ਮੋਦੀ ਸਰਕਾਰ ਨੇ ਦੇਸ਼ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਖ਼ਤਮ ਕੀਤੀ
ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੱਲੋਂ ਮਹਿੰਦਰਾ ਕਾਲਜ ‘ਚ ਕੌਮਾਂਤਰੀ ਕਾਨਫਰੰਸ ਦਾ ਉਦਘਾਟਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੌਜ਼ੂਦਾ ਸਮੇਂ ਭਾਰਤ ਦੇ ਧਰਮ ਨਿਰਪੱਖਤਾ ਦੇ ਬੁਨਿਆਦੀ ਵਿਚਾਰ ਤੇ ਸੰਵਿਧਾਨ ਦੇ ਮੁਢਲੇ ਸਿਧਾਂਤਾਂ ਨੂੰ ਹੀ ਵੱਡੀ ਚੁਣੌਤੀ ਪੈਦਾ ਹੋ ਗਈ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਕਤ ਪ੍ਰਗਟਾਵਾ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਐਮ.ਪੀ. ਮਨੀਸ਼ ਤਿਵਾੜੀ ਨੇ ਅੱਜ ਇੱਥੇ ਸਰਕਾਰੀ ਮਹਿੰਦਰਾ ਕਾਲਜ ਵਿਖੇ ‘ਭਾਰਤ ‘ਚ ਰਾਜਨੀਤੀ ਅਤੇ ਸਾਸ਼ਨ ਦੇ ਸਨਮੁੱਖ ਸਮਕਾਲੀਨ ਮੁੱਦੇ ਤੇ ਚੁਣੌਤੀਆਂ: ਉਭਰਦੀਆਂ ਤਬਦੀਲੀਆਂ ਤੇ ਭਵਿੱਖੀ ਏਜੰਡਾ’ ਵਿਸ਼ੇ ‘ਤੇ ਕਰਵਾਈ ਜਾ ਰਹੀ ਚੌਥੀ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਸਭ ਤੋਂ ਵੱਡਾ ਸੰਵੇਦਨਸ਼ੀਲ ਮੌਕਾ ਬਣਿਆ ਹੈ ਜਦੋਂ ਦੇਸ਼ ਦੇ ਬੁਨਿਆਦੀ ਸਿਧਾਂਤ ਨੂੰ ਚੁਣੌਤੀਆਂ ਦਰਪੇਸ਼ ਹਨ।
ਸ੍ਰੀ ਤਿਵਾੜੀ ਨੇ ਕਿਹਾ ਕਿ ਭਾਰਤ ਦੀ ਨਾਗਰਿਕਤਾ ਦਾ ਆਧਾਰ ਧਰਮ ਨਹੀਂ ਹੋ ਸਕਦਾ, ਕਿਉਂਕਿ 1947 ਦੀ ਵੰਡ ਸਮੇਂ ਇਸਲਾਮਿਕ ਪਾਕਿਸਤਾਨ ਅਤੇ ਧਰਮ ਨਿਰਪੱਖ ਭਾਰਤ ਦੀ ਸਿਰਜਣਾ ਹੋਈ ਸੀ ਜਦਕਿ ਸੀ.ਏ.ਏ. ਦੇਸ਼ ਦੇ ਸੰਵਿਧਾਨ ਦੇ ਮੁਢਲੇ ਸਿਧਾਂਤਾਂ ਨੂੰ ਹੀ ਰੱਦ ਕਰਦਾ ਹੈ। ਉਨ੍ਹਾਂ ਅਫ਼ਸੋਸ ਨਾਲ ਕਿਹਾ ਕਿ ਭਾਜਪਾ ਨੇ ਧਾਰਾ 370 ਮਨਸੂਖ ਕਰਨ ਸਮੇਤ ਨਾਗਰਿਕਤਾ ਸੋਧ ਐਕਟ, ਕੌਮੀ ਜਨਸੰਖਿਆ ਰਜਿਸਟਰ ਤੇ ਕੌਮੀ ਨਾਗਰਿਕਤਾ ਰਜਿਸਟਰ ਰਾਹੀਂ ਦੇਸ਼ ਦੇ ਨਾਗਰਿਕਾਂ ਸਾਹਮਣੇ ਵੱਡੀਆਂ ਚੁਣੌਤੀਆਂ ਖੜ੍ਹੀ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਸਾਡੇ ਕੁਦਰਤੀ ਸਰੋਤਾਂ ਨਾਲ ਹੋ ਰਿਹਾ ਖਿਲਵਾੜ ਵੀ ਵੱਡੀ ਚੁਣੌਤੀ ਬਣ ਕੇ ਉਭਰਿਆ ਹੈ, ਇਸ ‘ਤੇ ਵੀ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਪ੍ਰਸ਼ਾਸਕੀ ਸੁਧਾਰਾਂ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਦੇਸ਼ ‘ਚ ਇਸ ਵੇਲੇ 98 ਕਰੋੜ ਲੋਕ ਦਿਹਾਤੀ ਖੇਤਰਾਂ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਆਪਣੇ ਪ੍ਰਸ਼ਾਸਨਿਕ ਕੰਮ ਕਰਵਾਉਣਾ ਹੀ ਹੈ ਇਸ ਲਈ ਸਰਕਾਰਾਂ ਨੂੰ ਦੇਸ਼ ਦੇ ਪ੍ਰਸ਼ਾਸ਼ਕੀ ਢਾਂਚੇ ਵਿੱਚ ਵੱਡੀ ਰੱਦੋਬਦਲ ਕਰਨ ਦੀ ਲੋੜ ਹੈ।
ਦੇਸ਼ ਦੀ ਅਰਥਵਿਵਸਥਾ ਨੂੰ ਦਰਪੇਸ਼ ਚੁਣੌਤੀਆਂ ਦੇ ਸੰਦਰਭ ‘ਚ ਮਨੁੱਖੀ ਸ਼ਕਤੀ ਉਪਰ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਤੇ ਸਵੈਇੱਛਤ ਮਸ਼ੀਨਾਂ ਦੇ ਵਧਦੇ ਜਾ ਰਹੇ ਪ੍ਰਭਾਵ ਕਰਕੇ ਖ਼ਤਮ ਹੋ ਰਹੀਆਂ ਨੌਕਰੀਆਂ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਅਗਲੇ 20-25 ਸਾਲਾਂ ‘ਚ ਵਿਹਲਾ ਹੋਇਆ ਮਨੁੱਖ ਕੀ ਕਰੇਗਾ? ‘ਤੇ ਵੀ ਚਿੰਤਨ ਦੀ ਲੋੜ ਹੈ।
ਦਿੱਲੀ ਵਿੱਚ ਆਪ ਦੀ ਜਿੱਤ ਦਾ ਪੰਜਾਬ ‘ਤੇ ਅਸਰ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਤੋਂ ਵੱਡਾ ਕੋਈ ਸਿਆਸੀ ਆਗੂ ਨਹੀਂ ਹੈ ਅਤੇ ਪਿਛਲੇ 10 ਸਾਲ ਰਾਜ ਕਰਨ ਵਾਲਿਆਂ ਸਮੇਤ ਭਵਿੱਖ ‘ਚ ਪੰਜਾਬ ‘ਤੇ ਰਾਜ ਕਰਨ ਦਾ ਸੁਪਨਾ ਦੇਖਣ ਵਾਲਿਆਂ ਨੂੰ ਕਾਂਗਰਸ ਪਾਰਟੀ ਹਾਸ਼ੀਏ ‘ਤੇ ਪਹੁੰਚਾਏਗੀ।
ਸ੍ਰੀ ਤਿਵਾੜੀ ਨੇ ਇੱਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਖ਼ਤਮ ਕਰ ਦਿੱਤੀ ਹੈ ਤੇ ਬਜ਼ਟ, ਨਿਵੇਸ਼, ਖਪਤ ਤੇ ਰੋਜ਼ਗਾਰ ਨੂੰ ਪਿਛਲੇ 6 ਸਾਲਾਂ ‘ਚ ਸਮਾਪਤ ਕਰਕੇ ਦੇਸ਼ ‘ਚ ਫਿਰਕਾਪ੍ਰਸਤੀ, ਤਣਾਓ ਦੇ ਲੋਕਾਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾਉਣ ਵੱਲ ਕਦਮ ਵਧਾਇਆ ਹੈ।
ਇਸ ਦੌਰਾਨ ਸ੍ਰੀ ਤਿਵਾੜੀ ਨੇ ਮਹਿੰਦਰਾ ਕਾਲਜ ਵੱਲੋਂ ਕਰਵਾਈ ਕਾਨਫਰੰਸ ਲਈ ਮੁਬਾਰਕਬਾਦ ਦਿੰਦਿਆਂ ਆਪਣੇ ਮਾਤਾ-ਪਿਤਾ, ਜੋਕਿ ਮਹਿੰਦਰਾ ਕਾਲਜ ਦੇ ਵਿਦਿਆਰਥੀ ਰਹੇ ਹਨ, ਦੀ ਇਸ ਕਾਲਜ ਨਾਲ ਭਾਵੁਕਤਾ ਭਰੀ ਸਾਂਝ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਸ ਕਾਲਜ ਦਾ ਪਹਿਲੀ ਵਾਰ ਦੌਰਾ ਕਰਨਾ ਇੱਕ ਖਾਸ ਮੌਕਾ।
ਇਸ ਤੋਂ ਪਹਿਲਾਂ ਕਾਲਜ ਦੀ ਪ੍ਰਿੰਸੀਪਲ ਡਾ. ਸਿਮਰਤ ਕੌਰ ਨੇ ਤਿਵਾੜੀ ਸਮੇਤ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਜਦੋਂਕਿ ਕਾਨਫਰੰਸ ਦੇ ਕੋਆਰਡੀਨੇਟਰ ਡਾ. ਸੁਰੇਸ਼ ਸ਼ਰਮਾ ਨੇ ਕਾਨਫਰੰਸ ਦੇ ਮੰਤਵ ਬਾਰੇ ਚਾਨਣਾ ਪਾਇਆ। ਜਦੋਂਕਿ ਫਰੇਜ਼ਰ ਵੈਲੀ ਕੈਨੇਡਾ ਯੂਨੀਵਰਸਿਟੀ ਤੋਂ ਪ੍ਰੋਫੈਸਰ ਡਾ. ਪ੍ਰਭਜੋਤ ਪਰਮਾਰ ਨੇ ਕੂੰਜੀਵਤ ਭਾਸ਼ਣ ਦਿੱਤਾ ਅਤੇ ਇੰਦਰਾ ਗਾਧੀ ਓਪਨ ਯੂਨੀਵਰਸਿਟੀ ਨਵੀਂ ਦਿੱਲੀ ਦੇ ਲੋਕ ਪ੍ਰਸ਼ਾਸਨ ਵਿਭਾਗ ਦੇ ਚੇਅਰਮੈਨ ਡਾ. ਪੀ. ਸਾਹਨੀ ਨੇ ਉਦਘਾਟਨੀ ਪਰਚਾ ਪੜ੍ਹਿਆ। ਮੰਚ ਸੰਚਾਲਣ ਡਾ. ਜਗਮੋਹਨ ਸਿੰਘ ਨੇ ਕੀਤਾ। ਕਾਨਫਰੰਸ ‘ਚ ਪੈਨਲ ਚਰਚਾ ਹੋਈ ਅਤੇ 5 ਤਕਨੀਕੀ ਸੈਸ਼ਨਾਂ ਦੌਰਾਨ 120 ਖੋਜ਼ ਪੱਤਰ ਪੜ੍ਹੇ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।