ਆਂਗਣਵਾੜੀ ਵਰਕਰ/ਹੈਲਪਰਾਂ ਨੇ ਕੇਂਦਰ ਤੇ ਰਾਜ ਸਰਕਾਰਾਂ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਸਰਕਾਰਾਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗਾਂ ਦੀ ਪੂਰਤੀ ਦੀ ਕੀਤੀ ਮੰਗ

ਬਰਨਾਲਾ, (ਜਸਵੀਰ ਸਿੰਘ ਗਹਿਲ) ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਬਲਾਕ ਆਗੂ ਗੁਰਮੀਤ ਕੌਰ ਦੀ ਅਗਵਾਈ ‘ਚ ਡਬਲਿਊ ਐਚਓ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕੇਂਦਰ ਤੇ ਰਾਜ ਸਰਕਾਰਾਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗਾਂ ਦੀ ਤੁਰੰਤ ਪੂਰਤੀ ਦੀ ਮੰਗ ਕੀਤੀ।

ਇਸ ਦੌਰਾਨ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਬੱਚਿਆਂ ਦੇ ਬੁਨਿਆਦੀ ਅਧਿਕਾਰ ਸਿਹਤ ਸਿੱਖਿਆ ਤੇ ਪੋਸ਼ਣ ਪ੍ਰਤੀ ਬਿਲਕੁੱਲ ਵੀ ਸ਼ੰਜੀਦਾ ਨਹੀ ਹਨ। ਆਈਸੀਡੀਐਸ ਸਕੀਮ ਦੇ ਲਾਭਪਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਨਾ- ਮਾਤਰ ਸੇਵਾਵਾਂ ਲਈ ਵੀ ਕੇਂਦਰ ਸਰਕਾਰ ਵਲੋਂ ਪੂਰਨ ਬਜਟ ਦੇਣ ਲਈ ਪ੍ਰਬੰਧ ਨਹੀ ਕੀਤੇ ਗਏ।

ਆਗੂਆਂ ਇਹ ਵੀ ਦੱਸਿਆ ਕਿ ਕੋਵਿਡ- 19 ਦੀ ਮਹਾਂਮਾਰੀ ਸਮੇਂ ਕਈ ਪ੍ਰਦੇਸਾਂ ‘ਚ ਆਂਗਣਵਾੜੀ ਕੇਂਦਰਾਂ ਵਿੱਚ ਦਿਤੇ ਜਾਣ ਵਾਲੇ ਨਿਊਟਰੇਸ਼ਨ ਲਈ ਕੇਂਦਰਾਂ ‘ਚ ਰਸਦ ਮੁਹੱਈਆ ਨਹੀ ਕਰਵਾਈ ਗਈ। ਜਿਸ ਦਾ ਸਿੱਧਾ ਅਸਰ ਇਸ ਸਕੀਮ ਨਾਲ ਜੁੜੇ 0 ਤੋਂ 6 ਸਾਲ ਤੱਕ ਦੀ ਉਮਰ ਦੇ ਤਕਰੀਬਨ 3 ਕਰੋੜ ਬੱਚਿਆਂ ਅਤੇ ਗਰਭਵਤੀ ਔਰਤਾਂ, ਦੁੱਧ ਪਿਆਉਣ ਵਾਲੀਆਂ ਮਾਵਾਂ ਤੇ ਪੋਸ਼ਣ ‘ਤੇ ਪਵੇਗਾ। ਉਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਾਕਡਾਊਨ ਦੌਰਾਨ ਪਹਿਲੇ ਚਰਨ ਤੋਂ ਹੀ ਮੂਹਰਲੀ ਕਤਾਰ ‘ਚ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ। ਪ੍ਰੰਤੂ ਮਹਾਂਮਾਰੀ ਤੋਂ ਬਚਾਅ ਲਈ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਸਕ, ਸੈਨੇਟਾਈਜਰ, ਸਾਬਣ, ਦਸਤਾਨੇ, ਪੀਪੀਈ ਕਿੱਟਾਂ ਆਦਿ ਮੁਹੱਈਆ ਨਹੀ ਕਰਵਾਈਆਂ ਗਈਆਂ।

ਆਗੂਆਂ ਮੰਗ ਕੀਤੀ ਕਿ ਕੋਵਿਡ ਦੇ ਮੱਦੇਨਜ਼ਰ ਵਰਕਰਾਂ ਤੇ ਹੈਲਪਰਾਂ ਲਈ 50 ਲੱਖ ਰੁਪਏ ਦੇ ਬੀਮੇ ‘ਚ ਸਾਮਲ ਕਰਨ, ਵਰਕਰਾਂ ਤੇ ਹੈਲਪਰਾਂ ਨੂੰ ਇੱਕ ਮਹੀਨੇ ਲਈ ਪੱਚੀ ਹਜ਼ਾਰ ਰੁਪਏ ਦਾ ਵਾਧੂ ਭੱਤਾ ਦਿੱਤਾ ਜਾਣ ਤੇ ਉਨਾ ਦੇ ਮੁਫ਼ਤ ਟੈਸਟ ਕੀਤੇ ਜਾਣ, ਲਾਭਪਾਤਰੀਆਂ ਨੂੰ ਪੋਸ਼ਣ ਦੀ ਸਪਲਾਈ ਦੀ ਮਾਤਰਾ ਦੀ ਗੁਣਵੱਤਾ ਵਧਾਏ ਜਾਣ, ਆਂਗਣਵਾੜੀ ਵਰਕਰ ਤੇ ਹੈਲਪਰ ਨੂੰ ਵਰਕਰ ਵਜੋਂ ਮਾਨਤਾ ਦਿੱਤੇ ਜਾਣ, ਵਰਕਰਾਂ ਨੂੰ ਘੱਟੋ ਘੱਟ 30 ਹਜ਼ਾਰ ਤੇ ਹੈਲਪਰਾਂ ਨੂੰ 21 ਹਜ਼ਾਰ ਰੁਪਏ ਤਨਖਾਹ ਦਿੱਤੇ ਜਾਣ ਤੇ 45ਵੀਂ ਤੇ 46ਵੀਂ ਕਾਨਫਰੰਸ ਦੀਆਂ ਸਿਫ਼ਾਰਸ਼ਾਂ ਅਨੁਸਾਰ ਪੈਨਸ਼ਨ ਈਐਸਆਈਪੀਐਫ ਆਦਿ ਪ੍ਰਦਾਨ ਕੀਤੇ ਜਾਣ ਦੀ ਮੰਗ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ