ਸੰਮਨ ਜਾਰੀ ਹੋਣ ’ਤੇ ਅਰਵਿੰਦ ਕੇਜਰੀਵਾਲ ਨੇ ਭਾਜਪਾ ਲਈ ਆਖੀ ਵੱਡੀ ਗੱਲ

Arvind Kejriwal

ਦਿੱਲੀ ਦੇ ਮੁੱਖ ਮੰਤਰੀ ਨੇ ਈਡੀ ਦੇ ਸੰਮਨ ਨੂੰ ਗੈਰ-ਕਾਨੂੰਨੀ ਦੱਸਿਆ, ਕਿਹਾ – ਕੋਈ ਹੇਰਾਫੇਰੀ ਨਹੀਂ ਹੋਈ, ਕੁਝ ਸਾਬਤ ਨਹੀਂ ਹੋਇਆ | Arvind Kejriwal

ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਝੂਠੇ ਦੋਸ਼ ਅਤੇ ਫਰਜ਼ੀ ਸੰਮਨ ਭੇਜ ਕੇ ਉਨ੍ਹਾਂ ਨੂੰ ਬਦਨਾਮ ਕਰਨਾ ਅਤੇ ਉਨ੍ਹਾਂ ਦੀ ਇਮਾਨਦਾਰੀ ਨੂੰ ਠੇਸ ਪਹੁੰਚਾਉਣਾ ਚਾਹੁੰਦੀ ਹੈ। ਕੇਜਰੀਵਾਲ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, ਹਰ ਕਿਸੇ ਨੇ ਪਿਛਲੇ ਦੋ ਸਾਲਾਂ ਵਿੱਚ ਅਖੌਤੀ ਸ਼ਰਾਬ ਘਪਲੇ ਦੀ ਗੱਲ ਕਈ ਵਾਰ ਸੁਣੀ ਹੋਵੇਗੀ।

ਪਿਛਲੇ ਦੋ ਸਾਲਾਂ ’ਚ ਭਾਜਪਾ ਦੀਆਂ ਸਾਰੀਆਂ ਏਜੰਸੀਆਂ ਨੇ ਕਈ ਵਾਰ ਛਾਪੇਮਾਰੀ ਕਰਕੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਹੁਣ ਤੱਕ ਕਿਤੇ ਵੀ ਇੱਕ ਵੀ ਪੈਸੇ ਦਾ ਹੇਰਫੇਰ ਨਹੀਂ ਮਿਲਿਆ ਜੇਕਰ ਸੱਚਮੁੱਚ ਭ੍ਰਿਸ਼ਟਾਚਾਰ ਹੋਇਆ ਹੈ ਤਾਂ ਕਰੋੜਾਂ ਰੁਪਏ ਕਿੱਥੇ ਗਏ? ਕੀ ਸਾਰਾ ਪੈਸਾ ਹਵਾ ’ਚ ਗਾਇਬ ਹੋ ਗਿਆ? ਸੱਚ ਤਾਂ ਇਹ ਹੈ ਕਿ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਨਹੀਂ ਹੋਇਆ। ਉਨ੍ਹਾਂ ਨੇ ਅਜੇ ਵੀ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਅਜਿਹੇ ਝੂਠੇ ਕੇਸਾਂ ਵਿੱਚ ਜੇਲ੍ਹ ਵਿੱਚ ਡੱਕਿਆ ਹੋਇਆ ਹੈ। ਕਿਸੇ ਦੇ ਖਿਲਾਫ ਕੋਈ ਸਬੂਤ ਨਹੀਂ ਹੈ ਅਤੇ ਕੁਝ ਵੀ ਸਾਬਤ ਨਹੀਂ ਹੋ ਰਿਹਾ ਹੈ।

Also Read : ਹਰਿਆਣਾ ਦੇ 29 ਲੱਖ ਲੋਕਾਂ ਦੀ ਖੱਟਰ ਸਰਕਾਰ ਨੇ ਕਰ ਦਿੱਤੀਆਂ ਮੌਜਾਂ, ਦਿੱਤੀ ਇਹ ਵੱਡੀ ਖੁਸ਼ਖਬਰੀ

ਉਨ੍ਹਾਂ ਕਿਹਾ ਕਿ ਹੁਣ ਭਾਜਪਾ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਪਰ ਉਨ੍ਹਾਂ ਦੀ ਸਭ ਤੋਂ ਵੱਡੀ ਜਾਇਦਾਦ ਅਤੇ ਤਾਕਤ ਉਨ੍ਹਾਂ ਦੀ ਇਮਾਨਦਾਰੀ ਹੈ। ਉਨ੍ਹਾਂ ਕਿਹਾ, ‘ਝੂਠੇ ਦੋਸ਼ ਲਾ ਕੇ ਅਤੇ ਫਰਜ਼ੀ ਸੰਮਨ ਭੇਜ ਕੇ ਉਹ ਮੈਨੂੰ ਬਦਨਾਮ ਕਰਨਾ ਚਾਹੁੰਦੇ ਹਨ ਅਤੇ ਮੇਰੀ ਇਮਾਨਦਾਰੀ ’ਤੇ ਹਮਲਾ ਕਰਨਾ ਚਾਹੁੰਦੇ ਹਨ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਚਿੱਠੀ ਲਿਖ ਕੇ ਦੱਸਿਆ ਹੈ ਕਿ ਇਹ ਸੰਮਨ ਗੈਰ-ਕਾਨੂੰਨੀ ਹਨ ਪਰ ਉਨ੍ਹਾਂ ਨੇ ਉਨ੍ਹਾਂ ਦੀ ਇੱਕ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਹੈ। ਕੇਜਰੀਵਾਲ ਨੇ ਕਿਹਾ, ਇਸਦਾ ਮਤਲਬ ਹੈ ਕਿ ਉਨ੍ਹਾਂ ਕੋਲ ਮੇਰੇ ਸ਼ਬਦਾਂ ਦਾ ਕੋਈ ਜਵਾਬ ਨਹੀਂ ਹੈ। ਇਸ ਦਾ ਮਤਲਬ ਹੈ ਕਿ ਉਹ ਇਹ ਵੀ ਮੰਨਦੇ ਹਨ ਕਿ ਉਨ੍ਹਾਂ ਦਾ ਨੋਟਿਸ ਗੈਰ-ਕਾਨੂੰਨੀ ਹੈ।

ਚੋਣ ਪ੍ਰਚਾਰ ਤੋਂ ਰੋਕਣਾ ਚਾਹੁੰਦੀ ਹੈ ਭਾਜਪਾ | Arvind Kejriwal

ਮੁੱਖ ਮੰਤਰੀ ਨੇ ਕਿਹਾ, ਭਾਜਪਾ ਦਾ ਉਦੇਸ਼ ਜਾਂਚ ਕਰਨਾ ਨਹੀਂ ਹੈ, ਭਾਜਪਾ ਦਾ ਉਦੇਸ਼ ਮੈਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਣਾ ਹੈ। ਸੀਬੀਆਈ ਨੇ ਅੱਠ ਮਹੀਨੇ ਪਹਿਲਾਂ ਮੈਨੂੰ ਬੁਲਾਇਆ ਸੀ। ਮੈਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਦਫਤਰ ਗਿਆ ਅਤੇ ਉਨ੍ਹਾਂ ਦੇ ਸਾਰੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਭਾਜਪਾ ਭ੍ਰਿਸ਼ਟਾਚਾਰੀਆਂ ਨੂੰ ਨਹੀਂ ਫੜ ਰਹੀ, ਸਗੋਂ ਖੁੱਲ੍ਹੇਆਮ ਈਡੀ ਅਤੇ ਸੀਬੀਆਈ ਦੀ ਵਰਤੋਂ ਕਰਕੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜ ਕੇ ਭਾਜਪਾ ਵਿੱਚ ਸ਼ਾਮਲ ਕਰਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਇੱਕ-ਦੋ ਨਹੀਂ, ਸਗੋਂ ਅਜਿਹੀਆਂ ਕਈ ਮਿਸਾਲਾਂ ਹਨ, ਜਿੱਥੇ ਕਿਸੇ ਪਾਰਟੀ ਆਗੂ ਖ਼ਿਲਾਫ਼ ਈਡੀ ਜਾਂ ਸੀਬੀਆਈ ਕੇਸ ਚੱਲ ਰਹੇ ਸਨ ਜਾਂ ਉਨ੍ਹਾਂ ’ਤੇ ਗੰਭੀਰ ਦੋਸ਼ ਲੱਗੇ ਸਨ, ਜਿਉੇਂ ਹੀ ਉਹ ਆਗੂ ਭਾਜਪਾ ਵਿੱਚ ਸ਼ਾਮਲ ਹੋਇਆ, ਉਸ ਦੇ ਸਾਰੇ ਕੇਸ ਬੰਦ ਕਰ ਦਿੱਤੇ ਗਏ। ਉਨ੍ਹਾਂ ਕਿਹਾ, ‘ਮੈਂ ਹਮੇਸ਼ਾ ਦੇਸ਼ ਲਈ ਲੜਿਆ ਹੈ। ਮੇਰਾ ਤਨ ਮਨ ਧਨ ਦੇਸ਼ ਲਈ ਹੈ। ਮੇਰਾ ਹਰ ਸਾਹ ਦੇਸ਼ ਲਈ ਹੈ। ਮੇਰੇ ਖੂਨ ਦੀ ਹਰ ਬੂੰਦ ਦੇਸ਼ ਲਈ ਹੈ। ਮੇਰੇ ਸਰੀਰ ਦਾ ਹਰ ਰੇਸ਼ਾ ਦੇਸ਼ ਨੂੰ ਸਮਰਪਿਤ ਹੈ। ਅਸੀਂ ਮਿਲ ਕੇ ਦੇਸ਼ ਨੂੰ ਬਚਾਉਣਾ ਹੈ। ਮੈਂ ਉਨ੍ਹਾਂ ਦੇ ਖਿਲਾਫ ਪੂਰੇ ਜੀ-ਜਾਨ ਨਾਲ ਲੜ ਰਿਹਾ ਹਾਂ ਅਤੇ ਮੈਨੂੰ ਇਸ ਵਿੱਚ ਜਨਤਾ ਦੇ ਸਮਰੱਥਨ ਦੀ ਲੋੜ ਹੈ।’