ਹਿੰਸਕ ਝੜਪ ‘ਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ
ਫਿਰੋਜ਼ਪੁਰ, ਸੱਚ ਕਹੂੰ ਨਿਊਜ਼। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲਖਮੀਰ ਕੇ ਹਿਠਾੜ ਵਿੱਚ ਪੋਲਿੰਗ ਬੂਥ ‘ਤੇ ਹਿੰਸਕ ਝੜਪ ਹੋਣ ਤੇ ਬਦਮਾਸ਼ਾਂ ਵੱਲੋਂ ਬੈਲਟ ਬਾਕਸ ਨੂੰ ਅੱਗ ਹਵਾਲੇ ਕਰਨ ਦੀ ਸੂਚਨਾ ਹੈ। ਇਸ ਦੌਰਾਨ ਹੋਈ ਹਿੰਸਕ ਝੜਪ ‘ਚ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਵੀ ਖਬਰ ਹੈ ਪਰ ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।
ਜਾਣਕਾਰੀ ਅਨੁਸਾਰ ਪਿੰਡ ਲਖਮੀਰ ਕੇ ਹਿਠਾੜ ਵਿਖੇ ਕੁਝ ਬਦਮਾਸਾਂ ਵੱਲੋਂ ਪੋਲਿੰਗ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।ਇਸ ਦੌਰਾਨ ਜਦੋਂ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਝੜਪ ਹੋ ਗਈ। ਇਸੇ ਦੌਰਾਨ ਕਿਸੇ ਬਦਮਾਸ਼ ਨੇ ਬੈਲਟ ਬਾਕਸ ਨੂੰ ਅੱਗ ਲਾ ਦਿੱਤੀ। ਇਸ ਮੌਕੇ ਮੌਜ਼ੂਦ ਪੋਲਿੰਗ ਪਾਰਟੀ ਨੇ ਵੋਟਿੰਗ ਰੋਕਦਿਆਂ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾਂ ਵੱਜੀਆਂ ਹਨ। ਪਤਾ ਲੱਗਿਆ ਹੈ ਕਿ ਪਿੰਡ ਦੇ ਪੋਲਿੰਗ ਬੂਥ ਵਿੱਚ ਦੋ ਕਾਂਗਰਸੀ ਧਿਰਾਂ ਦੀ ਹੀ ਆਪਸ ਵਿੱਚ ਝੜਪ ਹੋਈ ਹੈ ਤੇ ਇਸੇ ਦੌਰਾਨ ਉਨ੍ਹਾਂ ਭੰਨ-ਤੋੜ ਤੇ ਅਗਜ਼ਨੀ ਦੀ ਘਟਨਾ ਨੂੰ ਅੰਜਾਮ ਦਿੱਤਾ।
ਇਸ ਸਬੰਧੀ ਮੌਕੇ ‘ਤੇ ਮੌਜੂਦ ਇੱਕ ਵੋਟਰ ਨੇ ਦੱਸਿਆ ਕਿ ਬਦਮਾਸਾਂ ਕਿਸੇ ਵਿਅਕਤੀ ਦੇ ਸੱਟਾਂ ਮਾਰੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ ਪਰ ਅਜੇ ਤੱਕ ਹਿੰਸਾ ਕਰਨ ਵਾਲਿਆਂ ਤੇ ਮ੍ਰਿਤਕ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ। ਘਟਨਾ ਸਬੰਧੀ ਪਤਾ ਲੱਗਣ ‘ਤੇ ਐਸਪੀ ਬਲਜੀਤ ਸਿੰਘ ਸਿੱਧੂ ਨੇ ਘਟਨਾ ਦਾ ਜਾਇਜ਼ਾ ਲਿਆ। ਮੌਕੇ ‘ਤੇ ਪੁੱਜੀ ਪੁਲਿਸ ਨੇ ਪੋਲਿੰਗ ਬੂਥ ਦੀ ਘੇਰਾਬੰਦੀ ਕਰ ਦਿੱਤੀ ਹੈ। ਫਿਲਹਾਲ ਅਜੇ ਇੱਥੇ ਵੋਟਿੰਗ ਰੋਕ ਦਿੱਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।