ਪੱਖੋ ਕਲਾਂ ਵਿਖੇ ਪੰਚਾਇਤੀ ਟੱਕ ਦੀ ਬੋਲੀ ਨੂੰ ਲੈ ਕੇ ਚਾਰ ਵਿਅਕਤੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ

ਬੋਲੀ ਪਾਰਦਰਸ਼ੀ ਤਰੀਕੇ ਨਾਲ ਭਾਈਚਾਰੇ ਦੇ ਹੱਕ ‘ਚ ਕਰਨ ‘ਤੇ ਹੀ ਟੈਂਕੀ ਤੋਂ ਉਤਰਾਂਗੇ : ਪ੍ਰਦਰਸ਼ਨਕਾਰੀ

ਪੱਖੋਂ ਕਲਾਂ, (ਗੁਰਮੇਲ ਸਿੰਘ) ਪਿੰਡ ਪੱਖੋ ਕਲਾਂ ਵਿਖੇ ਪੰਚਾਇਤੀ ਜਮੀਨ ਦੀ ਬੋਲੀ ਨੂੰ ਚੱਲ ਰਿਹਾ ਰੇੜਕਾ ਅੱਜ ਉਸ ਵੇਲੇ ਵੱਡਾ ਰੂਪ ਧਾਰਨ ਕਰ ਗਿਆ ਜਦ ਆਪਣੇ ਤਿਮਾਹੀ ਹਿੱਸੇ ਨੂੰ ਲੈ ਕੇ ਐਸ.ਸੀ ਵਰਗ ਦੇ ਚਾਰ ਵਿਅਕਤੀ ਪਿੰਡ ਦੀ ਸਰਾਂ ਪੱਤੀ ਵਿਚਲੀ ਪਾਣੀ ਵਾਲੀ ਟੈਂਕੀ ‘ਤੇ ਜਾ ਚੜੇ। ਜਿਨ੍ਹਾਂ ਦੀ ਹਮਾਇਤ ‘ਚ ਮੌਜੂਦਾ ਪੰਚਾਇਤ ਤੇ ਪੰਜ ਪੰਚ ਵੀ ਖੜੇ ਹੋ ਗਏ। ਪ੍ਰਦਰਸ਼ਨਕਾਰੀਆਂ ਦੋਸ ਲਗਾਇਆ ਕਿ ਬਲਾਕ ਪੰਚਾਇਤ ਵਿਕਾਸ ਅਧਿਕਾਰੀ ਵੱਲੋ ਪੰਚਾਇਤ ਦੀ ਸ਼ਹਿ ‘ਤੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

ਟੈਂਕੀ ਉਪਰ ਚੜੇ ਪ੍ਰਦਰਸ਼ਨਕਾਰੀਆਂ ਦੀ ਹਮਾਇਤ ‘ਚ ਉੱਤਰੇ ਪੰਚ ਨਿੱਕਾ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ, ਅਮਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋ ਸਰਕਾਰ ਦੀਆ ਹਦਾਇਤਾਂ ‘ਤੇ ਤੀਜੇ ਹਿੱਸੇ ਦੀ ਐਸ.ਸੀ ਵਰਗ ਲਈ ਰਾਂਖਵੀ ਰੱਖੀ ਜ਼ਮੀਨ ਦੀ ਬੋਲੀ ਬਲਾਕ ਪੰਚਾਇਤ ਵਿਕਾਸ ਅਧਿਕਾਰੀ ਬਰਨਾਲਾ ਦੀ ਹਾਜਰੀ ਵਿਚ ਹੋ ਰਹੀ ਸੀ ਤਦ ਪਿਛਲੀ ਵਾਰ ਦੀ ਤਰਾਂ ਹੀ ਐਸ.ਸੀ ਵਰਗ ਦਾ ਹੱਕ ਮਾਰਨ ਦੀਆ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਸਨ।

ਜਿਸ ਸਬੰਧੀ ਮੌਕੇ ਦੇ ਅਧਿਕਾਰੀ ਬੀ.ਡੀ.ਪੀ.ਓ ਨੂੰ ਜਾਣੂ ਕਰਵਾਉਣਾ ਚਾਹਿਆ ਤਾਂ ਉਨਾਂ ਨੇ ਗੱਲ ਸੁਣਨ ਦੀ ਥਾਂ ਐਸਸੀ ਭਾਈਚਾਰੇ ਦਾ ਪੱਖ ਪੂਰਨ ਵਾਲੇ ਲੋਕਾਂ ਨੂੰ ਬਾਹਰਲਾ ਰਾਹ ਵਿਖਾਉਣ ਦੀ ਗੱਲ ਕਹੀ।ਉਨਾਂ ਅੱਗੇ ਦੱਸਿਆਂ ਕਿ ਰਾਂਖਵੀ ਜ਼ਮੀਨ ‘ਤੇ ਮੁੜ ਪਿੰਡ ਤਾਜੋਕੇ ਦੇ ਵਿਅਕਤੀ ਵੱਲੋ ਵੀ ਬੋਲੀ ਦਾ ਹਿੱਸਾ ਬਣਨਾ ਚਾਹਿਆ ਪਰ ਲੋਕਾਂ ਵੱਲੋ ਕੀਤੇ ਵਿਰੋਧ ਪਿੱਛੋਂ ਉਸਨੂੰ ਪਿਛੇ ਹਟਾਇਆ ਗਿਆ।

ਉਨਾਂ ਕਿਹਾ ਕਿ ਇਸ ਸਬੰਧ ਵਿਚ ਏ.ਡੀ.ਸੀ ਵਿਕਾਸ, ਜਿਲਾ ਪੰਚਾਇਤ ਵਿਕਾਸ ਅਧਿਕਾਰੀ ਨੂੰ ਵੀ ਸਮੁੱਚੇ ਮਾਮਲੇ ਤੋ ਜਾਣੂ ਕਰਵਾਇਆ ਪਰ ਕਿਸੇ ਨੇ ਵੀ ਭਾਈਚਾਰੇ ਦੀ ਗੱਲ ਨਹੀ ਸੁਣੀ। ਜਿਸ ਤੋਂ ਅੱਕ ਕੇ ਉਨਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ।

ਪਿੰਡ ਦੇ ਹੀ ਦਲਿਤ ਵਰਗ ਨਾਲ ਸਬੰਧਿਤ ਵਰਿੰਦਰ ਸਿੰਘ, ਜਗਸੀਰ ਸਿੰਘ, ਬੀਰਬਲ ਸਿੰਘ ਅਤੇ ਪ੍ਰਗਟ ਸਿੰਘ ਨੇ ਪ੍ਰਸਾਸਨਿਕ ਅਧਿਕਾਰੀਆਂ ਅਤੇ ਪੰਚਾਇਤ ਦੇ ਖਿਲਾਫ ਸਰਾਂ ਪੱਤੀ ਵਿਚਲੀ ਟੈਂਕੀ ਉਪਰ ਚੜ੍ਹ ਕੇ ਇਨ੍ਹਾਂ ਖਿਲਾਫ਼ ਰੋਸ ਪ੍ਰਗਟਾਇਆ ਜਾ ਰਿਹਾ ਹੈ। ਟੈਂਕੀ ਉਪਰ ਚੜਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਬੋਲੀ ਪਾਰਦਰਸ਼ੀ ਤਰੀਕੇ ਨਾਲ ਭਾਈਚਾਰੇ ਦੇ ਹੱਕ ਵਿਚ ਨਹੀ ਕੀਤੀ ਜਾਂਦੀ ਤਦ ਤੱਕ ਟੈਂਕੀ ਤੋ ਉਤਰਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜ਼ਿਕਰਯੋਗ ਹੈ ਕਿ ਉਕਤ ਮਾਮਲੇ ਨੂੰ ਲੈ ਕੇ ਹਲਕੇ ਦੇ ਵਿਧਾਇਕ ਪਿਰਮਲ ਸਿੰਘ ਧੋਲਾ ਵੀ ਜਿਲਾ ਪ੍ਰਸਾਸਨ ਖਿਲਾਫ ਧਰਨੇ ਉਪਰ ਬੈਠ ਚੁੱਕੇ ਹਨ ਪ੍ਰੰਤੂ ਪ੍ਰਸ਼ਾਸਨ ਦੇ ਕੰਨ ‘ਤੇ ਜੂੰ ਨਹੀ ਸ਼ਰਕੀ।

ਮਾਮਲੇ ਸਬੰਧੀ ਬੀ.ਡੀ.ਪੀ.ਓ ਪ੍ਰਵੇਸ਼ ਗੋਇਲ ਨੇ ਮਾਮਲੇ ਤੋ ਅਣਜਾਣਤਾ ਪ੍ਰਗਟਾਉਦਿਆਂ ਕਿਹਾ ਕਿ ਐਸ.ਸੀ ਭਾਈਚਾਰੇ ਵਾਲਾ ਜ਼ਮੀਨ ਦੇ ਟੱਕ ਦੀ ਸ਼ਾਂਤੀਪੂਰਵਕ ਬੋਲੀ ਹੋ ਚੁੱਕੀ ਹੈ। ਕਰੀਬ 14 ਏਕੜ ਦੇ ਇਸ ਟੱਕ ਦੀ 5.63.200 ਰੁਪਏ ਵਿਚ ਪਿੰਡ ਦੇ ਹੀ ਵਿਅਕਤੀਆਂ ਨੇ ਬੋਲੀ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।