ਬਾਜਵਾ ਵੱਲੋਂ ਨਾਬਾਰਡ ਨੂੰ ਕਰਜ਼ਾ ਸਕੀਮਾਂ ਦੇ ਨਿਯਮ ਪੰਜਾਬ ਦੇ ਅਨੁਕੂਲ ਬਣਾਉਣ ਦੀ ਅਪੀਲ

Bajwa urges NABARD for adjust Punjab's rules for loan schemes

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵੱਲੋਂ ਸਟੇਟ ਕਰੈਡਿਟ ਸੈਮੀਨਾਰ ਮੌਕੇ ਸਾਲ 2021-22 ਲਈ ਸਟੇਟ ਫੋਕਸ ਪੇਪਰ ਜਾਰੀ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਨਾਬਾਰਡ ਨੂੰ ਆਪਣੀਆਂ ਨੀਤੀਆਂ, ਪ੍ਰੋਗਰਾਮ ਅਤੇ ਦਿਸ਼ਾ ਨਿਰਦੇਸ਼ ਸੂਬਿਆਂ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਤਿਆਰ ਕਰਨ ਦੀ ਅਪੀਲ ਕੀਤੀ । ਉਨਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਨਾਬਾਰਡ ਨੂੰ ਆਪਣੇ ਕਰਜ਼ਾ ਨਿਯਮ ਪੰਜਾਬ ਦੇ ਅਨੁਕੂਲ ਬਣਾਉਣੇ ਚਾਹੀਦੇ ਹਨ।
ਨਾਬਾਰਡ ਵੱਲੋਂ ਪੰਜਾਬ ਸੂਬੇ ਲਈ ਸਾਲ 2020-21 ਲਈ 230664.81 ਕਰੋੜ ਰੁਪਏ ਦੀ ਕਰਜ਼ ਸਮਰੱਥਾ ਵਾਲਾ ਸਟੇਟ ਕਰੈਡਿਟ ਸੈਮੀਨਾਰ ਕਰਵਾਇਆ ਗਿਆ। ਸ੍ਰੀ ਬਾਜਵਾ ਵੱਲੋਂ ਸਟੇਟ ਕਰੈਡਿਟ ਸੈਮੀਨਾਰ ਮੌਕੇ ਸਾਲ 2021-22 ਲਈ ਨਾਬਾਰਡ ਵੱਲੋਂ ਤਿਆਰ ਕੀਤਾ ਸਟੇਟ ਫੋਕਸ ਪੇਪਰ ਵੀ ਜਾਰੀ ਕੀਤਾ ਗਿਆ।

ਭਾਰਤੀ ਰਿਜ਼ਰਵ ਬੈਂਕ ਦੁਆਰਾ ਦਿੱਤੇ ਗਏ ਸੋਧੇ ਨਿਯਮਾਂ ਅਨੁਸਾਰ ਨਾਬਾਰਡ ਨੇ ਪੰਜਾਬ ਵਿੱਚ ਤਰਜੀਹੀ ਖੇਤਰ ਲੈਂਡਿੰਗ (ਉਧਾਰ) ਅਧੀਨ 230664.81 ਕਰੋੜ ਰੁਪਏ ਦੇ ਕਰਜ਼ੇ ਦੇਣ ਦਾ ਅਨੁਮਾਨ ਲਗਾਇਆ ਗਿਆ।

ਸਮੁੱਚੀ ਕਰਜ਼ ਯੋਜਨਾ ਵਿੱਚੋਂ ਫ਼ਸਲੀ ਕਰਜ਼ੇ ਦਾ ਹਿੱਸਾ 98211.12 ਕਰੋੜ (ਕੁੱਲ ਦਾ 43 ਫ਼ੀਸਦੀ) ਰੁਪਏ, ਖੇਤੀਬਾੜੀ  ਟਰਮ ਲੋਨ 23899.46 ਕਰੋੜ (10 ਫ਼ੀਸਦੀ) ਰੁਪਏ, ਐਮ.ਐਸ.ਐਮ.ਈ. ਲਈ 42091.60 ਕਰੋੜ (18 ਫ਼ੀਸਦੀ) ਰੁਪਏ, ਸਹਾਇਕ ਖੇਤੀਬਾੜੀ ਗਤੀਵਿਧੀਆਂ ਲਈ 15002.60 ਕਰੋੜ (7 ਫ਼ੀਸਦੀ) ਰੁਪਏ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਲਈ 6580.58 ਕਰੋੜ (3 ਫ਼ੀਸਦੀ) ਰੁਪਏ ਹੈ।
ਸ੍ਰੀ ਬਾਜਵਾ ਨੇ ਅਜਿਹੇ ਢਾਂਚੇ ਵਾਲੇ ਅਤੇ ਵਿਆਪਕ ਦਸਤਾਵੇਜ਼ਾਂ ਨੂੰ ਤਿਆਰ ਕਰਨ ਲਈ ਨਾਬਾਰਡ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜੋ ਸੂਬੇ ਦੀ ਪੇਂਡੂ ਆਰਥਿਕਤਾ ਦੇ ਹਰੇਕ ਉਪ-ਖੇਤਰ ਅਧੀਨ ਉਪਲਬਧ ਸੰਭਾਵਨਾਵਾਂ ਨੂੰ ਦਰਸਾਉਂਦੀ ਹੈ।

ਉਨਾਂ ਅਨੁਮਾਨਿਤ ਕਰਜ਼ਾ ਸੰਭਾਵਨਾ ਅਤੇ ਟੀਚਾਗਤ ਵਿਕਾਸ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਤੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਹਨਾਂ ਬੈਂਕਾਂ ਨੂੰ ਖੇਤੀਬਾੜੀ ਆਮਦਨ ਵਿੱਚ ਵਾਧਾ ਕਰਨ ਅਤੇ ਸਾਲ -2022 ਤੱਕ ਇਸ ਨੂੰ ਦੁੱਗਣਾ ਕਰਨ ਦੇ ਉਦੇਸ਼ ਨਾਲ ਪੂੰਜੀਗਤ ਇਕਾਈਆਂ ਜਿਵੇਂ ਕਿ ਡੇਅਰੀ, ਪੋਲਟਰੀ, ਮੱਛੀ ਪਾਲਣ ਅਤੇ ਐਗਰੋ-ਪ੍ਰੋਸੈਸਿੰਗ ਇਕਾਈਆਂ ਲਈ ਕਰਜ਼ਾ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ। ਉਨਾਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਉਹਨਾਂ ਦੇ ਖੇਤਾਂ ਵਿੱਚ ਛੋਟੀਆਂ ਅਤੇ ਵਪਾਰਕ ਡੇਅਰੀ ਇਕਾਈਆਂ, ਸੂਰ ਪਾਲਣ, ਪੋਲਟਰੀ ਇਕਾਈਆਂ ਦੇ ਨਾਲ-ਨਾਲ ਛੋਟੇ-ਛੋਟੇ ਬਗੀਚੇ ਲਗਾਉਣ ਦੀ ਲੋੜ ‘ਤੇ ਜੋਰ ਵੀ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।