ਖ਼ਬਰ ਦਾ ਅਸਰ : ਖਿਡਾਰੀਆਂ ਦੇ ਖਾਣ ਵਾਲੇ ਟੈਂਟ ਦਾ ਸਥਾਨ ਬਦਲਿਆ | Bathinda News
ਬਠਿੰਡਾ (ਸੁਖਜੀਤ ਮਾਨ)। Bathinda News : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਕੱਲ੍ਹ ਬਠਿੰਡਾ ’ਚ ਸ਼ੁਰੂ ਹੋਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਖਿਡਾਰੀਆਂ ਦੇ ਖਾਣੇ ਲਈ ਲੱਗੇ ਟੈਂਟ ਨੇੜੇ ਸਫ਼ਾਈ ਆਦਿ ਦਾ ਮੁੱਦਾ ‘ਸੱਚ ਕਹੂੰ’ ਵੱਲੋਂ ਪ੍ਰਮੁੱਖਤਾ ਨਾਲ ਉਠਾਉਣ ਮਗਰੋਂ ਖੇਡ ਪ੍ਰਬੰਧਕਾਂ ਨੇ ਟੈਂਟ ਦਾ ਸਥਾਨ ਬਦਲ ਦਿੱਤਾ ਹੈ। ਅੱਜ ਖਿਡਾਰੀਆਂ ਦੇ ਖਾਣੇ ਲਈ ਟੈਂਟ ਉਸ ਥਾਂ ਲਗਾਇਆ ਗਿਆ ਜਿੱਥੇ ਕੱਲ੍ਹ ਸਟਾਫ ਲਈ ਟੈਂਟ ਲੱਗਿਆ ਸੀ। ਖਾਣੇ ਦਾ ਸਾਫ਼-ਸੁਥਰੀ ਥਾਂ ’ਤੇ ਪ੍ਰਬੰਧ ਹੋਣ ਕਾਰਨ ਅੱਜ ਖਿਡਾਰੀ ਕਾਫੀ ਖੁਸ਼ ਦਿਖਾਈ ਦਿੱਤੇ।
ਵੇਰਵਿਆਂ ਮੁਤਾਬਿਕ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇੇਡੀਅਮ ਵਿਖੇ ਕੱਲ੍ਹ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਈਆਂ ਸਨ। ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਹੀ ਜਦੋਂ ਬਾਅਦ ਦੁਪਹਿਰ ਕਰੀਬ 1 ਵਜੇ ਖਿਡਾਰੀ ਖਾਣਾ ਖਾਣ ਲਈ ਗਏ ਤਾਂ ਖਾਣੇ ਵਾਲੇ ਟੈਂਟ ਨੇੜੇ ਖੜ੍ਹੇ ਬਦਬੂਦਾਰ ਪਾਣੀ ’ਚੋਂ ਉਨ੍ਹਾਂ ਨੂੰ ਲੰਘਣਾ ਪਿਆ। ਕਈ ਉੱਥੋਂ ਬਿਨ੍ਹਾਂ ਰੋਟੀ ਖਾਧੇ ਮੁੜੇ। ਅਜਿਹੇ ਮਾੜੇ ਪ੍ਰਬੰਧਾਂ ਦਾ ਮੁੱਦਾ ‘ਸੱਚ ਕਹੂੰ’ ਵੱਲੋਂ 17 ਸਤੰਬਰ ਦੇ ਅੰਕ ’ਚ ‘ਬਦਇੰਤਜਾਮਾਂ ਨਾਲ ਸ਼ੁਰੂ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ’ ਦੇ ਸਿਰਲੇਖ ਹੇਠ ਉਠਾਇਆ ਗਿਆ। ਇਸ ਬਾਰੇ ’ਚ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰ੍ਹੇ ਵੱਲੋਂ ਕੱਲ੍ਹ ਕਿਹਾ ਗਿਆ ਸੀ ਕਿ ਇਸ ਬਾਰੇ ਚੈੱਕ ਕਰਵਾ ਕੇ ਉਹ ਬਿਹਤਰ ਪ੍ਰਬੰਧ ਕਰਵਾ ਦੇਣਗੇ। Bathinda News
Bathinda News
‘ਸੱਚ ਕਹੂੰ’ ਦੇ ਇਸ ਪੱਤਰਕਾਰ ਵੱਲੋਂ ਅੱਜ ਮੁੜ ਉਸ ਥਾਂ ’ਤੇ ਜਾ ਕੇ ਦੇਖਿਆ ਗਿਆ ਤਾਂ ਕੱਲ੍ਹ ਨਾਲੋਂ ਤਸਵੀਰ ਕਾਫੀ ਬਦਲੀ-ਬਦਲੀ ਨਜ਼ਰ ਆਈ। ਅੱਜ ਖਿਡਾਰੀਆਂ ਦੇ ਖਾਣੇ ਵਾਲਾ ਟੈਂਟ ਵੀ ਉਸੇ ਸਾਫ਼-ਸੁਥਰੀ ਥਾਂ ’ਤੇ ਲਗਾਇਆ ਹੋਇਆ ਸੀ ਜਿੱਥੇ ਕੱਲ੍ਹ ਸਟਾਫ ਵੱਲੋਂ ਖਾਣਾ ਖਾਧਾ ਜਾ ਰਿਹਾ ਸੀ। ਅੱਜ ਖਿਡਾਰੀਆਂ ਵਾਲੇ ਟੈਂਟ ’ਚ ਕੁਰਸੀਆਂ ਲਗਾ ਕੇ ਗੋਲ ਟੇਬਲ ਸਜਾਏ ਗਏ ਜਿੱਥੇ ਖਿਡਾਰੀਆਂ ਨੇ ਪੂਰੇ ਆਰਾਮ ਨਾਲ ਬੈਠ ਕੇ ਖਾਣਾ ਖਾਧਾ। ਖਿਡਾਰੀਆਂ ਨੇ ਆਖਿਆ ਕਿ ਖਾਣੇ ਦੇ ਕੱਲ੍ਹ ਦੇ ਪ੍ਰਬੰਧਾਂ ਨਾਲੋਂ ਅੱਜ ਜ਼ਮੀਨ ਅਸਮਾਨ ਦਾ ਫਰਕ ਹੈ। ਕੱਲ੍ਹ ਧੁੱਪ ’ਚ ਵੀ ਖੜ੍ਹਨਾ ਪਿਆ ਅਤੇ ਕੋਲ ਹੀ ਬਦਬੂਦਾਰ ਪਾਣੀ ਖੜ੍ਹਾ ਹੋਣ ਕਰਕੇ ਕਈਆਂ ਨੇ ਖਾਣਾ ਵੀ ਨਹੀਂ ਖਾਧਾ। ਖਿਡਾਰੀਆਂ ਨੂੰ ਜਦੋਂ ‘ਸੱਚ ਕਹੂੰ’ ਵੱਲੋਂ ਉਨ੍ਹਾਂ ਦੇ ਖਾਣੇ ਦੇ ਮਾੜੇ ਪ੍ਰਬੰਧਾਂ ਦਾ ਜ਼ਿਕਰ ਕਰਦੀ ਖ਼ਬਰ ਤੋਂ ਜਾਣੂੰ ਕਰਵਾਇਆ ਤਾਂ ਉਨ੍ਹਾਂ ਇਸ ਲਈ ‘ਸੱਚ ਕਹੂੰ’ ਦਾ ਧੰਨਵਾਦ ਕਰਦਿਆਂ ਕਿਹਾ ਕਿ ਖ਼ਬਰ ਜ਼ਰੀਏ ਇਹ ਗੱਲ ਪ੍ਰਸ਼ਾਸ਼ਨ ਤੱਕ ਪੁੱਜਣ ਕਰਕੇ ਹੀ ਪ੍ਰਬੰਧਾਂ ’ਚ ਤਬਦੀਲੀ ਆਈ ਹੈ।
Read Also : Agricultural Policy : ਖੇਤੀਬਾੜੀ ਨੀਤੀ ਡਰਾਫਟ ਸਬੰਧੀ ਕਿਸਾਨ ਨਰਾਜ਼