ਰਾਹੁਲ ਕਰਕੇ ਭਾਜਪਾ ਨੇ ਅਕਾਲੀਆਂ ਦੀ ਕਦਰ ਪਾਈ : ਸੁਨੀਲ ਜਾਖੜ

BJP, Appreciated, Akalis, Making, Rahul, Sunil Jakhar

ਅਮਿਤ ਸ਼ਾਹ ਤੇ ਸੁਖਬੀਰ ਬਾਦਲ ਦੀ ਮੁਲਾਕਾਤ ਦਾ ਸਿਹਰਾ ਕਾਂਗਰਸ ਲੈ ਰਹੀ ਐ ਆਪਣੇ ਸਿਰ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਕਿਸੇ ਵੀ ਮੁੱਦੇ ‘ਤੇ ਸਿਹਰਾ ਆਪਣੇ ਸਿਰ ਲੈਣਾ ਨਹੀਂ ਭੁੱਲਦੀ । ਅਮਿਤ ਸ਼ਾਹ ਅੱਜ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਆ ਰਹੇ ਹਨ ਅਤੇ ਇਸ ਮੁਲਾਕਾਤ ਨੂੰ ਕਰਵਾਉਣ ਦਾ ਸਿਹਰਾ ਵੀ ਕਾਂਗਰਸ ਨੇ ਆਪਣੇ ਸਿਰ ‘ਤੇ ਸਜਾਉਣ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦਾ ਦਾਅਵਾ ਹੈ ਕਿ ਅਮਿਤ ਸ਼ਾਹ ਨੂੰ ਆਪਣੀ ਸਹਿਯੋਗੀ ਪਾਰਟੀ ਅਕਾਲੀ ਦਲ ਦੀ ਯਾਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਰਕੇ ਹੀ ਆਈ ਹੈ ਨਹੀਂ ਤਾਂ ਦਿੱਲੀ ਵਿਖੇ ਅਕਾਲੀ ਦਲ ਦੀ ਪਹਿਲਾਂ ਕੋਈ ਵੁੱਕਤ ਤੱਕ ਨਹੀਂ ਹੁੰਦੀ ਸੀ।

ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹੋ ਜਿਹਾ ਮੌਕਾ ਪਹਿਲਾਂ ਕਦੇ ਨਹੀਂ ਮਿਲਿਆ ਹੈ, ਜਦੋਂ ਭਾਜਪਾ ਦਾ ਪ੍ਰਧਾਨ ਖ਼ੁਦ ਚਲ ਕੇ ਅਕਾਲੀ ਦਲ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਮਿਲਣ ਲਈ ਆ ਰਿਹਾ ਹੈ। ਇਹ ਸਾਰਾ ਕੁਝ ਰਾਹੁਲ ਗਾਂਧੀ ਦੇ ਵਧ ਰਹੇ ਪ੍ਰਭਾਵ ਦੇ ਕਾਰਨ ਹੀ ਸੰਭਵ ਹੋਇਆ, ਕਿਉਂਕਿ ਗੁਜਰਾਤ ਅਤੇ ਕਰਨਾਟਕ ਚੋਣਾਂ ਵਿੱਚ ਜਿਸ ਤਰੀਕੇ ਨਾਲ ਭਾਜਪਾ ਨੂੰ ਕਾਂਗਰਸ ਨੇ ਹਰਾਇਆ ਹੈ, ਉਸ ਤੋਂ ਬਾਅਦ ਭਾਜਪਾ ਨੂੰ ਆਪਣੀਆਂ ਸਹਿਯੋਗੀ ਪਾਰਟੀਆਂ ਦੀ ਵੀ ਯਾਦ ਆ ਗਈ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਆਪਣੇ 4 ਸਾਲ ਦੇ ਕਾਰਜਕਾਲ ਵਿੱਚ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਦੇ ਵੀ ਯਾਦ ਨਹੀਂ ਆਈ ਹੈ ਪਰ ਹੁਣ ਕਾਂਗਰਸ ਦੀ ਬਦੌਲਤ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਯਾਦ ਆ ਹੀ ਗਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮੌਕੇ ਪੰਜਾਬ ਦੇ ਹਿੱਤਾਂ ਦੀਆਂ ਗੱਲਾਂ ਕਰਕੇ ਪੰਜਾਬ ਬਾਰੇ ਕੋਈ ਵੱਡਾ ਫੈਸਲਾ ਕਰਵਾਉਣਾ ਚਾਹੀਦਾ ਹੈ, ਜਿਸ ਨਾਲ ਪੰਜਾਬ ਦੀ ਜਨਤਾ ਨੂੰ ਫਾਇਦਾ ਹੋ ਸਕੇ।

ਜਾਖੜ ਨੇ ਕਿਹਾ ਕਿ ਐਸ.ਆਈ.ਐਲ. ਅਤੇ ਵਿਸ਼ੇਸ਼ ਪੈਕੇਜ ਸਣੇ ਹੋਰ ਮੁੱਦਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਮਿਤ ਸ਼ਾਹ ਅੱਗੇ ਮੰਗ ਰੱਖਣੀ ਚਾਹੀਦੀ ਹੈ। ਇਥੇ ਹੀ ਜਾਖੜ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਉਹ ਰਾਹੁਲ ਗਾਂਧੀ ਦਾ ਧੰਨਵਾਦ ਕਰਨ, ਕਿਉਂਕਿ ਰਾਹੁਲ ਗਾਂਧੀ ਦੇ ਕਾਰਨ ਹੀ ਅਮਿਤ ਸ਼ਾਹ ਉਨ੍ਹਾਂ ਨੂੰ ਮਿਲਣ ਲਈ ਚੰਡੀਗੜ੍ਹ ਵਿਖੇ ਆ ਰਹੇ ਹਨ।

ਫੋਕੇ ਕ੍ਰੇਡਿਟ ਲੈਣ ਦੀ ਥਾਂ ‘ਤੇ ਕੰਮ ਕਰਕੇ ਦਿਖਾਵੇ ਕਾਂਗਰਸ : ਡਾ. ਚੀਮਾ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਅਤਿ ਆਤਮ-ਵਿਸ਼ਵਾਸ ਦੀ ਦਾਦ ਦੇਣੀ ਚਾਹੀਦੀ ਹੈ, ਜਿਹੜਾ ਕਿ ਉਹ ਆਪਣੇ ਉਸ ਪ੍ਰਧਾਨ ਨੂੰ ਹਰ ਸਮੇਂ ਫੋਕੇ ਕ੍ਰੇਡਿਟ ਦੇਣ ਤੋਂ ਭੁੱਲਦੇ ਹਨ, ਜਿਹੜੇ ਪ੍ਰਧਾਨ ਦੇ ਕਾਰਨ ਸਾਰੇ ਦੇਸ਼ ਵਿੱਚ ਚੋਣਾਂ ਹਾਰਦੇ ਹੋਏ ਢਾਈ ਫੀਸਦੀ ਤੱਕ ਪੁੱਜ ਗਏ ਹਨ। ਉਨ੍ਹਾਂ ਕਿਹਾ ਕਿ ਇਹ ਗਠਜੋੜ ਪਾਰਟੀ ਦੇ 2 ਪ੍ਰਧਾਨਾਂ ਦੀ ਮੀਟਿੰਗ ਹੈ ਅਤੇ ਇਸ ਨਾਲ ਕਾਂਗਰਸ ਦਾ ਕੋਈ ਲੈਣ ਦੇਣ ਨਹੀਂ ਹੈ।