ਮੁੱਖ ਮੰਤਰੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਲਾਇਬ੍ਰੇਰੀ ਲੋਕਾਂ ਨੂੰ ਸਮਰਿਪਤ

Bhagwant Maan
ਲਾਇਬ੍ਰੇਰੀ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।

ਸੰਗਰੂਰ ਜ਼ਿਲ੍ਹੇ ’ਚ 28 ਹੋਰ ਲਾਇਬ੍ਰੇਰੀਆਂ ਬਣਨਗੀਆਂ

  • ਗਿਆਨ ਦੇ ਪਸਾਰ ਲਈ ਇਹ ਲਾਇਬ੍ਰੇਰੀ ਮਾਡਲ, ਸੂਬੇ ਭਰ ਵਿੱਚ ਲਾਗੂ ਕੀਤਾ ਜਾਵੇਗਾ : ਭਗਵੰਤ ਮਾਨ
  • ਆਈ.ਏ.ਐਸ., ਪੀ.ਸੀ.ਐਸ. ਤੇ ਹੋਰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਲਈ ਪੰਜਾਬ ਵਿੱਚ ਅੱਠ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ

ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਮੁੱਖ ਮੰਤਰੀ ਭਗਵੰਤ (Bhagwant Maan) ਮਾਨ ਨੇ ਗਿਆਨ ਦੇ ਪਸਾਰ ਲਈ ਨਵੀਨੀਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜ਼ਿਲ੍ਹਾ ਲਾਇਬ੍ਰੇਰੀ ਸੰਗਰੂਰ ਦੇ ਲੋਕਾਂ ਨੂੰ ਸਮਰਪਿਤ ਕੀਤੀ ੲਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੰਪਿਊਟਰ ਸੈਕਸ਼ਨ, ਏਅਰ ਕੰਡੀਸ਼ਨਿੰਗ, ਆਰ.ਓ. ਵਾਟਰ ਸਪਲਾਈ ਤੇ ਆਧੁਨਿਕ ਲੈਂਡ ਸਕੇਪਿੰਗ ਸਣੇ ਇਸ ਲਾਇਬ੍ਰੇਰੀ ਵਿੱਚ ਤਕਰੀਬਨ 250 ਵਿਦਿਆਰਥੀਆਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਆਧੁਨਿਕ ਸਹੂਲਤਾਂ ਵਾਲੀ ਇਸ ਲਾਇਬ੍ਰੇਰੀ ਨੂੰ 1.12 ਕਰੋੜ ਰੁਪਏ ਦੀ ਲਾਗਤ ਨਾਲ ਇਕ ਆਦਰਸ਼ ਲਾਇਬ੍ਰੇਰੀ ਵਜੋਂ ਸਥਾਪਤ ਕੀਤਾ ਗਿਆ ਹੈ।

ਭਗਵੰਤ (Bhagwant Maan) ਮਾਨ ਨੇ ਕਿਹਾ ਕਿ ਅਜਿਹੀਆਂ 28 ਹੋਰ ਲਾਇਬ੍ਰੇਰੀਆਂ ਇਕੱਲੇ ਸੰਗਰੂਰ ਜ਼ਿਲ੍ਹੇ ਵਿੱਚ ਬਣਾਈਆਂ ਜਾਣਗੀਆਂ ਤਾਂ ਜੋ ਜ਼ਿਲ੍ਹੇ ਵਿੱਚ ਗਿਆਨ ਦੇ ਪਸਾਰ ਦਾ ਲੋਕ ਲਹਿਰ ਵਿੱਚ ਵਟਣਾ ਯਕੀਨੀ ਬਣਾਇਆ ਜਾ ਸਕੇ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਨੂੰ ਲਾਭ ਦੇਣ ਲਈ ਸੂਬੇ ਭਰ ਦੀਆਂ ਲਾਇਬ੍ਰੇਰੀ ਦਾ ਇਸੇ ਤਰਜ਼ ਉਤੇ ਨਵੀਨੀਕਰਨ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਈ.ਏ.ਐਸ., ਪੀ.ਸੀ.ਐਸ. ਸਣੇ ਹੋਰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਦੇਣ ਲਈ ਪੰਜਾਬ ਭਰ ਵਿੱਚ ਅੱਠ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ।ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸੈਂਟਰ ਯਕੀਨੀ ਬਣਾਉਣਗੇ ਕਿ ਪੰਜਾਬੀ ਵਿਦਿਆਰਥੀ ਇਨ੍ਹਾਂ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਿੱਚ ਪਾਸ ਕੇ ਹੋ ਕੇ ਪੂਰੇ ਉਤਸ਼ਾਹ ਨਾਲ ਦੇਸ਼ ਦੀ ਸੇਵਾ ਕਰਨ।

ਇਹ ਵੀ ਪੜ੍ਹੋ : ਭੇਤ-ਭਰੇ ਹਾਲਾਤਾਂ ’ਚ ਗੋਲੀ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਸ਼ਾਸਨਕਾਲ ਦੇ ਇਕ ਸਾਲ ਦੇ ਅੰਦਰ ਸੂਬੇ ਦੇ ਨੌਜਵਾਨਾਂ ਨੂੰ 30,000 ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਹੋਰ ਭਰਤੀ ਵੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਕਾਰਜ ਨੂੰ ਪੜਾਅਵਾਰ ਢੰਗ ਨਾਲ ਪੂਰਾ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਸਮੁੱਚੀ ਭਰਤੀ ਪਾਰਦਰਸ਼ੀ ਅਤੇ ਮੈਰਿਟ ਦੇ ਆਧਾਰ ਉਤੇ ਕੀਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਸਮੁੱਚੀ ਭਰਤੀ ਪ੍ਰਕਿਰਿਆ ਦੌਰਾਨ ਢੁਕਵੀਂ ਵਿਧੀ ਅਪਣਾਈ ਗਈ, ਜਿਸ ਸਦਕਾ ਅਜੇ ਤੱਕ 30,000 ਨੌਕਰੀਆਂ ਵਿੱਚੋਂ ਇੱਕ ਨੌਕਰੀ ਨੂੰ ਅਦਾਲਤ ਵਿਚ ਚੁਣੌਤੀ ਨਹੀਂ ਮਿਲੀ।

ਪਿਛਲੀਆਂ ਸਰਕਾਰਾਂ ਦੀ ਸਖ਼ਤ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਸਮੇਂ ਵਿਚ ਰਹੀਆਂ ਸਰਕਾਰਾਂ ਭਿ੍ਰਸ਼ਟਾਚਾਰ ਵਿੱਚ ਸ਼ਾਮਲ ਸਨ ਅਤੇ ਬਾਕੀ ਨੇਤਾਵਾਂ ਨਾਲ ਮਿਲ ਕੇ ਸਾਬਕਾ ਮੰਤਰੀਆਂ ਨੇ ਲੋਕਾਂ ਦਾ ਪੈਸਾ ਲੁੱਟਿਆ ਇਸ ਦੀ ਮਿਸਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਨਾਲ ਸਬੰਧਤ ਇਕ ਸਾਬਕਾ ਮੰਤਰੀ ਦੇ ਘਰੋਂ ਨੋਟ ਗਿਣਨ ਵਾਲੀਆਂ ਦੋ ਮਸ਼ੀਨਾਂ ਬਰਾਮਦ ਹੋਈਆਂ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਲੋਕਾਂ ਨੇ ਅਹੁਦੇ ਦੀ ਦੁਰਵਰਤੋਂ ਕਰਕੇ ਗੈਰ-ਕਾਨੂੰਨੀ ਢੰਗ ਨਾਲ ਕਿਸ ਤਰ੍ਹਾਂ ਪੈਸਾ ਕਮਾਇਆ ਸੀ।

Bhagwant Maan
ਲਾਇਬੇ੍ਰਰੀ ’ਚ ਬੈਠ ਕੇ ਕਿਤਾਬ ਪੜ੍ਹਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।

ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਉਹ ਪੰਜਾਬ ਦੇ ਲੋਕਾਂ ਖਾਸ ਕਰਕੇ ਸੰਗਰੂਰ ਦੇ ਲੋਕਾਂ ਦੇ ਰਿਣੀ ਹਨ ਅਤੇ ਆਪਣੀ ਜ਼ਿੰਦਗੀ ਵਿਚ ਕਦੇ ਵੀ ਨਹੀਂ ਭੁੱਲਣਗੇ ਮੁੱਖ ਮੰਤਰੀ ਨੇ ਉਨ੍ਹਾਂ ਵੱਲੋਂ ਸੰਸਦ ਮੈਂਬਰ ਦੇ ਤੌਰ ਉਤੇ ਇਸ ਹਲਕੇ ਵਿੱਚ ਦਿੱਤੀਆਂ ਗਰਾਂਟਾਂ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਲਈ ਸੰਗਰੂਰ ਵਾਸੀਆਂ ਦੀ ਭਰਵੀਂ ਸ਼ਲਾਘਾ ਕੀਤੀ।

ਇਸ ਮੌਕੇ ਵਿਧਾਇਕ ਨਰਿੰਦਰ ਕੌਰ, ਆਈ.ਜੀ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸਐਸਪੀ ਸੁਰੇਂਦਰ ਲਾਂਬਾ, ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਨਗਰ ਸੁਧਾਰ ਟਰੱਸਟ ਪ੍ਰੀਤਮ ਸਿੰਘ ਪੀਤੂ, ਚੇਅਰਮੈਨ ਪੀਆਈਸੀਟੀਸੀ ਗੁਨਿੰਦਰਜੀਤ ਸਿੰਘ ਜਵੰਦਾ, ਚੇਅਰਮੈਨ ਗਊ ਸੇਵਾ ਕਮਿਸ਼ਨ ਅਸ਼ੋਕ ਕੁਮਾਰ ਲੱਖਾ ਵੀ ਹਾਜ਼ਰ ਸਨ।