ਵਿਧਾਇਕ ਦੇ ਨਜ਼ਦੀਕੀ ਨੂੰ ਕੁਝ ਦਿਨ ਪਹਿਲਾਂ ਕੀਤਾ ਗਿਆ ਸੀ ਗ੍ਰਿਫਤਾਰ
ਬਠਿੰਡਾ (ਸੁਖਜੀਤ ਮਾਨ)। ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ (MLA Amit Ratan) ਨੂੰ ਵਿਜੀਲੈਂਸ ਨੇ ਰਾਜਪੁਰਾ ਨੇੜਿਓਂ ਗ੍ਰਿਫਤਾਰ ਕਰ ਲਿਆ ਹੈ । ਗ੍ਰਿਫਤਾਰੀ ਮਗਰੋਂ ਟੀਮ ਉਹਨਾਂ ਨੂੰ ਬਠਿੰਡਾ ਲੈ ਕੇ ਪੁੱਜੀ ਜਿੱਥੇ ਹੁਣ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਵਿਧਾਇਕ (MLA Amit Ratan) ਦੇ ਨਜ਼ਦੀਕੀ ਰਿਸ਼ਮ ਗਰਗ ਨੂੰ ਪਿੰਡ ਘੁੱਦਾ ਦੇ ਸਰਪੰਚ ਦੇ ਪਤੀ ਕੋਲੋਂ 4 ਲੱਖ ਰੁਪਏ ਰਿਸ਼ਵਤ ਲੈਂਦਿਆਂ ਬਠਿੰਡਾ ਸਰਕਟ ਹਾਊਸ ਵਿੱਚੋਂ ਗਿਰਫਤਾਰ ਕੀਤਾ ਸੀ । ਰਿਸ਼ਮ ਦੀ ਗ੍ਰਿਫਤਾਰੀ ਵੇਲੇ ਵਿਧਾਇਕ ਵੀ ਉੱਥੇ ਹੀ ਮੌਜੂਦ ਸੀ ਪਰ ਉਸ ਵੇਲੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਵਿਧਾਇਕ ਦੀ ਇਸ ਮਾਮਲੇ ਵਿੱਚ ਗ੍ਰਿਫਤਾਰੀ ਨਾ ਹੋਣ ਕਰਕੇ ਵਿਰੋਧੀ ਧਿਰਾਂ ਵੱਲੋਂ ਸਰਕਾਰ ‘ਤੇ ਲਗਾਤਾਰ ਨਿਸ਼ਾਨੇ ਵਿਨ੍ਹੇ ਜਾ ਰਹੇ ਸੀ । ਬਠਿੰਡਾ ਵਿੱਚ ਅੱਜ ਕਾਂਗਰਸ ਵੱਲੋਂ ਗ੍ਰਿਫਤਾਰੀ ਨਾ ਹੋਣ ਦੇ ਵਿਰੋਧ ਵਿੱਚ ਧਰਨਾ ਵੀ ਲਗਾਇਆ ਜਾਣਾ ਸੀ ।