ਪਿਛਲੇ ਇੱਕ ਸਾਲ ਤੋਂ ਚਲ ਰਿਹਾ ਸੀ ਰੇੜਕਾ
- ਸੀਨੀਅਰ ਮਹਿਲਾ ਆਗੂ ਰਾਜ ਲਾਲੀ ਗਿੱਲ ਨੂੰ ਚੇਅਰਪਰਸਨ ਲਗਾਇਆ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਸਰਕਾਰ ਵੱਲੋਂ ਮਹਿਲਾ ਕਮਿਸ਼ਨ ਦੀ ਨਵੀਂ ਚੇਅਰਪਰਸਨ ਦੀ ਤੈਨਾਤੀ ਕਰ ਦਿੱਤੀ ਗਈ ਹੈ। ਪਿਛਲੇ ਇੱਕ ਸਾਲ ਤੋਂ ਕਮਿਸ਼ਨ ਵਿੱਚ ਚੇਅਰਪਰਸਨ ਦਾ ਰੇੜਕਾ ਚੱਲਣ ਕਰਕੇ ਕੋਈ ਵੀ ਚੇਅਰਮੈਨ ਨਹੀਂ ਲਗਾਇਆ ਜਾ ਰਿਹਾ ਸੀ ਪਰ ਹੁਣ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਸਰਕਾਰ ਵੱਲੋਂ ਨਵਾਂ ਚੇਅਰਪਰਸਨ ਨਿਯੁਕਤ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਰਾਜ ਲਾਲੀ ਗਿੱਲ (Raj Lali Gill) ਨੂੰ ਚੇਅਰਪਰਸਨ ਲਗਾਇਆ ਗਿਆ ਹੈ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਕਾਇਦਾ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। Punjab News
ਸਾਬਕਾ ਮਹਿਲਾ ਕਮਿਸ਼ਨਰ ਮਨੀਸ਼ਾ ਗੁਲਾਟੀ ਨੇ ਹਾਈ ਕੋਰਟ ਵਿੱਚ ਕੀਤਾ ਹੋਇਆ ਸੀ ਕੇਸ
ਮਨੀਸ਼ਾ ਗੁਲਾਟੀ ਨੂੰ ਪਿਛਲੀ ਕਾਂਗਰਸ ਸਰਕਾਰ ਵਿੱਚ ਕਾਰਜਕਾਲ ਦਾ ਵਾਧਾ ਦਿੱਤਾ ਗਿਆ ਸੀ ਪਰ ਵਿਧਾਨ ਸਭਾ ਚੋਣਾਂ ਮੌਕੇ ਮਨੀਸ਼ਾ ਗੁਲਾਟੀ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਤਾਂ ਸੱਤਾ ਵਿੱਚ ਆਮ ਆਦਮੀ ਪਾਰਟੀ ਆ ਗਈ, ਜਿਸ ਤੋਂ ਬਾਅਦ ਬੀਤੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤਾਂ ਗੁਲਾਟੀ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਦੇ ਹੋਏ ਸਰਕਾਰ ਦੀ ਇਸ ਕਾਰਵਾਈ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਦੇਸ਼ ਨੂੰ ਮਿਲੇ ਦੋ ਨਵੇਂ ਚੋਣ ਕਮਿਸ਼ਨਰ, ਨੋਟੀਫਿਕੇਸ਼ਨ ਜਾਰੀ
ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਪਰ ਬਾਅਦ ਵਿੱਚ ਕਾਨੂੰਨੀ ਰੂਪ ਵਿੱਚ ਨਿਯਮਾਂ ਅਨੁਸਾਰ ਮਨੀਸ਼ਾ ਗੁਲਾਟੀ ਦੇ ਕਾਰਜਕਾਲ ਵਾਧੇ ਨੂੰ ਖ਼ਤਮ ਕਰ ਦਿੱਤਾ ਗਿਆ। ਮਨੀਸ਼ਾ ਗੁਲਾਟੀ ਇੱਕ ਵਾਰ ਫਿਰ ਤੋਂ ਹਾਈ ਕੋਰਟ ਪੁੱਜੇ ਪਰ ਉਸ ਬਾਅਦ ਉਨ੍ਹਾਂ ਨੂੰ ਕੋਈ ਜਿਆਦਾ ਰਾਹਤ ਨਹੀਂ ਮਿਲੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਨੀਸ਼ਾ ਗੁਲਾਟੀ ਦੀ ਥਾਂ ’ਤੇ ਰਾਜ ਲਾਲੀ ਗਿੱਲ ਨੂੰ ਚੇਅਰਪਰਸਨ ਨਿਯੁਕਤ ਕਰ ਦਿੱਤਾ ਗਿਆ ਹੈ। Punjab News