ਧਮਕੀਆਂ ਦੇਣ ਵਾਲੇ ਦਾ ਗੈਂਗਸਟਰਾਂ ਨਾਲ ਨਹੀਂ ਕੋਈ ਸਬੰਧ : ਐਸਐਸਪੀ
ਮਾਨਸਾ (ਸੁਖਜੀਤ ਮਾਨ)। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ (Sidhu MusaWala) ਦੇ ਮਾਪਿਆਂ ਨੂੰ ਧਮਕੀਆਂ ਦੇਣ ਵਾਲੇ ਮੁਲਜ਼ਮ ਨੂੰ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਅੱਜ ਇੱਥੇ ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਈਮੇਲ ਰਾਹੀਂ ਧਮਕੀਆਂ ਦੇਣ ਵਾਲਾ 10ਵੀਂ ’ਚ ਪੜ੍ਹਦਾ 14 ਸਾਲ ਦਾ ਵਿਦਿਆਰਥੀ ਹੈ, ਜੋ ਰਾਜਸਥਾਨ ਦੇ ਡਾਗੇਵਾਸ ਦਾ ਰਹਿਣ ਵਾਲਾ ਹੈ। ਸਿੱਧੂ ਦੇ ਮਾਪਿਆਂ ਨੂੰ ਈਮੇਲ 14 ਫਰਵਰੀ, 18 ਫਰਵਰੀ, 26 ਤੇ 27 ਫਰਵਰੀ ਨੂੰ ਆਈ ਸੀ।
ਉਨ੍ਹਾਂ ਦੱਸਿਆ ਕਿ ਅਜਿਹੀਆਂ ਈਮੇਲਾਂ ਦੇ ਮਾਮਲੇ ’ਚ ਥਾਣਾ ਸਦਰ ਵਿਖੇ ਮਾਮਲਾ ਦਰਜ਼ ਕੀਤਾ ਸੀ। ਮਾਮਲੇ ਦੀ ਜਾਂਚ ਲਈ ਥਾਣਾ ਸਦਰ ਤੋਂ ਇਲਾਵਾ ਸਾਈਬਰ ਸੈੱਲ ਦੀ ਟੀਮ ਬਣਾਈ ਗਈ ਸੀ। ਸਾਈਬਰ ਸੈੱਲ ਨੂੰ ਮਿਲੀ ਸੂਚਨਾ ਦੇ ਮੁਤਾਬਿਕ ਇੱਕ 14 ਸਾਲ ਦੇ ਬੱਚੇ ਬਾਰੇ ਪਤਾ ਲੱਗਿਆ ਜਿਸਨੇ ਈਮੇਲ ਭੇਜੀਆਂ ਸੀ, ਜਿਸ ਨੂੰ ਗ੍ਰਿਫ਼ਤਾਰ ਕਰਕੇ ਤਫਤੀਸ਼ ’ਚ ਸ਼ਾਮਿਲ ਕਰ ਲਿਆ। ਉਨ੍ਹਾਂ ਦੱਸਿਆ ਕਿ ਅਗਲੀ ਜਾਂਚ ’ਚ ਸਭ ਕੁੱਝ ਸਾਹਮਣੇ ਆਵੇਗਾ ਕਿ ਉਸਨੇ ਅਜਿਹਾ ਕਿਉਂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ ’ਚ ਸਾਹਮਣੇ ਆਇਆ ਹੈ ਕਿ ਈਮੇਲ ਕਰਨ ਵਾਲੇ ਦਾ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਨਹੀਂ ਪਰ ਧਮਕਾਉਣ ਵਾਸਤੇ ਮੇਲ ਕਿਉਂ ਕੀਤੀ ਇਸਦੀ ਜਾਂਚ ਕੀਤੀ ਜਾਵੇਗੀ। (Sidhu MusaWala)