ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗੇ ਵੇਰਵੇ
ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਅੱਜ ਸਵੇਰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਜੋ 4 ਜਣਿਆਂ ਦੀ ਮੌਤ ਹੋਈ ਹੈ, ਉਹ ਚਾਰੇ ਜਣੇ ਫੌਜੀ ਜਵਾਨ ਹਨ। ਇਸ ਗੱਲ ਦੀ ਪੁਸ਼ਟੀ ਫੌਜ ਦੇ ਜੈਪੁਰ ਦਫਤਰ ਵੱਲੋਂ ਕੀਤੀ ਗਈ ਹੈ।ਗੋਲੀਬਾਰੀ ਦੇ ਇਸ ਮਾਮਲੇ ਬਾਰੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਵੀ ਵੇਰਵੇ ਮੰਗ ਲਏ ਗਏ ਹਨ।
ਵੇਰਵਿਆਂ ਮੁਤਾਬਿਕ ਅੱਜ ਸਵੇਰ ਮਿਲਟਰੀ ਸਟੇਸ਼ਨ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਜਿੰਨ੍ਹਾਂ 4 ਜਣਿਆਂ ਦੀ ਮੌਤ ਹੋਈ ਹੈ ਉਹ ਮਿਲਟਰੀ ਦੇ ਤੋਪਖਾਨਾ ਯੂਨਿਟ ਨਾਲ ਸਬਧਿਤ 4 ਫੌਜੀ ਜਵਾਨ ਹਨ। ਇਹ ਜਾਣਕਾਰੀ ਫੌਜ ਦੇ ਸਾਊਥ-ਵੈਸਟ ਯੂਨਿਟ ਦੇ ਜੈਪੁਰ ਸਥਿਤ ਦਫ਼ਤਰ ਵੱਲੋਂ ਦਿੱਤੀ ਗਈ ਹੈ। ਬਠਿੰਡਾ ਯੂਨਿਟ ਸਾਊਥ-ਵੇਸਟ ਯੂਨਿਟ ਦੇ ਹੀ ਅਧੀਨ ਹੈ। ਯੂਨਿਟ ਅਧਿਕਾਰੀਆਂ ਨੇ ਦੱਸਿਆ ਕਿ 4 ਜਵਾਨਾਂ ਦੀ ਮੌਤ ਤੋਂ ਇਲਾਵਾ ਹੋਰ ਕੋਈ ਜਖ਼ਮੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਫੌਜ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਵੀ ਮੌਕੇ ਤੇ ਪੁੱਜਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨਾਲ ਜੁੜਿਆ ਹੋਣ ਕਰਕੇ ਮੀਡੀਆ ਨੂੰ ਵੀ ਮਿਲਟਰੀ ਸਟੇਸ਼ਨ ਦੇ ਨੇੜੇ ਤੋਂ ਕਵਰੇਜ਼ ਕਰਨ ਤੋਂ ਰੋਕਿਆ ਗਿਆ ਹੈ। ਮਿਲਟਰੀ ਸਟੇਸ਼ਨ ਦਾ ਸਾਰਾ ਇਲਾਕਾ ਸੀਲ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਅੱਤਵਾਦੀ ਹਮਲੇ ਤੋਂ ਇਨਕਾਰ
ਐਸਐਸਪੀ ਬਠਿੰਡਾ ਗੁਰਨੀਤ ਸਿੰਘ ਖੁਰਾਣਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਅੱਤਵਾਦੀ ਹਮਲਾ ਹੋਣ ਤੋਂ ਇਨਕਾਰ ਕੀਤਾ ਹੈ। ਪੁਲਿਸ ਜੋਨ ਬਠਿੰਡਾ ਜ਼ੋਨ ਦੇ ਏਡੀਜੀਪੀ ਐਸਏਐਸ ਪਰਮਾਰ ਨੇ ਇਸ ਮਾਮਲੇ ਵਿੱਚ ਕਿਸੇ ਬਾਹਰੀ ਹਮਲੇ ਦੀਆਂ ਸੰਭਾਵਨਾਵਾਂ ਨੂੰ ਰੱਦ ਕੀਤਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਸੈਨਿਕ ਅਫ਼ਸਰਾਂ ਨੂੰ ਹਰ ਸੰਭਵ ਮੱਦਦ ਦੀ ਪੇਸ਼ਕਸ਼ ਕੀਤੀ ਗਈ ਹੈ।
ਸ਼ਾਮ ਤੱਕ ਮਿਲੇਗੀ ਮੁਕੰਮਲ ਜਾਣਕਾਰੀ
ਸਾਊਥ ਵੈਸਟਰਨ ਯੂਨਿਟ ਦੇ ਪੀਆਰਓ ਅਮਿਤਾਭ ਦਾ ਕਹਿਣਾ ਹੈ ਕਿ ਮਾਮਲੇ ਬਾਰੇ ਮੁਕੰਮਲ ਜਾਣਕਾਰੀ ਸ਼ਾਮ ਨੂੰ ਹੀ ਦਿੱਤੀ ਜਾ ਸਕੇਗੀ। ਉਹਨਾਂ ਕਿਹਾ ਕਿ ਜੋ ਕੁਝ ਹੁਣ ਤੱਕ ਸਾਹਮਣੇ ਆਇਆ ਹੈ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ