦੌਰਾਨ ਪੰਜਾਬ ਸਰਕਾਰ ਕੋਈ ਵੀ ਫੈਸਲਾ ਇਹੋ ਜਿਹਾ ਨਹੀਂ ਕਰ ਸਕਦੀ ਹੈ, ਜਿਹੜਾ ਕਿ ਜਲੰਧਰ ਜ਼ਿਲ੍ਹੇ ਦੇ ਆਮ ਲੋਕਾਂ ਨਾਲ ਸਬੰਧਿਤ ਹੋਵੇ। ਕਿਉਂਕਿ ਸ਼ਾਹਕੋਟ ਚੋਣ ਸਬੰਧੀ ਪੂਰੇ ਜਲੰਧਰ ਜ਼ਿਲ੍ਹੇ ਵਿੱਚ ਹੀ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਮੁੱਖ ਚੋਣ ਅਧਿਕਾਰੀ ਡਾ. ਐਸ ਕਰੂਣਾ ਰਾਜੂ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਕੈਬਨਿਟ ਮੀਟਿੰਗ ਕਰਦੇ ਹੋਏ ਸਰਕਾਰ ਕੁਝ ਵੀ ਨਵਾਂ ਐਲਾਨ ਕਰਦੇ ਹੋਏ ਰਾਹਤ ਨਹੀਂ ਦੇ ਸਕਦੀ ਹੈ ਜਾਂ ਫਿਰ ਕੋਈ ਵੱਡਾ ਫੈਸਲਾ ਨਹੀਂ ਕਰ ਸਕਦੀ ਹੈ।