ਅਪਰੇਸ਼ਨ ਲੋਟਸ… ਪੰਜਾਬ ਦੀ ‘ਆਪ’ ਸਰਕਾਰ ਨੂੰ ਡੇਗਣਾ ਚਾਹੁੰਦੀ ਐ ਭਾਜਪਾ, 25-25 ਕਰੋੜ ਰੁਪਏ ਦੇ ਦਿੱਤੇ ਜਾ ਰਹੇ ਹਨ ‘ਆਫਰ’

ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕੀਤਾ ਖ਼ੁਲਾਸਾ, 35 ਵਿਧਾਇਕ ਖਰੀਦਣਾ ਚਾਹੁੰਦੀ ਐ ਭਾਜਪਾ

  • ਦਿੱਲੀ ਅਤੇ ਪੰਜਾਬ ਭਾਜਪਾ ਦੇ ਲੀਡਰ ਅਤੇ ਦਲਾਲਾਂ ਰਾਹੀਂ ਆ ਰਹੇ ਹਨ ਵਿਧਾਇਕਾਂ ਨੂੰ ਫੋਨ  (Aam Aadmi Party Punjab)
  • ਦਿੱਲੀ ਤੋਂ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼
  • ਸਰਕਾਰ ਗਿਰਾਉਣ ਲਈ ਭਾਜਪਾ ਨੇ 1375 ਕਰੋੜ ਰੁਪਏ ਰੱਖੇ
  • ਵੱਡੇ ਆਹੁਦਿਆਂ ਦਾ ਵੀ ਲਾਲਚ ਦਿੱਤਾ ਗਿਆ
  • ਸੀਬੀਆਈ ਤੇ ਈਡੀ ਤੋਂ ਡਰਾ ਰਹੀ ਹੈ ਭਾਜਪਾ

( ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ (Aam Aadmi Party Punjab) ਨੂੰ ਭਾਜਪਾ ਡੇਗਣਾ ਚਾਹੁੰਦੀ ਹੈ, ਇਸ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲਗਾਤਾਰ ਫੋਨ ਆ ਰਹੇ ਹਨ ਕਿ ਉਹ ਆਪ ਨੂੰ ਛੱਡਦੇ ਹੋਏ ਭਾਜਪਾ ਦਾ ਸਾਥ ਦੇਣ। ਇਸ ਦੇ ਬਦਲੇ 25-25 ਕਰੋੜ ਰੁਪਏ ਹਰ ਵਿਧਾਇਕਾਂ ਨੂੰ ਦਿੱਤੇ ਜਾਣਗੇ। ਜੇਕਰ ਕੋਈ ਵਿਧਾਇਕ ਆਪਣੇ ਨਾਲ 2 ਤੋਂ 4 ਵਿਧਾਇਕ ਲੈ ਕੇ ਆਉਂਦਾ ਹੈ ਤਾਂ ਉਸ ਨੂੰ 70 ਕਰੋੜ ਰੁਪਏ ਤੱਕ ਦਿੱਤੇ ਜਾਣਗੇ। ਪੰਜਾਬ ਵਿੱਚ ਭਾਜਪਾ ਦੇ ਅਪਰੇਸ਼ਨ ਲੋਟਸ ਦੀ ਐਂਟਰੀ ਹੋ ਚੁੱਕੀ ਹੈ ਅਤੇ ਹੁਣ ਅਪਰੇਸ਼ਨ ਲੋਟਸ ਰਾਹੀਂ ਪੰਜਾਬ ਦੇ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਵੱਲੋਂ ਕਰ ਦਿੱਤੀ ਗਈ ਹੈ। ਇਹ ਵੱਡਾ ਖ਼ੁਲਾਸਾ ਸੀਨੀਅਰ ਕੈਬਨਿਟ ਮੰਤਰੀ ਹਰਪਾਲ ਚੀਮਾ ਵਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ।

ਹਰਪਾਲ ਚੀਮਾ ਨੇ ਕਿਹਾ ਕਿ ਅਪਰੇਸ਼ਨ ਲੋਟਸ ਰਾਹੀਂ ਜਿਸ ਤਰੀਕੇ ਨਾਲ ਕਾਂਗਰਸ ਅਤੇ ਟੀਐਮਸੀ ਦੇ ਵਿਧਾਇਕਾਂ ਨੂੰ ਭਾਜਪਾ ਖ਼ਰੀਦਦੀ ਆਈ ਹੈ, ਉਸੇ ਅਪਰੇਸ਼ਨ ਲੋਟਸ ਨੂੰ ਹੁਣ ਪੰਜਾਬ ਵਿੱਚ ਐਕਟਿਵ ਕੀਤਾ ਗਿਆ ਹੈ। ਪੰਜਾਬ ਵਿੱਚ ਉਨਾਂ ਦੀ ਪਾਰਟੀ ਦੇ ਵਿਧਾਇਕਾਂ ਨੂੰ ਲਗਾਤਾਰ ਫੋਨ ਆ ਰਹੇ ਹਨ ਅਤੇ ਮਿਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਪਾਰਟੀ ਨੂੰ ਛੱਡਦੇ ਹੋਏ ਇਸ ਸਰਕਾਰ ਨੂੰ ਡੇਗਣ ਵਿੱਚ ਭਾਜਪਾ ਦਾ ਸਾਥ ਦੇਣ ਅਤੇ ਇਸ ਦੇ ਬਦਲੇ 25 ਕਰੋੜ ਜਾਂ ਫਿਰ ਇਸ ਤੋਂ ਵੀ ਜਿਆਦਾ ਉਨਾਂ ਨੂੰ ਪੈਸੇ ਦੀ ਅਦਾਇਗੀ ਕੀਤੀ ਜਾਏਗੀ।

ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ 92 ਸੀਟਾਂ ’ਤੇ ਜਿੱਤ ਕੇ ਆਉਣ ਵਾਲੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨਾ ਹੀ ਲੋਕਤੰਤਰ ਦਾ ਕਤਲ ਕਰਨ ਦੇ ਬਰਾਬਰ ਹੈ। ਭਾਜਪਾ ਲੋਕ-ਤੰਤਰ ਦਾ ਘਾਣ ਕਰਦੇ ਪੰਜਾਬ ਵਿੱਚ ਇਸ ਤਰੀਕੇ ਨਾਲ ਕਾਮਯਾਬ ਨਹੀਂ ਹੋ ਸਕਦੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਦੇ 35 ਵਿਧਾਇਕਾਂ ਨੂੰ ਖਰੀਦ ਕਰ ਲਈਏ ਤਾਂ ਬਾਕੀ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਦੇ ਵਿਧਾਇਕਾਂ ਨੂੰ ਖ਼ਰੀਦ ਕਰਦੇ ਹੋਏ ਪੰਜਾਬ ਵਿੱਚ ਸਰਕਾਰ ਨੂੰ ਬਣਾ ਲਏਗੀ ਪਰ ਇਹੋ ਜਿਹਾ ਨਹੀਂ ਹੋਣ ਦਿੱਤਾ ਜਾਏਗਾ। ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਵਲੋਂ 1375 ਕਰੋੜ ਰੁਪਏ ਪੰਜਾਬ ਵਿੱਚ ਵਿਧਾਇਕਾਂ ਨੂੰ ਖ਼ਰੀਦਣ ਲਈ ਖ਼ਰਚ ਕੀਤੇ ਜਾਣਗੇ। ਉਹ ਭਾਜਪਾ ਤੋਂ ਪੁੱਛਣਾ ਚਾਹੁੰਦੇ ਹਨ ਕਿ ਇਹ 1375 ਕਰੋੜ ਰੁਪਏ ਕਿਥੇ ਰੱਖੇ ਹੋਏ ਹਨ ਅਤੇ ਇਨਾਂ ਪੈਸੇ ਨੂੰ ਕਿਹੜੇ ਸੋਰਸ ਰਾਹੀਂ ਇਕੱਠਾ ਕੀਤਾ ਗਿਆ ਹੈ ?

ਦਿੱਲੀ-ਪੰਜਾਬ ਦੇ ਲੀਡਰ ਕਹਿ ਰਹੇ ਹਨ ‘ਬਾਬੂ ਜੀ’ ਨਾਲ ਹੋਏਗੀ ਮੀਟਿੰਗ

ਹਰਪਾਲ ਚੀਮਾ ਨੇ ਦੱਸਿਆ ਕਿ ਜਿਹੜੇ 7 ਤੋਂ 10 ਵਿਧਾਇਕਾਂ ਨੂੰ ਫੋਨ ਆਏ ਹਨ, ਉਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਤਿਆਰ ਹਨ ਤਾਂ ਤੁਹਾਡੀ ਭਾਜਪਾ ਦੇ ਵੱਡੇ ਲੀਡਰਾਂ ਤੋਂ ਇਲਾਵਾ ‘ਬਾਬੂ ਜੀ’ ਨਾਲ ਮੀਟਿੰਗ ਕਰਵਾਈ ਜਾਏਗੀ। ਇਹ ਬਾਬੂ ਜੀ ਕੌਣ ਹਨ, ਉਸ ਬਾਰੇ ਤਾਂ ਨਹੀਂ ਦੱਸਿਆ ਜਾ ਰਿਹਾ ਹੈ ਕਿ ਪਰ ਇਸ਼ਾਰੇ ਵਿੱਚ ਹਰ ਕੋਈ ਸਮਝਦਾਰ ਹੈ ਕਿ ਕਿਹੜੇ ਬਾਬੂ ਜੀ ਨੂੰ ਮਿਲਣ ਬਾਰੇ ਕਿਹਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਵਿਧਾਇਕਾਂ ਨੂੰ ਮੀਟਿੰਗ ਕਰਵਾਉਣ ਅਤੇ ਖ਼ਰੀਦਣ ਲਈ ਦਿੱਲੀ ਤੇ ਪੰਜਾਬ ਦੇ ਭਾਜਪਾ ਲੀਡਰਾਂ ਦੇ ਫੋਨ ਆ ਰਹੇ ਹਨ।

ਭਗਵੰਤ ਮਾਨ ਤੇ ਕੇਜਰੀਵਾਲ ‘ਚ ਮਤਭੇਦ, ਧਿਆਨ ਭਟਕਾਉਣ ਲਈ ਲਾਏ ਝੂਠੇ ਦੋਸ਼ : ਭਾਜਪਾ

ਅਪਰੇਸ਼ਨ ਲੋਟਸ ਦੇ ਦੋਸ਼ ਲੱਗਣ ਤੋਂ ਤੁਰੰਤ ਬਾਅਦ ਭਾਜਪਾ ਦੇ ਕਈ ਵੱਡੇ ਲੀਡਰ ਮਨਜਿੰਦਰ ਸਿਰਸਾ, ਸੁਭਾਸ਼ ਸ਼ਰਮਾ ਅਤੇ ਰਾਜ ਕੁਮਾਰ ਵੇਰਕਾ ਨੇ ਅੱਗੇ ਆਉਂਦੇ ਪਟਵਾਰ ਕੀਤਾ ਹੈ। ਇਨਾਂ ਕਿਹਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵਿੱਚ ਕਾਫ਼ੀ ਜਿਆਦਾ ਮਤਭੇਦ ਉਭਰ ਚੁੱਕੇ ਹਨ, ਜਿਸ ਕਾਰਨ ਆਮ ਜਨਤਾ ਦਾ ਧਿਆਨ ਇਸ ਤੋਂ ਭਟਕਾਉਣ ਲਈ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਇਨਾਂ ਕਿਹਾ ਕਿ ਜੇਕਰ ਵਿਧਾਇਕਾਂ ਨੂੰ ਕੋਈ ਆਫਰ ਦੇ ਰਿਹਾ ਹੈ ਤਾਂ ਪੰਜਾਬ ਵਿੱਚ ਇਨਾਂ ਦੀ ਸਰਕਾਰ ਹੈ, ਫਿਰ ਇਹ ਐਫਆਈਆਰ ਦਰਜ਼ ਕਰਦੇ ਹੋਏ ਆਫਰ ਦੇਣ ਵਾਲੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ ?

ਸੀਬੀਆਈ ਤੇ ਈਡੀ ਤੋਂ ਡਰਾਉਣ ਦੀ ਕੋਸ਼ਸ਼ ਕਰ ਰਹੀ ਐ ਭਾਜਪਾ

ਹਰਪਾਲ ਚੀਮਾ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਲੀਡਰ ਜਿਹੜੇ ਵਿਧਾਇਕਾਂ ਨੂੰ ਫੋਨ ਕਰ ਰਹੇ ਹਨ, ਉਨਾਂ ਨੂੰ 25-25 ਕਰੋੜ ਰੁਪਏ ਦਾ ਆਫਰ ਦੇਣ ਦੇ ਨਾਲ ਹੀ ਧਮਕੀ ਵੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਨਾਂ ਦੀ ਗੱਲ ਨਹੀਂ ਮੰਨੀ ਗਈ ਤਾਂ ਸੀਬੀਆਈ ਜਾਂ ਫਿਰ ਈਡੀ ਤੋਂ ਛਾਪੇਮਾਰੀ ਕਰਵਾਉਂਦੇ ਹੋਏ ਝੂਠੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਜਿਸ ਤਰੀਕੇ ਨਾਲ ਡਰਾਇਆ ਹੈ, ਉਸ ਤੋਂ ਸਾਫ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਨਾਂ ਦੋਹੇ ਜਾਂਚ ਏਜੰਸੀਆਂ ਪੰਜਾਬ ਵਿੱਚ ਗਲਤ ਇਸਤੇਮਾਲ ਕੀਤਾ ਜਾਏਗਾ।

ਆਪ ਵੱਲੋਂ ਭਾਜਪਾ ’ਤੇ ਗੰਭੀਰ ਇਲਜ਼ਾਮ

  • 10 ਵਿਧਾਇਕਾਂ ਨੂੰ ਕੀਤੀ ਗਈ ਆਪਰੋਚ, ਦਿੱਤੀ ਕਰੋੜਾਂ ਦੀ ਆਫਰ
  • ਵਿਧਾਇਕ ਤੋੜਨ ਲਈ ਭਾਜਪਾ ਨੇ 1375 ਕਰੋੜ
  • ਵਿਧਾਇਕ ਲਿਆਉਣ ਨਾਲ ਲਿਆਉਣ ’ਤੇ 75 ਕਰੋੜ
  • 7 ਤੋਂ 10 ਵਿਧਾਇਕਾਂ ਨਾਲ ਭਾਜਪਾ ਨੇ  ਸੰਪਰਕ ਕੀਤਾ
  • ਭਾਜਪਾ ਲੋਕਤੰਤਰ ਦਾ ਕਤਲ ਕਰ ਰਹੀ ਹੈ
  • ਸੀਰੀਅਲ ਕਿਲਰ ਤਰ੍ਹਾਂ ਕੰਮ ਕਰ ਰਹੀ ਹੈ ਭਾਜਪਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ