temperature | ਠੰਡੀਆਂ ਹਵਾਵਾਂ ਨੇ ਜਨ ਜੀਵਨ ਕੀਤਾ ਪ੍ਰਭਾਵਿਤ
ਬਠਿੰਡਾ (ਸੁਖਨਾਮ)। ਠੰਢੀਆਂ ਹਵਾਵਾਂ ਨੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰੱਖਿਆ ਹੈ। ਬਠਿੰਡਾ ਪੱਟੀ ਤੇ ਇਸਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਤਾਪਮਾਨ ਰੋਜ਼ਾਨਾ ਹੇਠਾਂ ਵੱਲ ਨੂੰ ਜਾ ਰਿਹਾ ਹੈ। ਠੰਢ ਦੇ ਅਸਰ ਦਾ ਹੀ ਨਤੀਜਾ ਹੈ ਕਿ ਸਰਕਾਰੀ ਸਮੇਤ ਨਿੱਜੀ ਹਸਪਤਾਲਾਂ ਵਿੱਚ ਠੰਢ ਨਾਲ ਬਿਮਾਰ ਹੋਣ ਕਰਕੇ ਆਉਣ ਵਾਲਿਆਂ ਦੀ ਗਿਣਤੀ ਵਧ ਗਈ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਿਕ ਅੱਜ ਬਠਿੰਡਾ ਵਿੱਚ ਤਾਪਮਾਨ 2.8 ਡਿਗਰੀ ਰਿਹਾ।
ਵੇਰਵਿਆਂ ਮੁਤਾਬਿਕ ਬਠਿੰਡਾ ਖੇਤਰ ਵਿੱਚ ਕੱਲ੍ਹ ਤਾਪਮਾਨ 4 ਡਿਗਰੀ ਸੀ ਜੋ ਅੱਜ ਘਟਕੇ 2.8 ਡਿਗਰੀ ਰਹਿਣ ਨਾਲ ਲੋਕ ਸਾਰਾ ਦਿਨ ਠਰੂੰ-ਠਰੂੰ ਕਰਦੇ ਰਹੇ। ਠੰਢ ਕਾਰਨ ਕਾਰੋਬਾਰੀ ਖੇਤਰਾਂ ਵਿੱਚ ਵੀ ਖੜੋਤ ਆ ਗਈ ਹੈ। ਦੋ ਪਹੀਆ ਵਾਹਨ ਚਾਲਕਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੇਤੀ ਖੇਤਰ ਲਈ ਭਾਵੇਂ ਇਹ ਮੌਸਮ ਲਾਹੇਵੰਦ ਦੱਸਿਆ ਜਾ ਰਿਹਾ ਪਰ ਮਨੁੱਖੀ ਜੀਵਨ ਜਿਨ੍ਹਾਂ ਵਿੱਚ ਖਾਸ ਕਰਕੇ ਬੇਸਹਾਰਾ ਲੋਕ ਹਨ, ਉਹਨਾਂ ਲਈ ਸੰਕਟ ਦੀ ਘੜੀ ਬਣਿਆ ਹੋਇਆ ਹੈ। ਇਸ ਦੇ ਮੱਦੇਨਜਰ ਸਹਾਰਾ ਤੇ ਜਨਸੇਵਾ ਦੀ ਟੀਮ ਨੇ ਬਠਿੰਡਾ ਰੇਲਵੇ ਸਟੇਸ਼ਨ ਦੇ ਉਡੀਕਘਰਾਂ ‘ਚ ਯਾਤਰੀਆਂ ਨੂੰ ਠੰਢ ਤੋਂ ਬਚਾਉਣ ਲਈ ਜਲਾਈਆਂ ਜਾਂਦੀਆਂ ਧੂਣੀਆਂ ਦੇ ਸਮੇਂ ਨੂੰ ਵੀ ਵਧਾ ਦਿੱਤਾ ਹੈ ਇਸ ਤੋਂ ਇਲਾਵਾ ਇੱਕ ਭੱਠੀ ਹੋਰ ਲਗਾਈ ਜਾ ਰਹੀ ਹੈ ਤਾਂ ਕਿ ਯਾਤਰੀਆਂ ਨੂੰ ਠੰਢ ਤੋਂ ਬਚਾਇਆ ਜਾ ਸਕੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਵੱਲੋਂ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਗਰਮ ਕੱਪੜੇ ਆਦਿ ਵੰਡੇ ਜਾ ਰਹੇ ਹਨ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਸਮੇਤ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਬੇਸਹਾਰਾ ਲੋਕਾਂ ਦੀ ਸੰਭਾਲ ਕੀਤੀ ਜਾ ਰਹੀ ਹੈ। ਡੇਰਾ ਸ਼ਰਧਾਲੂਆਂ ਨੇ ਬੇਸਹਾਰਾ ਪਸ਼ੂਆਂ ਦੀ ਸੰਭਾਲ ਵੀ ਸ਼ੁਰੂ ਕਰ ਦਿੱਤੀ ਤਾਂ ਜੋ ਇਨਸਾਨਾਂ ਦੇ ਨਾਲ ਨਾਲ ਪਸ਼ੂਆਂ ਨੂੰ ਵੀ ਠੰਢ ਤੋਂ ਬਚਾਇਆ ਜਾ ਸਕੇ। ਨਗਰ ਨਿਗਮ ਵੱਲੋਂ ਵੀ ਸੰਸਥਾ ਸਹਾਰਾ ਨਾਲ ਮਿਲਕੇ ਸ਼ਹਿਰ ਵਿੱਚ 2 ਰੈਣ ਬਸੇਰੇ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਬੇਸਹਾਰਾ ਲੋਕਾਂ ਤੋਂ ਇਲਾਵਾ ਯਾਤਰੀ ਵੀ ਮੁਫ਼ਤ ਵਿੱਚ ਰਾਤ ਕੱਟ ਸਕਦੇ ਹਨ।
ਮੌਸਮ ਵਿਭਾਗ ਵੱਲੋਂ ਆਉਣ ਵਾਲੇ 7 ਦਿਨਾਂ ਦਾ ਜੋ ਅਨੁਮਾਨ ਲਗਾ ਭਵਿੱਖਬਾਣੀ ਜਾਰੀ ਕੀਤੀ ਹੈ ਉਸ ਅਨੁਸਾਰ 28 ਦਸੰਬਰ ਤੋਂ 1 ਜਨਵਰੀ ਤੱਕ ਘੱਟ ਤੋਂ ਘੱਟ ਤਾਪਮਾਨ 4.0 ਡਿਗਰੀ ਤੋਂ 7.0 ਡਿਗਰੀ ਦਰਮਿਆਨ ਰਹਿ ਸਕਦਾ ਹੈ ਜਦੋਂਕਿ ਵੱਧ ਤੋਂ ਵੱਧ ਤਾਪਮਾਨ 12.0 ਤੋਂ 16.0 ਡਿਗਰੀ ਰਹਿਣ ਦਾ ਅਨੁਮਾਨ ਹੈ ਇਨ੍ਹਾਂ ਦਿਨਾਂ ਦੌਰਾਨ 4.6 ਕਿਲੋਮੀਟਰ ਪ੍ਰਤੀ ਘੰਟਾ ਤੋਂ ਲੈ ਕਿ 11.1 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਠੰਢੀਆਂ ਹਵਾਵਾਂ ਵੀ ਚੱਲ ਸਕਦੀਆਂ ਹਨ, ਉਂਜ ਮੌਸਮ ਖੁਸ਼ਕ ਰਹੇਗਾ ਪਰ ਹਲਕੀ ਤੋਂ ਦਰਮਿਆਨੀ ਧੁੰਦ ਪੈ ਸਕਦੀ ਹੈ
ਸਿਹਤ ਮਾਹਿਰ ਡਾ. ਅਸ਼ਵਨੀ ਮਿੱਤਲ ਨੇ ਕਿਹਾ ਕਿ ਠੰਢ ਦੇ ਮੌਸਮ ਵਿਚ ਜਦੋਂ ਵੀ ਬਾਹਰ ਨਿਕਲੋ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖੋ ਅਤੇ ਕੋਸਾ ਪਾਣੀ ਪੀਓ ਉਨ੍ਹਾਂ ਕਿਹਾ ਕਿ ਹੀਟਰ ਸੇਕਦੇ ਵੇਲੇ ਇੱਕਦਮ ਬਾਹਰ ਨਾ ਨਿਕਲੋ ਇਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ
ਪਿਛਲੇ ਚਾਰ ਦਿਨ ਤੋਂ ਰੋਜ਼ਾਨਾ ਘਟ ਰਿਹੈ ਤਾਪਮਾਨ
ਮੌਸਮ ਵਿਭਾਗ ਵੱਲੋਂ ਰੋਜ਼ਾਨਾ ਜ਼ਾਰੀ ਕੀਤੀ ਜਾਂਦੀ ਰਿਪੋਰਟ ਦੇ ਅਧਿਐਨ ਮੁਤਾਬਿਕ ਪਿਛਲੇ ਚਾਰ ਦਿਨ ਤੋਂ ਤਾਪਮਾਨ ਰੋਜ਼ਾਨਾ ਘਟ ਰਿਹਾ ਹੈ। 24 ਦਸੰਬਰ ਨੂੰ ਤਾਪਮਾਨ 6.5 ਡਿਗਰੀ ਸੀ ਜੋ 25 ਨੂੰ 6 ਡਿਗਰੀ ਰਹਿ ਗਿਆ। 26 ਦਸੰਬਰ ਨੂੰ ਤਾਪਮਾਨ ਵਿੱਚ 2 ਡਿਗਰੀ ਗਿਰਾਵਟ ਹੋਣ ਨਾਲ 4 ਡਿਗਰੀ ਰਿਹਾ ਜਦੋਂਕਿ ਅੱਜ 2.8 ਡਿਗਰੀ ਦਰਜ਼ ਹੋਇਆ ਹੈ।
ਪਿਛਲੇ 4 ਸਾਲਾਂ ਨਾਲੋਂ ਅੱਜ ਦਾ 27 ਦਸੰਬਰ ਦਿਨ ਰਿਹਾ ਸਭ ਤੋਂ ਠੰਢਾ
ਸਾਲ 2015 ‘ਚ ਅੱਜ ਦੇ ਦਿਨ ਤਾਪਮਾਨ ਘੱਟ ਤੋਂ ਘੱਟ 5.8 ਡਿਗਰੀ, 2016 ‘ਚ 3.5, 2017 ‘ਚ 7.2 ਅਤੇ 2018 4.0 ਡਿਗਰੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।