ਪੰਜਾਬ ਸਰਕਾਰ ਨੂੰ ਝਟਕਾ, ਅਕਾਲੀ ਦਲ ਨੂੰ ਮਿਲੀ ਰੈਲੀ ਦੀ ਪ੍ਰਵਾਨਗੀ

Approval, Rally, Punjab Government, Akali Dal

ਹਾਈਕੋਰਟ ਨੇ ਰੈਲੀ ਰੁਕਵਾਉਣ ਲਈ ਪੰਜਾਬ ਸਰਕਾਰ ਦੀ ਪਟੀਸ਼ਨ ਕੀਤੀ ਰੱਦ

ਪਹਿਲਾਂ ਦੋ ਮੈਂਬਰੀ ਬੈਂਚ ਅਤੇ ਫੇਰ ਇੱਕ ਮੈਂਬਰੀ ਬੈਂਚ ਨੇ ਅਟਾਰਨੀ ਜਨਰਲ ਦੀ ਕੀਤੀ ਝਾੜ ਝੰਬ

ਦੇਰ ਰਾਤ 9 ਵਜੇ ਹੋਇਆ ਅਕਾਲੀ ਦਲ ਦੀ ਰੈਲੀ ਨੂੰ ਹਰੀ ਝੰਡੀ ਮਿਲਣ ਦਾ ਫੈਸਲਾ

ਚੰਡੀਗੜ੍ਹ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜੋਰਦਾਰ ਝਟਕਾ ਦਿੰਦੇ ਹੋਏ ਅਕਾਲੀ ਦਲ ਨੂੰ ਕੱਲ੍ਹ ਫਰੀਦਕੋਟ ਵਿਖੇ ਰੈਲੀ ਕਰਨ ਦੀ ਪ੍ਰਵਾਨਗੀ ਦਿੰਦਿਆਂ ਸਰਕਾਰ ਵੱਲੋਂ ਦਾਇਰ ਕੀਤੀ ਨਜ਼ਰਸ਼ਾਨੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਉਂਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅਕਾਲੀ ਦਲ ਨੂੰ ਫਰੀਦਕੋਟ ਵਿਖੇ ਰੈਲੀ ਦੀ ਸਵੇਰੇ ਪ੍ਰਵਾਨਗੀ ਦੇਣ ਤੋਂ ਬਾਅਦ ਪੰਜਾਬ ਸਰਕਾਰ ਰੈਲੀ ਰੁਕਵਾਉਣ ਲਈ ਸ਼ਾਮ ਨੂੰ ਫਿਰ ਹਾਈਕੋਰਟ ਪੁੱਜੀ ਸੀ, ਪਰ ਸਰਕਾਰ ਦੇ ਹੱਥ ਨਿਰਾਸ਼ਾ ਹੀ ਲੱਗੀ।

ਜਾਣਕਾਰੀ ਅਨੁਸਾਰ ਅਕਾਲੀ ਦਲ ਵੱਲੋਂ ਫਰੀਦਕੋਟ ਵਿਖੇ 16 ਸਤੰਬਰ ਨੂੰ ਪੋਲ ਖੋਲ ਰੈਲੀ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਮਨਜੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਕਾਲੀ ਦਲ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਗਿਆ, ਜਿੱਥੇ ਕਿ ਅੱਜ ਇਸ ਰੈਲੀ ਨੂੰ ਲੈ ਕੇ ਸਾਰਾ ਦਿਨ ਸੁਣਵਾਈ ਚਲਦੀ ਰਹੀ।

ਅੱਜ ਸਵੇਰੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਜੱਜ ਜਸਟਿਸ ਆਰ. ਕੇ. ਜੈਨ ਨੇ ਰੈਲੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਇਸ ਸੁਣਵਾਈ ਦੌਰਾਨ ਸਰਕਾਰ ਵੱਲੋਂ ਕੋਈ ਪੇਸ਼ ਨਹੀਂ ਹੋਇਆ। ਰੈਲੀ ਦੀ ਪ੍ਰਵਾਨਗੀ ਸਬੰਧੀ ਜਿਉਂ ਹੀ ਖਬਰ ਫੈਲੀ ਤਾਂ ਪੰਜਾਬ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤਾਂ ਪੰਜਾਬ ਸਰਕਾਰ ਵੱਲੋਂ ਅਟਾਰਨੀ ਜਨਰਲ ਅਤੁਲ ਨੰਦਾ ਹਾਈਕੋਰਟ ਪੁੱਜ ਗਏ।

ਅਟਾਰਨੀ ਜਨਰਲ ਨੇ ਦੁਪਹਿਰ ਦੋ ਵਜੇ ਡਬਲ ਬੈਂਚ ਵੱਲੋਂ ਸੁਣਵਾਈ ਕੀਤੇ ਜਾਣ ਦੀ ਪਟੀਸ਼ਨ ਦਾਇਰ ਕਰ ਦਿੱਤੀ । ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਦੋ ਮੈਂਬਰੀ ਬੈਂਚ ਨੇ ਅਟਾਰਨੀ ਜਨਰਲ ਨੂੰ ਸਖਤ ਝਾੜ ਪਈ ਅਤੇ ਸੁਆਲ ਕੀਤਾ ਕਿ ਉਹ ਪਹਿਲਾਂ ਕਿੱਥੇ ਸਨ। ਦੋ ਮੈਂਬਰੀ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਇੱਕ ਮੈਂਬਰੀ ਬੈਂਚ ਹੀ ਕਰੇਗਾ ਅਤੇ ਉਹ ਆਪਣੀ ਪਟੀਸ਼ਨ ਸ਼ਾਮ ਸਾਢੇ ਛੇ ਵਜੇ ਤੱਕ ਦਾਇਰ ਕਰ ਸਕਦੇ ਹਨ।

ਸ਼ਾਮ ਨੂੰ ਅਟਾਰਨੀ ਜਨਰਲ ਅਤੁਲ ਨੰਦਾ ਨੇ ਜਸਟਿਸ ਆਰ.ਕੇ. ਜੈਨ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਤਾਂ ਉਨ੍ਹਾਂ ਨੇ ਵੀ ਅਤੁਲ ਨੰਦਾ ਨੂੰ ਸਖਤ ਝਾੜ ਪਾਈ ਕਿ ਉਹ ਸਵੇਰੇ ਆਪਣਾ ਪੱਖ ਕਿਉਂ ਨਹੀਂ ਲੈ ਕੇ ਆਏ। ਇਸ ਦੌਰਾਨ ਅਦਾਲਤ ਨੇ ਅਕਾਲੀ ਦਲ ਦੇ ਵਕੀਲ ਨੂੰ ਸਮਾਂ ਦਿੰਦਿਆਂ ਸੁਣਵਾਈ ਲਈ ਰਾਤ 8 ਵਜੇ ਦਾ ਸਮਾਂ ਨਿਰਧਾਰਿਤ ਕੀਤਾ। ਇੱਧਰ ਅਕਾਲੀ ਦਲ ਵੱਲੋਂ ਸਾਬਕਾ ਅਟਾਰਨੀ ਜਨਰਲ ਅਸ਼ੋਕ ਅਗਰਵਾਲ ਤੇ ਸੀਨੀਅਰ ਵਕੀਲ ਧਰਮਵੀਰ ਸੋਬਤੀ ਸਾਢੇ ਸੱਤ ਵਜੇ ਹੀ ਅਦਾਲਤ ਪੁੱਜ ਗਏ ਅਤੇ ਇਸ ਮਗਰੋਂ ਸੁਣਵਾਈ ਸ਼ੁਰੂ ਹੋ ਗਈ।

ਰਾਤ ਲਗਭਗ 9 ਵਜੇ ਹਾਈਕੋਰਟ ਵੱਲੋਂ ਸਰਕਾਰ ਦੀ ਨਜਰਸ਼ਾਨੀ ਪਟੀਸ਼ਨ ਰੱਦ ਕਰਦਿਆਂ ਅਕਾਲੀ ਦਲ ਨੂੰ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ ਜਿਸ ਕਾਰਨ ਪੰਜਾਬ ਸਰਕਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਦਾਲਤ ਵੱਲੋਂ ਰੈਲੀ ਸਬੰਧੀ ਕੁਝ ਰੂਟਾਂ ਦਾ ਫੇਰਬਦਲ ਕੀਤਾ ਗਿਆ ਹੈ, ਜਿਸ ਦੀ ਅਕਾਲੀ ਦਲ ਨੂੰ ਪਾਲਣਾ ਕਰਨੀ ਹੋਵੇਗੀ।

ਅਦਾਲਤ ਦੇ ਅਕਾਲੀ ਦਲ ਦੇ ਹੱਕ ‘ਚ ਆਏ ਇਸ ਫੈਸਲੇ ਤੋਂ ਖੁਸ਼ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਇਸ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ ਹੈ। ਉਹਨਾ ਕਿਹਾ ਕਿ ਸਾਨੂੰ ਨਿਆਂ ਵਿਵਸਥਾ ‘ਚ ਪੂਰਾ ਵਿਸ਼ਵਾਸ ਸੀ ਤੇ ਇਸ ਫੈਸਲੇ ਸਾਡੇ ਜਿੱਤ ਤੇ ਕਾਂਗਰਸ ਦੀ ਹਾਰ ਹੋਈ ਹੈ।

ਸੁਖਬੀਰ ਨੇ ਲਿਆ ਰੈਲੀ ਵਾਲੀ ਥਾਂ ਦਾ ਜਾਇਜ਼ਾ

ਸਵੇਰੇ ਹਾਈਕੋਰਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ‘ਚ ਫੈਸਲੇ ਦੇਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫ਼ਰੀਦਕੋਟ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਉਹਨਾਂ ਪੰਜਾਬ ਸਰਕਾਰ ਤੇ ਬਰਗਾੜੀ ਮੋਰਚੇ ‘ਤੇ ਬੈਠੇ ਮੁਤਵਾਜ਼ੀ ਜੱਥੇਦਾਰਾਂ ਨੂੰ ਕਰੜੇ ਹੱਥੀਂ ਲਿਆ। ਸੁਖਬੀਰ ਨੇ ਕਿਹਾ ਕਿ ਕੈਪਟਨ ਸਰਕਾਰ ਖਿਲਾਫ ਜੋ ਅਬੋਹਰ ਵਿੱਚ ਰੈਲੀ ਕੀਤੀ ਗਈ ਸੀ ਉਸ ਰੈਲੀ ਨੂੰ ਦੇਖ ਕੇ ਕੈਪਟਨ ਸਰਕਾਰ ਡਰ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਨੀਲ ਜਾਖੜ ਨੇ ਬਿਆਨ ਦਿੱਤਾ ਹੈ ਕਿ ਅਕਾਲੀ ਦਲ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਪਰ ਹੁਣ ਸਰਕਾਰ ਦੀ ਹੀ ਪੋਲ ਖੁੱਲ੍ਹ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।