10 ਦਿਨਾਂ ‘ਚ ਨਿਯੁਕਤ ਕਰੋ ਲੋਕਪਾਲ

Appointment, 10 Days, Lokpal

ਕੇਂਦਰ ਸਰਕਾਰ ‘ਤੇ ਸੁਪਰੀਮ ਕੋਰਟ ਸਖ਼ਤ, ਅਗਲੀ ਸੁਣਵਾਈ 17 ਨੂੰ | Lokpal

  • ਨਿਯੁਕਤੀ ‘ਚ ਦੇਰੀ ‘ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨਾਲ ਨਾਰਾਜ਼ਗੀ ਪ੍ਰਗਟਾਈ | Lokpal

ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਲੋਕਪਾਲ ਦੀ ਨਿਯੁਕਤੀ ‘ਚ ਦੇਰੀ ‘ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨਾਲ ਤਲਖ਼ੀ ਜ਼ਾਹਿਰ ਕੀਤੀ ਹੈ ਸੁਪਰੀਮ ਕੋਰਟ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਹਾ ਕਿ ਉਹ 10 ਦਿਨਾਂ ਦੇ ਅੰਦਰ ਦੇਸ਼ ‘ਚ ਲੋਕਪਾਲ ਦੀ ਨਿਯੁਕਤੀ ਦੀ ਸਮਾਂ ਹੱਦ ਤੈਅ ਕਰਕੇ ਉਸ ਨੂੰ ਸੂਚਿਤ ਕਰੇ। ਜਸਟਿਸ ਰੰਜਨ ਗੋਗੋਈ ਤੇ ਜਸਟਿਸ ਆਰ. ਭਾਨੂਮਤੀ ਦੀ ਬੈਂਚ ਨੇ ਸਰਕਾਰ ਨੂੰ ਕਿਹਾ ਕਿ ਦੇਸ਼ ‘ਚ ਲੋਕਪਾਲ ਦੀ ਨਿਯੁਕਤੀ ਲਈ ਚੁੱਕੇ ਜਾਣ ਵਾਲੇ ਸੰਭਾਵਿਤ ਕਦਮਾਂ ਦੀ ਜਾਣਕਾਰੀ ਦਿੰਦਿਆਂ 10 ਦਿਨਾਂ ਦੇ ਅੰਦਰ ਹਲਫਨਾਮਾ ਦਾਇਰ ਕਰੇ ਕੇਂਦਰ ਵੱਲੋਂ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਲੋਕਪਾਲ ਦੀ ਨਿਯੁਕਤੀ ਸਬੰਧੀ ਸਰਕਾਰ ਵੱਲੋਂ ਪ੍ਰਾਪਤ ਲਿਖਤੀ ਨਿਰਦੇਸ਼ ਸੌਂਪੇ।

ਬੈਂਚ ਨੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਾਰੀਕ 17 ਜੁਲਾਈ ਤੈਅ ਕੀਤੀ ਹੈ ਅਦਾਲਤ ਗੈਰ ਸਰਕਾਰੀ ਸੰਗਠਨ ਕਾਮਨ ਕਾਜ ਵੱਲੋਂ ਦਾਖਲ ਉਲੰਘਣਾ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ ਪਟੀਸ਼ਨ ‘ਚ 27 ਅਪਰੈਲ, 2017 ਦੇ ਅਦਾਲਤ ਦੇ ਆਦੇਸ਼ ਦੇ ਬਾਵਜ਼ੂਦ ਲੋਕਪਾਲ ਦੀ ਨਿਯੁਕਤੀ ਨਾ ਕੀਤੇ ਜਾਣ ਦਾ ਮੁੱਦਾ ਚੁੱਕਿਆ ਗਿਆ ਹੈ ਸੁਪਰੀਮ ਕੋਰਟ ਨੇ ਪਿਛਲੇ ਸਾਲ ਆਪਣੇ ਫੈਸਲੇ ‘ਚ ਕਿਹਾ ਸੀ ਕਿ ਪ੍ਰਸਤਾਵਿਤ ਸੋਧਾਂ ਦੇ ਸੰਸਦ ‘ਚ ਪਾਸ ਹੋਣ ਤੱਕ ਲੋਕਪਾਲ ਕਾਨੂੰਨ ਨੂੰ ਬਰਖਾਸਤ ਰੱਖਣਾ ਨਿਆਂਯੋਚਿਤ ਨਹੀਂ ਹੈ ਜ਼ਿਕਰਯੋਗ ਹੈ ਕਿ ਭਾਜਪਾ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਵੱਡੇ ਪੈਮਾਨੇ ‘ਤੇ ਉੱਠਾਇਆ ਸੀ ਪਰ ਕੇਂਦਰ ‘ਚ ਉਸ ਦੀ ਸਰਕਾਰ ਬਣਨ ਤੋਂ ਬਾਅਦ ਲੋਕਪਾਲ ਦੀ ਨਿਯੁਕਤੀ ਦੀ ਦਿਸ਼ਾ ‘ਚ ਹਾਲੇ ਤੱਕ ਕੁਝ ਖਾਸ ਹਾਸਲ ਨਹੀਂ ਕੀਤਾ ਜਾ ਸਕਿਆ।

ਐਨਕਾਊਂਟਰ ‘ਤੇ ਯੋਗੀ ਸਰਕਾਰ ਨੂੰ ਸੁਪਰੀਮ ਕੋਰਟ ਦਾ ਨੋਟਿਸ

ਨਵੀਂ ਦਿੱਲੀ ਸੁਪਰੀਮ ਕੋਰਟ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ਤੋਂ ਸੂਬੇ ‘ਚ ਹਾਲ ਦੇ ਦਿਨੀਂ ਹੋਏ ਮੁਕਾਬਲਿਆਂ ‘ਤੇ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਦੇ ਅੰਦਰ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ ਉੱਤਰ ਪ੍ਰਦੇਸ਼ ‘ਚ ਮੁਕਾਬਲਿਆਂ ਖਿਲਾਫ਼ ਖੁਦ ਸਵੈਸੇਵੀ ਸੰਗਠਨ (ਐਨਜੀਓ) ਪੀਪੀਲਜ਼ ਯੂਨੀਯਨ ਫਾਰ ਸਿਵਿਲ ਲਿਬਰਟੀ ਨੇ ਪਟੀਸ਼ਨ ਦਾਖਲ ਕੀਤੀ ਹੈ, ਜਿਸ ‘ਚ ਕਈ ਮੁਕਾਬਲਿਆਂ ਦੇ ਫਰਜ਼ੀ ਹੋਣ ਦਾ ਦੋਸ਼ ਲਾਇਆ ਗਿਆ ਹੈ। ਐਨਜੀਓ ਦੀ ਪਟੀਸ਼ਨ ‘ਤੇ ਅੱਜ ਸੁਣਵਾਈ ਕਰਦਿਆਂ

ਮੁੱਖ ਜੱਜ ਦੀਪਕ ਮਿਸ਼ਰਾ, ਜੱਜ ਏ ਐਮ ਖਾਨਵਿਲਕਰ ਤੇ ਜਸਟਿਸ ਡੀ ਵਾਈ ਚੰਦਰਚੂਹੜ ਦੀ ਬੈਂਚ ਨੇ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਅੰਦਰ ਜਵਾਬ ਦਾਖਲ ਕਰਨ ਲਈ ਕਿਹਾ ਹੈ। ਸੰਗਠਨ ਵੱਲੋਂ ਵਕੀਲ ਸੰਜੈ ਪਾਰਿਖ ਨੇ ਦਾਖਲ ਪਟੀਸ਼ਨ ‘ਚ ਦੋਸ਼ ਲਾਇਆ ਕਿ ਹਾਲ ਦੇ ਦਿਨਾਂ ‘ਚ ਉੱਤਰ ਪ੍ਰਦੇਸ਼ ‘ਚ ਘੱਟ ਤੋਂ ਘੱਟ 500 ਮੁਕਾਬਲੇ ਹੋਏ ਹਨ, ਜਿਨ੍ਹਾਂ ‘ਚ 58 ਵਿਅਕਤੀ ਮਾਰੇ ਗਏ ਹਨ ਮੁਕਾਬਲਿਆਂ ਨੂੰ ਲੈ ਕੇ ਯੋਗੀ ਸਰਕਾਰ ‘ਤੇ ਵਿਰੋਧੀ ਪਾਰਟੀਆਂ ਬਰਾਬਰ ਨਿਸ਼ਾਨਾ ਵਿੰਨ੍ਹ ਰਹੇ ਹਨ ਉਨ੍ਹਾਂ ਦਾ ਦੋਸ਼ ਹੈ ਕਿ ਮੁਕਾਬਲੇ ਦੇ ਨਾਂਅ ‘ਤੇ ਪੁਲਿਸ ਬੇਗੁਨਾਹਾਂ ਨੂੰ ਮਾਰ ਰਹੀ ਹੈ। (Lokpal)