ਮਨੀਸ਼ਾ ਗੁਲਾਟੀ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲ ਕੇ ਪ੍ਰਗਟਾਈ ਹਮਦਰਦੀ
(ਸੁਖਜੀਤ ਮਾਨ) ਮਾਨਸਾ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ (Manisha Gulati) ਵੀ ਪੁੱਜੇ। ਉਨ੍ਹਾਂ ਮੂਸੇਵਾਲਾ ਨਾਲ ਫੋਨ ’ਤੇ ਹੋਈਆਂ ਗੱਲਾਬਾਤਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਸਦੇ ਤੁਰ ਜਾਣ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਮੂਸੇਵਾਲਾ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ‘ਮਾਂ’ ’ਤੇ ਇੱਕ ਗੀਤ ਗਾਏਗਾ ਕਿਉਂਕਿ ਉਹ ਜੋ ਕੁੱਝ ਹੈ ਉਹ ਆਪਣੀ ਮਾਂ ਅਤੇ ਪਿਤਾ ਕਰਕੇ ਹੀ ਹੈ ਪਰ ਹੁਣ ਉਨ੍ਹਾਂ ਵੱਲੋਂ ਕੀਤੇ ਗਏ ਵਾਅਦੇ ਨੂੰ ਕਰਨ ਔਜਲਾ ਪੂਰਾ ਕਰੇਗਾ, ਔਜਲਾ ਨਾਲ ਵੀ ਉਨ੍ਹਾਂ ਦੀ ਇਸ ਬਾਰੇ ਗੱਲਬਾਤ ਹੋਈ ਹੈ।
‘ਮਾਂ’ ’ਤੇ ਇੱਕ ਗੀਤ ਗਾ ਕੇ ਸਿੱਧੂ ਮੂਸੇਵਾਲਾ ਦਾ ਵਾਅਦਾ ਪੂਰਾ ਕਰੇਗਾ ਕਰਨ ਔਜਲਾ
ਉਨ੍ਹਾਂ ਕਿਹਾ ਕਿ ਮੂਸੇਵਾਲਾ ਨੇ ਇਹ ਵੀ ਕਿਹਾ ਸੀ ਕਿ ਮਾਂ ਦੇ ਗੀਤ ਨੂੰ ਉਹ ਕਮਿਸ਼ਨ ਦੇ ਦਫ਼ਤਰ ’ਚ ਹੀ ਮਾਂ ਨੂੰ ਨਾਲ ਲਿਆ ਕੇ ਲਾਂਚ ਕਰਨਗੇ। ਚੇਅਰਪਰਸਨ ਨੇ ਅੱਗੇ ਕਿਹਾ ਕਿ ਅਜਿਹਾ ਦੁੱਖ ਕਿਸੇ ਦੇ ਵੀ ਮਾਪਿਆਂ ਨੂੰ ਨਾ ਝੱਲਣਾ ਪਵੇ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਅਜਿਹੇ ਮਾਰੂ ਹਥਿਆਰ ਜੋ ਪੰਜਾਬ ’ਚ ਆ ਰਹੇ ਹਨ ਉਹ ਸਰਕਾਰ ਦੀ ਅਣਗਹਿਲੀ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਦੇਖਣਾ ਸਰਕਾਰ ਦਾ ਕੰਮ ਹੈ ਉਹ ਤਾਂ ਬਤੌਰ ਚੇਅਰਪਰਸਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਸੀ।
ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਤੁਰ ਜਾਣ ਦਾ ਬਹੁਤ ਦੁੱਖ ਹੈ ਕਿ ਇੱਕ ਗੱਭਰੂ ਜਵਾਨ, ਮਾਪਿਆਂ ਦਾ ਇਕਲੌਤਾ ਪੁੱਤ ਚਲਾ ਗਿਆ ਉਨ੍ਹਾਂ ਜੇਲ੍ਹਾਂ ’ਚੋਂ ਚੱਲਦੇ ਗੈਂਗਵਾਰ ਆਦਿ ਬਾਰੇ ਕੀਤੇ ਸਵਾਲ ’ਤੇ ਕੋਈ ਟਿੱਪਣੀ ਨਹੀਂ ਕੀਤੀ ਇਨ੍ਹਾਂ ਜ਼ਰੂਰ ਕਿਹਾ ਕਿ ‘ਇਹ ਦੇਖਣਾ ਕੰਮ ਸਰਕਾਰ ਦਾ ਹੈ, ਮੇਰਾ ਨਹੀਂ।’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ