ਏਟੀਐਮ ‘ਚ ਪੈਸੇ ਪਾਉਣ ਵਾਲੇ ਹੀ ਨਿੱਕਲੇ ਲੁਟੇਰੇ

ATM, Robbery, Robbers

ਨੋਟਬੰਦੀ ਤੋਂ ਪਹਿਲਾਂ ਤੇ ਮਗਰੋਂ ਕਰਦੇ ਰਹੇ ਹੇਰਾਫੇਰੀ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਏਟੀਐਮ ਵਿੱਚ ਕੈਸ਼ ਪਾਉਣ ਵਾਲੇ ਹੀ ਲੁਟੇਰੇ ਨਿੱਕਲੇ ਹਨ। ਇਨ੍ਹਾਂ ਵੱਲੋਂ ਹੁਣ ਤੱਕ 70 ਲੱਖ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇਹ ਏਟੀਐਮ ਵਿੱਚ ਪੂਰਾ ਕੈਸ਼ ਪਾਉਣ ਦੀ ਬਜਾਏ ਘੱਟ ਕੈਸ਼ ਪਾਉਂਦੇ ਸਨ ਅਤੇ ਕੈਸ਼ ਪੂਰਾ ਕਰਨ ਲਈ ਚੋਰੀ ਹੋਣ ਦੀ ਘਟਨਾ ਦਿਖਾਉਣ ਵਿੱਚ ਲੱਗੇ ਇਹ ਪੁਲਿਸ ਦੇ ਹੱਥੇ ਚੜ੍ਹ ਗਏ। ਪਟਿਆਲਾ ਪੁਲਿਸ ਨੇ ਇਸ ਗੋਰਖਧੰਦੇ ਵਿੱਚ ਲੱਗੇ ਏਟੀਐਮ ਵਿੱਚ ਪੈਸੇ ਪਾਉਣ ਵਾਲੀ ਕੰਪਨੀ ਦੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਪਾਸੋਂ ਨਗਦੀ ਅਤੇ ਲੁੱਟ ਵਾਲਾ ਸਾਜੋ- ਸਾਮਾਨ ਵੀ ਬਰਾਮਦ ਕੀਤਾ ਗਿਆ ਹੈ।
ਇਸ ਸਨਸਨੀਖੇਜ਼ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਚੋਰ ਕੋਈ ਬਾਹਰਲੇ ਵਿਅਕਤੀ ਨਹੀਂ ਸਨ ਸਗੋਂ ਏ.ਟੀ.ਐਮ. ‘ਚ ਨਗ਼ਦੀ ਪਾਉਣ ਵਾਲੀ ਕੰਪਨੀ ਸੀ.ਐਮ.ਐਸ. ਤੇ ਐਫ਼.ਐਸ.ਐਸ ਕੰਪਨੀ ਵਿੱਚ ਬਤੌਰ ਕੈਸ਼ ਲੋਡਰ, ਡਰਾਇਵਰ ਵਜੋਂ ਕੰਮ ਕਰਦੇ ਸਨ, ਜਿਨ੍ਹਾਂ ਨੇ ਨੋਟਬੰਦੀ ਤੋਂ ਪਹਿਲਾਂ ਕਰੀਬ 18 ਲੱਖ ਰੁਪਏ ਦਾ ਘਪਲਾ ਕੀਤਾ ਅਤੇ ਨੋਟਬੰਦੀ ਤੋਂ ਬਾਅਦ ਫ਼ਿਰ ਵੱਡਾ ਘਪਲਾ ਕੀਤਾ ਜੋ ਕਿ 70 ਲੱਖ ਰੁਪਏ ਤੋਂ ਲੈ ਕੇ ਕਰੀਬ 1 ਕਰੋੜ ਰੁਪਏ ਤੱਕ ਜਾ ਪੁੱਜਣਾ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ 16 ਮਾਰਚ ਦੀ ਰਾਤ ਨੂੰ ਪੁਰਾਣੀ ਪੁਲਿਸ ਲਾਇਨ ਪਟਿਆਲਾ ਤੋਂ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਵੱਲੋਂ ਐਸ.ਬੀ.ਆਈ. ਦੇ ਏ.ਟੀ.ਐਮ੍ਹ ਨੂੰ ਕੱਟ ਕੇ ਨਗ਼ਦੀ ਚੋਰੀ ਕੀਤੇ ਜਾਣ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਨੇ ਇਸ ਮੌਕੇ ਦਾ ਖ਼ੁਦ  ਜਾਇਜ਼ਾ ਲਿਆ ਤੇ ਇਸ ਵਾਰਦਾਤ ਨੂੰ ਹੱਲ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ। ਇਨ੍ਹਾਂ ਟੀਮਾਂ ਵੱਲੋਂ ਵੱਖ-ਵੱਖ ਪਹਿਲੂਆਂ ‘ਤੇ ਕੀਤੀ ਜਾਂਚ ਦੌਰਾਨ ਏ.ਟੀ.ਐਮਾਂ ਵਿੱਚ ਕੈਸ਼ ਪਾਉਣ ਵਾਲੀਆਂ ਕੰਪਨੀਆਂ ਸੀ.ਐਮ.ਐਸ. ਤੇ ਐਫ਼.ਐਸ.ਐਸ. ਨਾਲ ਤਾਲਮੇਲ ਕੀਤਾ ਅਤੇ ਏ.ਟੀ.ਐਮਾਂ ਵਿੱਚ ਕੈਸ਼ ਪਾਉਣ ਵਾਲੇ ਕਸਟੋਡੀਅਨ ਤੇ ਕੈਸ਼ ਲੋਡਰਾਂ ਦਾ ਰਿਕਾਰਡ ਹਾਸਲ ਕਰਕੇ ਪੜਤਾਲ ਕਰਨੀ ਸ਼ੁਰੂ ਕੀਤੀ। ਇਸ ਤੋਂ ਸਾਹਮਣੇ ਆਇਆ ਕਿ ਇਹ ਸਾਰਾ ਘਪਲਾ ਹੀ ਇਨ੍ਹਾਂ ਕੈਸ਼ ਲੋਡਰਾਂ ਵੱਲੋਂ ਕੀਤਾ ਗਿਆ ਹੈ।
ਕੈਸ਼ ਲੋਡਰ ਰਜਿੰਦਰ ਸਿੰਘ ਉਰਫ ਬੰਟੀ, ਬਲਵਿੰਦਰ ਸਿੰਘ ਉਰਫ ਮੋਨੂੰ, ਦੀਪਕ ਰਾਏ, ਡਰਾਇਵਰ ਧਰਮਪਾਲ ਅਤੇ ਨੌਕਰੀ ਤੋਂ ਕੱਢਿਆ ਗਿਆ ਕੈਸ਼ ਲੋਡਰ ਦੀਪਕ ਤਿਵਾੜੀ ਹੀ ਅਸਲ ਮੁਜ਼ਰਿਮ ਹਨ। ਇਨ੍ਹਾਂ ਨੂੰ ਡਕਾਲਾ ਚੁੰਗੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਨ੍ਹਾਂ ਕੋਲੋਂ ਏ.ਟੀ.ਐਮ. ਨੂੰ ਕੱਟਣ ਵਾਲੇ ਔਜਾਰ ਅਤੇ ਚੋਰੀ ਕੀਤੀ ਕਰੰਸੀ ਬਰਾਮਦ ਹੋਈ।
ਇਨ੍ਹਾਂ ਨੇ ਇਹ ਸਾਜਿਸ਼ ਬਣਾਈ ਕਿ ਜਿਸ ਏ.ਟੀ.ਐਮ. ਵਿੱਚ ਸਭ ਤੋਂ ਵੱਧ ਪੈਸੇ ਹੁੰਦੇ ਹਨ ਉਸ ਏ.ਟੀ.ਐਮ. ਵਿੱਚ ਬਣਦਾ ਕੈਸ਼ ਨਾ ਲੋਡ ਕੀਤਾ ਜਾਵੇ ਅਤੇ ਉਸ ਏ.ਟੀ.ਐਮ. ਨੂੰ ਹੀ ਤੋੜ ਕੇ ਇਸ ਵਿਚੋਂ ਚੋਰੀ ਦਿਖਾਈ ਜਾਵੇ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ ਤੋਂ ਕਰੀਬ 70 ਲੱਖ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ ਅਤੇ ਮੁਲਜ਼ਮਾਂ ਵੱਲੋਂ ਕੀਤੇ ਘਪਲੇ ਦੀ ਵਿਸਥਾਰ ਵਿੱਚ ਬੈਂਕ ਦੇ ਰਿਕਾਰਡ ਨੂੰ ਜਾਂਚ ਕੇ ਤਫਤੀਸ਼ ਕੀਤੀ ਜਾਵੇਗੀ ਇਸ ਮੌਕੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ, ਵਰਨਾ, ਸੈਂਟਰੋ, ਆਈ-10 ਕਾਰ  ਸਮੇਤ ਪਲਸਰ, ਟਵਿਟਰ ਹੌਂਡਾ ਮੋਟਰਸਾਈਕਲ, ਐਕਟਿਵਾ ਤੇ ਸਕੂਟਰੀ ਵੀ ਬਰਾਮਦ ਹੋਈ ਹੈ।
ਇਸ ਮੌਕੇ ਐਸ. ਪੀ. ਸਿਟੀ ਹਰਮਨ ਹਾਂਸ, ਐਸ. ਪੀ. ਜਾਂਚ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਸਿਟੀ ਯੁਗੇਸ਼ ਸ਼ਰਮਾ, ਸਪੈਸ਼ਲ ਬਰਾਂਚ ਦੇ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐਸਆਈ ਸਾਹਿਬ ਸਿੰਘ ਆਦਿ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।