Kisan Andolan : ਕਿਸਾਨੀ ਸੰਘਰਸ਼ ਦੌਰਾਨ ਬਠਿੰਡਾ ਜ਼ਿਲ੍ਹੇ ਦਾ ਇੱਕ ਹੋਰ ਕਿਸਾਨ ਫੌਤ

Kisan Andolan

ਖਨੌਰੀ ਬਾਰਡਰ ’ਤੇ ਅੱਥਰੂ ਗੈਸ ਦੇ ਗੋਲਿਆਂ ਨੇ ਘੁੱਟਿਆ ਸਾਹ | Kisan Andolan

ਬਠਿੰਡਾ (ਸੁਖਜੀਤ ਮਾਨ)। ਐੱਮਐੱਸਪੀ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਕਿਸਾਨ ਹਰਿਆਣਾ ਦੀਆਂ ਹੱਦਾਂ ’ਤੇ ਡਟੇ ਹੋਏ ਹਨ। ਬੀਤੇ ਦਿਨੀਂ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਤੇ ਰਾਤ ਕਿਸਾਨ ਦਰਸ਼ਨ ਸਿੰਘ ਦਮ ਤੋੜ ਗਿਆ। (Kisan Andolan)

ਹਾਸਲ ਹੋਏ ਵੇਰਵਿਆਂ ਮੁਤਾਬਿਕ ਪਿੰਡ ਕੋਠੇ ਅਮਰਪੁਰਾ ਦਾ ਕਿਸਾਨ ਦਰਸ਼ਨ ਸਿੰਘ (62) ਪੁੱਤਰ ਜਰਨੈਲ ਸਿੰਘ 13 ਫਰਵਰੀ ਤੋਂ ਹੀ ਕਿਸਾਨੀ ਸੰਘਰਸ਼ ਵਿੱਚ ਗਿਆ ਹੋਇਆ ਸੀ । 21 ਫਰਵਰੀ ਨੂੰ ਜਦੋਂ ਖਨੌਰੀ ਬਾਰਡਰ ’ਤੇ ਕਿਸਾਨਾਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਸੀ ਤਾਂ ਦਰਸ਼ਨ ਸਿੰਘ ਸਾਰਾ ਦਿਨ ਗਿੱਲੀਆਂ ਬੋਰੀਆਂ ਨਾਲ ਅੱਥਰੂ ਗੈਸ ਦੇ ਗੋਲਿਆਂ ਨੂੰ ਦੱਬਦਾ ਰਿਹਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ 22 ਫਰਵਰੀ ਦੀ ਰਾਤ ਨੂੰ ਦਰਸ਼ਨ ਸਿੰਘ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਤਾਂ ਉਸ ਨੂੰ ਪਾਤੜਾਂ ਦੇ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹ ਦਮ ਤੋੜ ਗਿਆ।

Also Read : Farmer Protest : ਕਿਸਾਨ ਅੰਦੋਲਨ ਦੌਰਾਨ ਫੌਤ ਹੋਏ ਨੌਜਵਾਨ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਕਿਸਾਨ ਦਰਸ਼ਨ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਲੜਕਾ ਤੇ ਲੜਕੀ ਛੱਡ ਗਿਆ। ਲੜਕੇ ਦਾ ਵਿਆਹ 15 ਦਿਨ ਪਹਿਲਾਂ ਹੀ ਹੋਇਆ ਸੀ। ਸ਼ਹੀਦ ਕਿਸਾਨ ਕੋਲ 8 ਏਕੜ ਜ਼ਮੀਨ ਸੀ ਕਰਜ਼ਾ 8 ਲੱਖ ਲੱਗਭਗ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਉਕਤ ਕਿਸਾਨ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਤੇ ਨੌਕਰੀ ਦੀ ਮੰਗ ਕੀਤੀ ਹੈ।