…ਹੋਰ ਕੁੱਟੋ ਸਾਨੂੰ, ਅਸੀਂ ਡਾਂਗਾਂ ਖਾਣ ਦੇ ਹੱਕਦਾਰ ਹਾਂ!
ਸਾਡੇ ਨੌਜਵਾਨਾਂ ਨੂੰ ਡਾਂਗਾਂ ਨਾਲ ਕੁੱਟਿਆ ਹੀ ਜਾਣਾ ਚਾਹੀਦਾ ਏ, ਦੋਸ਼ ਵੀ ਤਾਂ ਬਹੁਤ ਵੱਡਾ ਏ ਇਹਨਾਂ ਦਾ, ਔਖੇ ਘਰੇਲੂ ਹਾਲਾਤਾਂ ’ਚ, ਨਸ਼ੇ ਦੀ ਹਨ੍ਹੇਰੀ ਤੋਂ ਬਚਦਿਆਂ, ਦਿਨ-ਰਾਤ ਸਖਤ ਮਿਹਨਤ ਕਰਕੇ, ਇਹਨਾਂ ਪਹਿਲਾਂ ਤਾਂ ਉੱਚ ਸਿੱਖਿਆ ਪ੍ਰਾਪਤ ਕੀਤੀ ਏ ਤੇ ਉਸ ਤੋਂ ਵੀ ਵੱਡਾ ਦੋਸ਼ ਵੇਖੋ ਇਹ ਸਰਕਾਰ ਕੋਲੋਂ ਨੌਕਰੀ ਮੰਗਣ ਦਾ ਵੱਡਾ ਗੁਨਾਹ ਕਰ ਰਹੇ ਨੇ| ਕੱੁਟੋ ਹੋਰ ਕੁੱਟੋ ਮੈਂ ਤਾਂ ਕਹਿੰਦਾ ਹਾਂ, ਇਨ੍ਹਾਂ ਦੇ ਮਾਪਿਆਂ ਨੂੰ ਵੀ ਨਾਲ ਈ ਢਾਹ ਲਓ ਉਹ ਕਿਹੜਾ ਘੱਟ ਦੋਸ਼ੀ ਨੇ, ਅਸਲ ਮੁਜ਼ਰਮ ਹੀ ਉਹ ਨੇ, ਉਹਨਾਂ ਨੇ ਈ ਆਪਣੇ ਸਾਰੇ ਸ਼ੌਂਕ ਖਤਮ ਕਰਕੇ ਇਹਨਾਂ ਨੌਜਵਾਨਾਂ ਨੂੰ ਮਹਿੰਗੇ ਕੋਰਸ ਕਰਵਾਏ, ਬੱਚਿਆਂ ਦੀ ਪੜ੍ਹਾਈ ਲਈ ਅੱਧੀ ਭੁੱਖ ਕੱਟਣ ਵਾਲੇ, ਜਵਾਨੀ ’ਚ ਹੀ ਬੁੱਢੇ ਹੋਏ ਇਹਨਾਂ ਆਮ ਲੋਕਾਂ ਦੀ ਹਿਮੰਤ ਕਿਵੇਂ ਹੋਈ ਆਪਣੇ ਬੱਚਿਆਂ ਲਈ ਸਰਕਾਰੀ ਨੌਕਰੀ ਮੰਗਣ ਦੀ|
ਜਦੋਂ ਸਰਕਾਰਾਂ ਤੁਹਾਨੂੰ ਮੁਫਤ ਆਟਾ-ਦਾਲ, ਬਿਜਲੀ, ਪਾਣੀ, ਬੱਸ ਸਫਰ ਤੇ ਖਾਤੇ ’ਚ ਪੈਸੇ ਪਾ ਕੇ ਮੰਗਤੇ ਬਣਾਉਣਾ ਚਾਹੁੰਦੀਆਂ ਨੇ ਤਾਂ ਤੁਸੀਂ ਕਿਉਂ ਇਹ ਗੁਸਤਾਖੀ ਕਰ ਰਹੇ ਹੋ? ਤੁਸੀਂ ਲੋਨ ਲਵੋ ਫੇਰ ਨਾ ਭਰੋ ਸਰਕਾਰ ਆਪੇ ਮਾਫ ਕਰੇਗੀ, ਤੁਸੀਂ ਸੁਸਾਇਟੀਆਂ ਦੇ ਡਿਫਾਲਟਰ ਹੋ ਜਾਓ ਸਰਕਾਰ ਆਪੇ ਮਾਫ ਕਰੇਗੀ, ਤੁਸੀਂ ਆਪਣੇ ਬਿੱਲ ਨਾ ਭਰੋ ਸਰਕਾਰ ਆਪੇ ਭਰੇਗੀ, ਤੁਸੀਂ ਨਸ਼ੇ ਸਿੱਖੋ ਸਰਕਾਰ ਮੁਫਤ ਨਸ਼ਾ ਛੁਡਾਉਣ ਆਲੀਆਂ ਗੋਲੀਆਂ ਦੇਵੇਗੀ, ਹੋਰ ਸਰਕਾਰਾਂ ਵਿਚਾਰੀਆਂ ਕੀ ਕਰਨ? ਪਰ ਇੰਨੀਆਂ ਮੁਫਤ ਸੁਵਿਧਾਵਾਂ ਤੋਂ ਬਾਅਦ ਵੀ ਤੁਸੀਂ ਅਹਿਸਾਨ ਮੰਨਣ ਦੀ ਥਾਂ ’ਤੇ ਰੁਜਗਾਰ, ਸਿੱਖਿਆ ਤੇ ਸਿਹਤ ਦੀ ਮੰਗ ਕਰਨ ਦੀ ਵੱਡੀ ਗੁਸਤਾਖੀ ਕਿਵੇਂ ਕਰ ਸਕਦੇ ਹੋ? ਮੈਂ ਤਾਂ ਕਹਿੰਦਾ ਹਾਂ ਸਾਡੇ ਇੰਨ੍ਹਾਂ ਮੁੱਦਿਆਂ ’ਤੇ ਕਾਲਮ ਲਿਖਣ ਵਾਲਿਆਂ ਦੇ ਵੀ ਪਟੇ ਮਰਵਾਓ, ਅਸੀਂ ਕਿਉਂ ਨਹੀਂ ਚਾਪਲੂਸੀ ਆਲੇ ਕਾਲਮ ਜਾਂ ਇਸ਼ਕ-ਮੁਹੱਬਤ ਦੀਆਂ ਕਵਿਤਾਵਾਂ ਲਿਖ ਕੇ ਸਰਕਾਰੀ ਸਨਮਾਨ ਪ੍ਰਾਪਤ ਕਰਦੇ?
ਕੀ ਇਹ ਡਾਂਗਾਂ ਪਹਿਲੀ ਵਾਰ ਪੈ ਰਹੀਆਂ ਨੇ? ਕੀ ਇਹ ਨਵਾਂ ਵਰਤਾਰਾ ਏ? ਕੀ ਇਹੀ ਲੋਕਤੰਤਰ ਏ? ਦਰਅਸਲ ਸਾਡੀਆਂ ਮੰਗਾਂ ’ਚ ਜੋ ਤਿੰਨ ਚੀਜਾਂ ਪਹਿਲੇ ਸਥਾਨ ’ਤੇ ਹੋਣੀਆਂ ਚਾਹੀਦੀਆਂ ਨੇ, ਉਹ ਸਭ ਤੋਂ ਆਖਰੀ ਪਾਇਦਾਨ ’ਤੇ ਹਨ| ਅਸੀਂ ਕਦੇ ਸਿੱਖਿਆ, ਸਿਹਤ ਤੇ ਰੁਜਗਾਰ ਲਈ ਅੰਦੋਲਨ ਕੀਤੇ ਹਨ? ਹਾਲਾਂਕਿ ਇਹਨਾਂ ਡਾਂਗਾਂ ਦੇ ਨਿਸ਼ਾਨ ਅੱਜ ਤਾਂ ਭਾਵੇਂ ਸਿਰਫ ਮੇਰੇ ਉਨ੍ਹਾਂ ਵੀਰਾਂ ਦੇ ਸਰੀਰ ’ਤੇ ਈ ਪਏ ਨੇ ਪਰ ਯਾਦ ਰੱਖਿਓ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ, ਇਸ ਤਰ੍ਹਾਂ ਆਪਣੇ ਧੱਕੜ ਰਵੱਈਏ ਨਾਲ ਦਬਾਉਣ ਦਾ ਇਹ ਵਰਤਾਰਾ ਬਹੁਤ ਹੀ ਖਤਰਨਾਕ ਹੋ ਸਕਦਾ ਹੈ|
ਹੁਣ ਹਰ ਕੋਈ ਸਿਰਫ ਆਹੀ ਕਹਿ ਰਿਹਾ ਏ ਕਿ ਉਸ ਅਫਸਰ ’ਤੇ ਤੁਰੰਤ ਕਾਰਵਾਈ ਕਰੋ, ਜਰੂਰ ਕਰੋ| ਸਖਤ ਤੋਂ ਸਖਤ ਕਾਰਵਾਈ ਕਰੋ ਪਰ ਕੀ ਇਸ ਧਰਨੇ-ਪ੍ਰਦਰਸ਼ਨ ਦਾ ਮੰਤਵ ਉਸ ਅਫਸਰ ’ਤੇ ਕਾਰਵਾਈ ਕਰਵਾਉਣਾ ਸੀ? ਸਰਕਾਰਾਂ ਦੀਆਂ ਇਹਨਾਂ ਚਾਲਾਂ ਤੋਂ ਬਚਣ ਦੀ ਹੀ ਤਾਂ ਸਖਤ ਜਰੂਰਤ ਹੈ, ਕੀ ਹੁਣ ਸਿਰਫ ਉਸ ਅਫਸਰ ’ਤੇ ਕਾਰਵਾਈ ਕਰਕੇ ਸਰਕਾਰ ਅਸਲ ਮੁੱਦੇ ਨੂੰ ਦਬਾਉਣ ਦੇ ਰੌਂਅ ’ਚ ਹੈ? ਆਪਣੇ ਮੋਹਰਿਆਂ ਰਾਹੀਂ ਪਹਿਲਾਂ ਲੋਕਾਂ ’ਤੇ ਤਸ਼ੱਦਦ ਤੇ ਫੇਰ ਉਹਨਾਂ ਮੋਹਰਿਆਂ ’ਤੇ ਈ ਕਾਰਵਾਈ ਕਰਕੇ ਲੋਕਾਂ ਨੂੰ ਖੁਸ਼ ਕਰਨ ਦਾ ਕਾਰਾ, ਸਰਕਾਰਾਂ ਬਹੁਤ ਲੰਬੇ ਸਮੇਂ ਤੋਂ ਹੀ ਕਰਦੀਆਂ ਆ ਰਹੀਆਂ ਹਨ|
ਇਸ ਅਣਮਨੁੱਖੀ ਤਸ਼ੱਦਦ ਲਈ ਆਪਾਂ ਸਾਰੇ ਹੀ ਦੋਸ਼ੀ ਹਾਂ| ਸਾਡੇ ਵਿਕਾਸ ਦਾ ਕੰਮ ਕਰਨ ਵਾਲੇ ਐਮ ਐਲ ਏ ਤੇ ਐਮ ਪੀ ਜੋ ਵੀ ਕੰਮ ਕਰਵਾਉਂਦੇ ਨੇ, ਉਹ ਉਹਨਾਂ ਦੀ ਡਿਊਟੀ ਏ| ਕੰਮ ਸਰਕਾਰੀ ਗ੍ਰਾਂਟਾਂ ਰਾਹੀਂ ਹੁੰਦੇ ਨੇ, ਮੰਤਰੀ ਸਾਬ੍ਹ ਆਪਣੀ ਕਣਕ ਵੇਚ ਕੇ ਤੁਹਾਡੀਆਂ ਗਲੀਆਂ-ਨਾਲੀਆਂ ਨਹੀਂ ਬਣਾਉਂਦੇ ਤੇ ਇਹਨਾਂ ਕੰਮਾਂ ਲਈ ਮੰਤਰੀ ਜੀ ਨੂੰ ਬਹੁਤ ਵੱਡੀ ਤਨਖਾਹ, ਭੱਤੇ ਤੇ ਹੋਰ ਐਰਾ-ਵਗੈਰਾ ਬਹੁਤ ਕੁੱਝ ਮਿਲਦਾ ਹੈ, ਉਹ ਵੀ ਟੈਕਸ ਫ੍ਰੀ ਤੇ ਜਦੋਂ ਨੇਤਾ ਜੀ ਹਾਰ ਕੇ ਘਰੇ ਬਹਿ ਜਾਂਦੇ ਨੇ ਤਾਂ ਇਹਨਾਂ ਦੀ ਪੈਨਸ਼ਨ ਵੀ ਇੰਨੀ ਕੁ ਹੁੰਦੀ ਏ ਕਿ ਅੱਧੇ ਪਿੰਡ ਦਾ ਸਾਰਾ ਖਰਚਾ ਚੱਲ ਸਕਦਾ ਏ ਪਰ ਫੇਰ ਵੀ ਪਤਾ ਨਹੀਂ ਕਿਉਂ, ਸਾਡੇ ਦੇਸ਼ ’ਚ 70 ਸਾਲਾਂ ’ਚ ਅਜਿਹੇ ਲੀਡਰ ਨਹੀਂ ਚੁਣੇ ਜਾ ਸਕੇ ਜੋ ਸਾਡੇ ਲਈ ਸਿੱਖਿਆ, ਸਿਹਤ ਤੇ ਸਾਡੇ ਧੀਆਂ-ਪੁੱਤਰਾਂ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰ ਦੇਣ?
ਸਰਕਾਰ ਜੀ, ਕਿਰਪਾ ਕਰਕੇ ਇਹਨਾਂ ਨੌਜਵਾਨਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਹੀ ਪ੍ਰਵਾਨ ਕਰੋ, ਸਿਰਫ ਉਸ ਅਫਸਰ ’ਤੇ ਕਾਰਵਾਈ ਕਰਨ ਨਾਲ ਕੰਮ ਨਹੀਂ ਸਰਨਾ| ਬਾਕੀ ਸਮਾਂ ਬਹੁਤ ਬਲਵਾਨ ਹੈ ਜੀ| ਸੋ ਜਿਸ ਤਰ੍ਹਾਂ ਤੁਸੀਂ ਆਪਣੇ ਵਿਧਾਇਕਾਂ ਤੇ ਉੱਪਰੀ ਅਫਸਰਸ਼ਾਹੀ ਦੀ ਤਨਖਾਹ, ਭੱਤੇ ਤੇ ਪੈਨਸ਼ਨ ’ਚ ਅਣਉਚਿਤ ਵਾਧਾ ਕਰਨ ਸਮੇਂ ਖਜ਼ਾਨੇ ਦੀ ਮਾੜੀ ਹਾਲਤ ਦਾ ਖਿਆਲ ਨਹੀਂ ਕਰਦੇ ਕਿਰਪਾ ਕਰਕੇ ਇਸ ਜਾਇਜ ਤੇ ਪਵਿੱਤਰ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਖਜ਼ਾਨੇ ਦੀ ਮਾੜੀ ਸਥਿਤੀ ਦਾ ਬਹਾਨਾ ਲਾਉਣ ਦੀ ਥਾਂ, ਇੰਨ੍ਹਾਂ ਨੌਜਵਾਨਾਂ ਲਈ ਨੌਕਰੀਆਂ ਦਾ ਪ੍ਰਬੰਧ ਕਰਨ ਦਾ ਯਤਨ ਕਰੋ ਜੀ!
ਖੂਈ ਖੇੜਾ, ਫਾਜ਼ਿਲਕਾ
ਮੋ. 98727-05078
ਅਸ਼ੋਕ ਸੋਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ