ਵਿਆਹ-ਸ਼ਾਦੀ ਵਾਲੇ ਸਮਾਗਮ ਬਾਹਰ ਲੱਗੇ ਹੋਣਗੇ ਪੁਲਿਸ ਨਾਕੇ, ਸ਼ਰਾਬੀ ਡਰਾਈਵਰਾਂ ਨੂੰ ਕੀਤਾ ਜਾਏਗਾ ਕਾਬੂ
- ਸ਼ਰਾਬ ਪੀ ਕੇ ਗੱਡੀ ਚਲਾਉਣ ਕਰਕੇ ਹੋਣ ਵਾਲੇ ਹਾਦਸੇ ਕੰਟਰੋਲ ਕਰਨ ਦੀ ਕੋਸ਼ਿਸ਼
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਵਿਆਹ-ਸ਼ਾਦੀ ਸਮਾਗਮਾਂ ਦੇ ਬਾਹਰ ਹੁਣ ਪੁਲਿਸ ਨਾ ਕੇ ਲੱਗਦੇ ਨਜ਼ਰ ਆਉਣਗੇ। ਇਹ ਪੁਲਿਸ ਨਾਕੇ ਨਾ ਸਿਰਫ਼ ਤੁਹਾਡੀ ਸੁਰੱਖਿਆ ਲਈ ਹੋਣਗੇ, ਸਗੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਕਾਬੂ ਕਰਨ ਲਈ ਵੀ ਲਗਾਏ ਜਾਣਗੇ। ਇਸ ਨਾਲ ਸ਼ਰਾਬੀ ਡਰਾਈਵਰਾਂ ਕਰਕੇ ਹੋਣ ਵਾਲੇ ਸੜਕ ਹਾਦਸੇ ਵੱਡੇ ਪੱਧਰ ’ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਭਗਵੰਤ ਮਾਨ ਦੀ ਸਰਕਾਰ (Mann Government ) ਵੱਲੋਂ ਕੀਤੀ ਜਾ ਰਹੀ ਹੈ। ਵਿਆਹ ਸਮਾਗਮਾਂ ਦੇ ਬਾਹਰ ਪੁਲਿਸ ਨਾਕੇ ਇਸ ਕਰਕੇ ਲਾਏ ਜਾਣਗੇ, ਕਿਉਂਕਿ ਇਨਾਂ ਦਿਨਾਂ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕ ਸ਼ਰਾਬ ਪੀਣ ਤੋਂ ਬਾਅਦ ਗੱਡੀ ਚਲਾ ਰਹੇ ਹਨ, ਇਨਾਂ ਨੂੰ ਰੋਕਣ ਲਈ ਹੀ ਇਹ ਨਾਕੇ ਲਾਏ ਜਾਣਗੇ।
-
ਗ੍ਰਹਿ ਵਿਭਾਗ ਨੇ ਪੰਜਾਬ ਦੇ ਡੀਜੀਪੀ ਨੂੰ ਦਿੱਤੇ ਆਦੇਸ਼, ਡੀਜੀਪੀ ਨੇ ਐਸ.ਐਸ.ਪੀਜ਼ ਨੂੰ ਸਖ਼ਤੀ ਕਰਨ ਲਈ ਕਿਹਾ
ਗ੍ਰਹਿ ਵਿਭਾਗ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਇਸ ਤਰਾਂ ਦੇ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਡੀਜੀਪੀ ਦਫ਼ਤਰ ਤੋਂ ਇਨਾਂ ਹੁਕਮਾਂ ਦੀ ਤਾਮੀਲ ਕਰਨ ਲਈ ਪੰਜਾਬ ਭਰ ਦੇ ਐਸਐਸਪੀ ਅਤੇ ਕਮਿਸ਼ਨਰ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਬੀਤੇ ਦਿਨ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਅੱਜ ਕੱਲ੍ਹ ਵਿਆਹਾਂ ਦਾ ਸੀਜ਼ਨ ਹੈ ਅਤੇ ਧੁੰਦ ਕਾਰਨ ਸੜਕੀਂ ਹਾਦਸੇ ਦਾ ਖਤਰਾ ਵਧ ਜਾਂਦਾ ਹੈ।
ਮੁੱਖ ਮੰਤਰੀ ਭਗਵੰਤ ਮਾਨ (Mann Government ) ਵੱਲੋਂ ਆਦੇਸ਼ ਦਿੱਤਾ ਗਿਆ ਹੈ ਕਿ ਸ਼ਰਾਬ ਪੀ ਕੇ ਹੋਣ ਵਾਲੀ ਡਰਾਈਵਿੰਗ ਦੇ ਚਲਦੇ ਹੋ ਰਹੇ ਸੜਕੇ ਹਾਦਸੇ ਰੋਕਣ ਵਾਸਤੇ ਇੱਕ ਮੁਹਿੰਮ ਚਲਾਈ ਜਾਵੇ, ਜਿਸ ਤਹਿਤ ਮੈਰੀਜ ਪੈਲੇਸ ਦੇ ਬਾਹਰ ਸ਼ਰਾਬ ਚੈੱਕ ਮਸ਼ੀਨਾਂ ਰਾਹੀਂ ਚੈਂਕਿੰਗ ਕੀਤੀ ਜਾਵੇ। ਇਥੇ ਹੀ ਇਸ ਮੁਹਿੰਮ ਨੂੰ ਚਲਾਉਣ ਦੇ ਨਾਲ ਹੀ ਪਬਲਿਕ ਨੂੰ ਜਾਗਰੂਕ ਵੀ ਕੀਤਾ ਤਾਂ ਜੋ ਜਿਸ ਵਿਅਕਤੀ ਨੇ ਸ਼ਰਾਬ ਪੀਤੀ ਹੋਵੇ, ਉਹ ਗੱਡੀ ਨਾ ਚਲਾਵੇਂ।
ਹਰ ਸੋਮਵਾਰ ਨੂੰ ਗ੍ਰਹਿ ਵਿਭਾਗ ਨੂੰ ਭੇਜਣੀ ਪਏਗੀ ਰਿਪੋਰਟ
ਗ੍ਰਹਿ ਵਿਭਾਗ ਵੱਲੋਂ ਡੀਜੀਪੀ ਨੂੰ ਇਹ ਆਦੇਸ਼ ਜਾਰੀ ਕਰਨ ਦੇ ਨਾਲ ਹੀ ਹਰ ਸੋਮਵਾਰ ਨੂੰ ਰਿਪੋਰਟ ਭੇਜਣ ਲਈ ਵੀ ਕਿਹਾ ਹੈ। ਹਰ ਸੋਮਵਾਰ ਨੂੰ ਰਿਪੋਰਟ ਮਿਲਣ ਤੋਂ ਬਾਅਦ ਗ੍ਰਹਿ ਵਿਭਾਗ ਦੇ ਅਧਿਕਾਰੀ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਤੱਕ ਰਿਪੋਰਟ ਪਹੁੰਚਾਉਣਗੇ ਤਾਂ ਕਿ ਮੁੱਖ ਮੰਤਰੀ ਹਫ਼ਤੇ ਬਾਅਦ ਪਤਾ ਚਲ ਰਹੇ ਕਿ ਪੰਜਾਬ ਭਰ ਵਿੱਚ ਕਿੰਨੇ ਨਾਕੇ ਲਗਾਉਂਦੇ ਹੋਏ ਚੈਕਿੰਗ ਕੀਤੀ ਗਈ ਹੈ ਅਤੇ ਸ਼ਰਾਬ ਪੀਣ ਵਾਲੇ ਦਾ ਕਿੰਨਾ ਚਲਾਨ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ