ਨਸ਼ੀਲੀਆਂ ਗੋਲੀਆਂ ਦਾ ਕੇਸ ਪਾਉਣ ਦੀ ਧਮਕੀ ਦੇ ਕੇ ਮੰਗ ਰਿਹਾ ਸੀ ਡੇਢ ਲੱਖ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸੰਗਰੂਰ ਵਿਜੀਲੈਂਸ ਬਿਊਰੋ ਨੇ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਨੂੰ 28 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਸੰਗਰੂਰ ਦੇ ਡੀਐੱਸਪੀ ਹੰਸ ਰਾਜ ਨੇ ਦੱਸਿਆ ਕਿ ਹਰਮੇਸ਼ ਸਿੰਘ ਪੁੱਤਰ ਜੀਤ ਸਿੰਘ ਵਾਸੀ ਨੰਨੇੜੀ ਤਹਿ. ਟੋਹਾਣਾ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਨੇ ਵਿਭਾਗ ਨੂੰ ਦੱਸਿਆ ਕਿ ਉਹ 2 ਦਸੰਬਰ 2018 ਨੂੰ ਆਪਣੀ ਮਾਸੀ ਦੀ ਲੜਕੀ ਨੂੰ ਮਿਲਣ ਲਈ ਹਰਿਆਊ ਪਿੰਡ ਵਿਖੇ ਆਇਆ ਹੋਇਆ ਸੀ।
ਕਿ ਅਚਾਨਕ ਥਾਣਾ ਲਹਿਰਾ ਦੇ ਏਐੱਸਆਈ ਬਿੱਲੂ ਸਿੰਘ ਨੇ ਉਸ ਨੂੰ ਫੜ੍ਹ ਲਿਆ ਤੇ ਉਸ ‘ਤੇ ਦੋਸ਼ ਲਾਇਆ ਕਿ ਉਹ ਨਸ਼ੀਲੀਆਂ ਗੋਲੀਆਂ ਵੇਚਦਾ ਹੈ ਅਤੇ ਉਸਦੀ ਮਾਰ ਕੁੱਟ ਵੀ ਕੀਤੀ ਤੇ ਥਾਣੇ ਵਿੱਚ ਉਸ ਤੋਂ ਖਾਲੀ ਕਾਗਜ਼ਾਂ ‘ਤੇ ਦਸਤਖਤ ਕਰਵਾ ਲਏ ਅਤੇ ਉਸ ‘ਤੇ ਝੂਠਾ ਕੇਸ ਪਾਉਣ ਦੀ ਧਮਕੀ ਵੀ ਦਿੱਤੀ ਡੀਐੱਸਪੀ ਨੇ ਦੱਸਿਆ ਕਿ ਮੁਦੱਈ ਹਰਮੇਸ਼ ਸਿੰਘ ਤੋਂ ਏਐੱਸਆਈ ਬਿੱਲੂ ਸਿੰਘ ਨੇ ਡੇਢ ਲੱਖ ਰੁਪਏ ਬਤੌਰ ਰਿਸ਼ਵਤ ਦੇਣ ਲਈ ਕਿਹਾ ਨਾ ਦੇਣ ਦੀ ਸੂਰਤ ਵਿੱਚ ਉਸ ‘ਤੇ ਨਸ਼ੀਲੀਆਂ ਗੋਲੀਆਂ ਦਾ ਕੇਸ ਪਾਉਣ ਦੀ ਧਮਕੀ ਵੀ ਦਿੱਤੀ ਮੁਦੱਈ ਨੇ ਮਿੰਨਤਾਂ ਤਰਲੇ ਕਰਕੇ ਉਸ ਨੂੰ 80 ਹਜ਼ਾਰ ਰੁਪਏ ਦੇਣ ਬਾਰੇ ਆਖ ਦਿੱਤਾ ਤੇ ਉਸ ਨੇ 20 ਹਜ਼ਾਰ ਰੁਪਏ 4 ਦਸੰਬਰ ਨੂੰ ਉਕਤ ਏਐੱਸਆਈ ਨੂੰ ਦੇ ਦਿੱਤੇ ਤੇ ਬਾਕੀ ਦੋ ਕਿਸ਼ਤਾਂ ‘ਚ ਦੇਣ ਦਾ ਵਾਅਦਾ ਕੀਤਾ।
ਇਸ ਉਪਰੰਤ ਮੁਦੱਈ ਨੇ ਵਿਜੀਲੈਂਸ ਬਿਊਰੋ ਸੰਗਰੂਰ ਨੂੰ ਸੂਚਿਤ ਕਰ ਦਿੱਤਾ ਅੱਜ ਵਿਜੀਲੈਂਸ ਨੇ ਉਕਤ ਏਐੱਸਆਈ ਬਿੱਲੂ ਸਿੰਘ ਨੂੰ ਮੁਦੱਈ ਹਰਮੇਸ਼ ਸਿੰਘ ਪਾਸੋਂ 28 ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਫੜ੍ਹ ਲਿਆ ਕਥਿਤ ਦੋਸ਼ੀ ਏਐੱਸਆਈ ਖਿਲਾਫ਼ 7 ਪੀ.ਸੀ. ਐਕਟ 1988 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਇਸ ਟਰੈਪ ‘ਚ ਸ਼ੈਡੋ ਗਵਾਹ ਦੇ ਤੌਰ ‘ਤੇ ਅਜੈ ਸਿੰਘ ਪੁੱਤਰ ਬਬਲੀ ਸਿੰਘ ਵਾਸੀ ਰਾਮ ਨਗਰ ਬਸਤੀ ਸੰਗਰੂਰ, ਸਰਕਾਰੀ ਗਵਾਹਾਂ ਦੇ ਤੌਰ ‘ਤੇ ਹਰਵਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਸ਼ੇਰਪੁਰ ਤੇ ਰਾਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਲੌਂਗੋਵਾਲ ਮੌਜ਼ੂਦ ਰਹੇ।