ਆਂਗਨਵਾੜੀ ਵਰਕਰਾਂ ਨੇ ਮੁੱਖ ਮੰਤਰੀ ਨਿਵਾਸ ਦਾ ਕੀਤਾ ਘਿਰਾਓ

ਪੰਜਾਬ ਸਰਕਾਰ ਤੋਂ ਕੀਤੇ ਵਾਅਦਿਆਂ ਦਾ ਜਵਾਬ ਮੰਗਿਆ

ਸੰਗਰੂਰ (ਗੁਰਪ੍ਰੀਤ ਸਿੰਘ)। ਆਂਗਣਵਾੜੀ ਵਰਕਰਾਂ ਵੱਲੋਂ ਆਕਾਸ਼ ਗੁੰਜਾਊ ਨਾਅਰਿਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਮੂਹਰੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਵੱਲੋਂ ਕੀਤੀ ਗਈ ਬਾਲ ਦਿਵਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਹੈਲਪਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ
ਰੈਲੀ ਨੂੰ ਸੰਬੋਧਨ ਕਰਨ ਲਈ ਆਲ ਇੰਡੀਆ ਫੈੱਡਰੇਸ਼ਨ ਆਫ਼ ਆਂਗਨਵਾੜੀ ਵਰਕਰ ਹੈਲਪਰ ਦੇ ਕੌਮੀ ਪ੍ਰਧਾਨ ਊਸ਼ਾ ਰਾਣੀ ਅਤੇ ਜਨਰਲ ਸਕੱਤਰ ਏ ਆਰ ਸਿੰਧੂ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਰੈਲੀ ਨੂੰ ਸੰਬੋਧਨ ਕਰਦੇ ਹੋਏ ਕੌਮੀ ਜਨਰਲ ਸਕੱਤਰ ਏ.ਆਰ. ਸਿੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਿਸੇ ਤੋਂ ਵੀ ਅੱਜ ਲੁਕੀਆਂ ਨਹੀਂ ਰਹੀਆਂ।

ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਨੇ ਦੇਸ਼ ਦੀ ਸੰਪਤੀ ਨੂੰ ਨਿੱਜੀ ਸੰਪਤੀ ਦੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤਾ ਹੈ। ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਹਤ ਤੇ ਸਿੱਖਿਆ ਨੂੰ ਵੀ ਲਗਾਤਾਰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਜਿਸ ਦਾ ਨਤੀਜਾ ਪੰਜਾਬ ਵਿੱਚ ਤਿੰਨ ਜ਼ਿਲ੍ਹਿਆਂ ਦੇ ਆਂਗਨਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖ਼ੁਰਾਕ ਨੂੰ ਐੱਨਜੀਓ ਨੂੰ ਦੇਣਾ ਹੈ ਵੇਦਾਂਤਾ ਵਰਗੇ ਕਾਰਪੋਰੇਟ ਦੇ ਐੱਨਜੀਓ ਦਾ ਦਖ਼ਲ ਵੀ ਦੇਖਣ ਨੂੰ ਮਿਲ ਰਿਹਾ ਹੈ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੈਨੀਫੈਸਟੋ ਵਿੱਚ ਕਿਹਾ ਗਿਆ ਸੀ ਕਿ ਜੇਕਰ ਮਾਨ ਸਰਕਾਰ ਆਉਂਦੀ ਹੈ ਤਾਂ ਆਂਗਨਵਾੜੀ ਵਰਕਰਾਂ ਹੈਲਪਰਾਂ ਦੇ ਮਾਣ ਭੱਤੇ ਵਿਚ ਦੁਗਣਾ ਵਾਧਾ ਕੀਤਾ ਜਾਵੇਗਾ, ਖਾਲੀ ਅਸਾਮੀਆਂ ’ਤੇ ਤੁਰੰਤ ਭਰਤੀ ਕੀਤੀ ਜਾਵੇਗੀ, ਪਰ 9 ਮਹੀਨੇ ਬੀਤ ਚੁੱਕੇ ਹਨ। ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਿਛਲਾ ਮਿਲਣ ਵਾਲਾ ਮਾਣ ਭੱਤਾ ਵੀ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ।

ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ ਅਤੇ ਪ੍ਰਧਾਨ ਮਹਾਂ ਸਿੰਘ ਰੋੜੀ ਨੇ ਕਿਹਾ ਕਿ ਜਦੋਂ ਦੇਸ਼ ਦੇ ਚਾਰੇ ਪਾਸੇ ਭੁੱਖਮਰੀ ਬੇਰੁਜ਼ਗਾਰੀ ਫੈਲੀ ਹੋਈ ਹੈ, ਉਸ ਸਮੇਂ ਕੇਂਦਰ ਸਰਕਾਰ ਵੱਲੋਂ ਖਾਣ ਦੀਆਂ ਵਸਤੂਆਂ ’ਤੇ ਜੀਐੱਸਟੀ ਲਾਉਣਾ ਅਤੇ ਬਾਲ ਖ਼ੁਰਾਕ ਨੂੰ ਪੋਸ਼ਣ ਟਰੈਕ ਐਪ ਅਤੇ ਆਧਾਰ ਕਾਰਡ ਨਾਲ ਲਿੰਕ ਕਰਕੇ ਨਿਊਟ੍ਰੀਸ਼ਨ ਦੇਣਾ ਬੱਚਿਆਂ ਦੇ ਸੰਵਿਧਾਨਿਕ ਅਤੇ ਭੋਜਨ ਦੇ ਅਧਿਕਾਰ ’ਤੇ ਡਾਕਾ ਹੈ। ਇਸ ਤੋਂ ਇਲਾਵਾ ਵਰਿੰਦਰ ਕੌਰ, ਗੁਰਮਿੰਦਰ ਕੌਰ ਗੁਰਬਖਸ਼ ਕੌਰ, ਬਲਜੀਤ ਕੌਰ, ਗੁਰਪ੍ਰੀਤ ਕੌਰ, ਰਣਜੀਤ ਕੌਰ, ਪ੍ਰਤਿਭਾ ਸ਼ਰਮਾ, ਜਸਵਿੰਦਰ ਕੌਰ ਨੀਲੋਵਾਲ ਆਦਿ ਸ਼ਾਮਲ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ