ਕੁੱਟਮਾਰ ਮਾਮਲਾ : ਪੁਲਿਸ ਨੇ ਪ੍ਰਧਾਨ ਚਰਨਜੀਤ ਢਿੱਲੋਂ ਸਮੇਤ ਤਿੰਨ ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

ਗਿੱਦੜਬਾਹਾ (ਰਾਜ ਜਿੰਦਲ) । ਸਥਾਨਕ ਸ਼ਹਿਰ ਤੋਂ ਇੱਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਸ਼ਿਵਰਾਜ ਰਾਜੂ ਦੀ ਕਥਿਤ ਕੁੱਟਮਾਰ ਦੇ ਦੋਸ਼ ਵਿੱਚ ਪੁਲਿਸ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਸਮੇਤ ਦੋ ਹੋਰ ਵਿਅਕਤੀਆਂ ਨੂੰ ਅੱਜ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ  ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਅਦਾਲਤ ਨੇ 2 ਹਫ਼ਤਿਆਂ ਦੇ ਜੁਡੀਸ਼ੀਅਲ ਰਿਮਾਂਡ ਉਪਰੰਤ ਜੇਲ੍ਹ ਭੇਜ ਦਿੱਤਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਚ.ਓ. ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਤਿੰਨ ਵਿਅਕਤੀਆਂ ਚਰਨਜੀਤ ਸਿੰਘ ਢਿੱਲੋਂ ਪ੍ਰਧਾਨ ਟਰੱਕ ਯੂਨੀਆਨ, ਬਲਜਿੰਦਰ ਸਿੰਘ ਅਤੇ ਨਵਪ੍ਰੀਤ ਸਿੰਘ ਦਾ 4 ਦਿਨਾਂ ਪੁਲਿਸ ਰਿਮਾਂਡ ਮੰਗਿਆ ਗਿਆ ਸੀ । ਪਰੰਤੂ ਮਾਨਯੋਗ ਜੱਜ ਸਾਹਿਬ ਸ੍ਰੀਮਤੀ ਹਰਪ੍ਰੀਤ ਕੌਰ ਐੱਸ.ਡੀ.ਜੇ.ਐੱਮ.ਵੱਲੋਂ ਉਕਤਾਨ ਦਾ 14 ਦਿਨਾਂ ਜੁਡੀਸ਼ੀਅਲ ਰਿਮਾਂਡ ‘ਤੇ ਜੇਲ ਭੇਜਣ ਦੇ ਹੁਕਮ ਦਿੱਤੇ ਹਨ। ਸ੍ਰੀ ਗਰੇਵਾਲ ਨੇ ਦੱਸਿਆ ਕਿ ਮਾਮਲੇ ਦੇ ਬਾਕੀ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਫਿਲਹਾਲ ਉਕਤ ਮਾਮਲੇ ਵਿੱਚ ਕਿਸੇ ਵੀ ਧਾਰਾ ਦਾ ਵਾਧਾ ਨਹੀਂ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।

ਉੱਧਰ ਪੀੜਤ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਦੇ ਪੂਰਨ ਸਹਿਯੋਗ ਨਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਪਰੰਤੂ ਨਾਲ ਹੀ ਉਨਾਂ ਕਿਹਾ ਕਿ ਪੁਲਿਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿੱਜੀ ਸਹਾਇਕ ਜਸਪ੍ਰੀਤ ਸਿੰਘ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਪੁ‌ਲਸ ਵੱਲੋਂ ਜਸਪ੍ਰੀਤ ਸਿੰਘ ਦੀ ਮੋਬਾਇਲ ਕਾਲ ਡੀਟੇਲ ਕੱਢਵਾ ਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਉਕਤ ਮਾਮਲੇ ਦੇ ਰਹਿੰਦੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਬੀਤੀ 15 ਅਪਰੈਲ ਨੂੰ ਕੁਝ ਕਾਂਗਰਸੀਆਂ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਅਤੇ ਵਿਧਾਇਕ ਰਾਜਾ ਵੜਿੰਗ ਦੇ ਪੀਏ ਜਸਪ੍ਰੀਤ ਸਿੰਘ ਭਲਾਈਆਣਾ ਦੀ ਸ਼ਹਿ ‘ਤੇ ਪੱਤਰਕਾਰ ਸ਼ਿਵਰਾਜ ਰਾਜੂ ਦੀ ਦੁਕਾਨ ‘ਤੇ ਆ ਕੇ ਉਸ ਦੀ ਕਥਿਤ ਕੁੱਟਮਾਰ ਕਰਕੇ ਉਸ ਦੇ ਮੂੰਹ ਵਿੱਚ ਜ਼ਬਰੀ ਸ਼ਰਾਬ ਅਤੇ ਪਿਸ਼ਾਬ ਪਾਉਣ ਦੀ ਵੀਡੀਓ ਬਣਾਈ ਸੀ ਅਤੇ ਧਮਕੀਆਂ ਦਿੱਤੀਆਂ ਸਨ ਪੁਲਿਸ ਨੇ ਇਹ ਮਾਮਲੇ ਵਿੱਚ ਬੀਤੇ ਦਿਨ ਪ੍ਰਧਾਨ ਢਿੱਲੋਂ, ਪੀਏ ਜਸਪ੍ਰੀਤ ਸਮੇਤ 15 ਜਣਿਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here