ਦੇਰ ਸ਼ਾਮ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚੇ, 30 ਮਿੰਟ ਤੋਂ ਵੱਧ ਸਮਾਂ ਚਲੀ ਮੀਟਿੰਗ, ਰਾਮਪਾਲ ਮਾਜਰਾ ਵੀ ਮੌਜ਼ੂਦ ਸਨ
ਭਾਜਪਾ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼
ਅਸ਼ਵਨੀ ਚਾਵਲਾ, ਚੰਡੀਗੜ੍ਹ
ਹਰਿਆਣਾ ‘ਚ ਸਿਆਸੀ ਉਤਾਰ ਚੜਾਅ ‘ਚ ਕਮਜ਼ੋਰ ਹੁੰਦੀ ਜਾ ਰਹੀ ਇੰਡੀਅਨ ਨੈਸ਼ਨਲ ਲੋਕ ਦਲ ਪਾਰਟੀ ਦੀਆਂ ਕੁਝ ਤੇ ਮਹੱਤਵਪੂਰਨ ਵਿਕੇਟਾਂ ਭਾਜਪਾ ਡੇਗਦੀ ਹੋਈ ਆਪਣੇ ਵੱਲ ਕਰ ਸਕਦੀ ਹੈ। ਹੁਣ ਤੱਕ ਇਨੈਲੋ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਤੱਕ ਨਜ਼ਰ ਰੱਖਣ ਵਾਲੀ ਭਾਰਤੀ ਜਨਤਾ ਪਾਰਟੀ ਨੇ ਹੁਣ ਇਨੈਲੋ ਦੇ ਸੰਗਠਨ ਨੂੰ ਤੋੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਚਲਦੇ ਬੀਤੀ ਰਾਤ ਇਨੈਲੋ ਦੇ ਕੌਮੀ ਉਪ ਪ੍ਰਧਾਨ ਅਸ਼ੋਕ ਅਰੋੜਾ ਨੇ ਮੁੱਖ ਮੰਤਰੀ ਨਿਵਾਸ ‘ਤੇ ਮਨੋਹਰ ਲਾਲ ਖੱਟਰ ਨਾਲ ਨਾ ਸਿਰਫ਼ ਮੁਲਾਕਾਤ ਕੀਤੀ, ਸਗੋਂ ਆਪਣੇ ਸਿਆਸੀ ਭਵਿੱਖ ਬਾਰੇ ਖੁੱਲ੍ਹ ਕੇ ਚਰਚਾ ਵੀ ਕੀਤੀ। ਇਹ ਮੀਟਿੰਗ ਲਗਭਗ 30 ਮਿੰਟ ਤੋਂ ਵੱਧ ਸਮਾਂ ਚੱਲੀ ਤੇ ਇਸ ਦੌਰਾਨ ਅਸ਼ੋਕ ਅਰੋੜਾ ਨਾਲ ਸਿਰਫ਼ ਰਾਮਪਾਲ ਮਾਜਰਾ ਹੀ ਮਜ਼ਬੂਤ ਹਨ ਜੋ ਕਿ ਇਨੈਲੋ ਦੇ ਸੀਨੀਅਰ ਲੀਡਰਾਂ ‘ਚੋਂ ਇੱਕ ਹਨ।
ਅਜਿਹੀ ਕੋਈ ਮੀਟਿੰਗ ਨਹੀਂ ਹੋਈ: ਅਰੋੜਾ, ਮਾਜਰਾ
ਇਸ ਮੀਟਿੰਗ ਸਬੰਧੀ ਅਸ਼ੋਕ ਅਰੋੜਾ ਤੇ ਰਾਮਪਾਲ ਮਾਜਰਾ ਨੇ ਦੱਸਿਆ ਕਿ ਇਹ ਸਿਰਫ਼ ਅਫਵਾ ਹੀ ਫੈਲਾਈ ਜਾ ਰਹੀ ਹੈ ਅਤੇ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਇਨੈਲੋ ਦੇ ਵਰਕਰ ਦੇ ਤੌਰ ‘ਤੇ ਹੁਣ ਤੱਕ ਕੰਮ ਕਰਦੇ ਆਏ ਹਨ ਤੇ ਇਨੈਲੋ ਦੇ ਲੀਡਰ ਦੇ ਤੌਰ ‘ਤੇ ਵੀ ਭਵਿੱਖ ‘ਚ ਕੰਮ ਕਰਦੇ ਰਹਿਣਗੇ।
ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ ਤੇ ਹੁੰਦੀਆਂ ਰਹਿਣਗੀਆਂ : ਵਿੱਜ
ਹਰਿਆਣਾ ਦੇ ਕੈਬਿਨਟ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ ਤੇ ਭਵਿੱਖ ‘ਚ ਵੀ ਹੁੰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਹਰ ਕੋਈ ਆਪਣੇ ਹਿਸਾਬ ਨਾਲ ਇਸ ਤਰ੍ਹਾਂ ਦੀਆਂ ਮੀਟਿੰਗ ਦੇ ਮਾਇਨੇ ਕੱਢ ਲੈਂਦਾ ਹੈ ਪਰ ਅਸਲ ਜਾਣਕਾਰੀ ਤਾਂ ਉਹ ਲੋਕ ਹੀ ਦੇ ਸਕਦੇ ਹਨ, ਜਿਨ੍ਹਾਂ ਨੇ ਇਸ ਤਰ੍ਹਾਂ ਦੀ ਮੀਟਿੰਗ ‘ਚ ਹਿੱਸਾ ਲਿਆ ਹੋਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।