ਧਮਾਕੇ ਪਿੱਛੇ ਕੇਐਲਐਫ, ਇੱਕ ਕਾਬੂ, ਇੱਕ ਫਰਾਰ

Amritsar Blast, Pakistan, Attacked only, Captain

ਪਾਕਿਸਤਾਨ ਤੋਂ ਚਲਾਈਆਂ ਜਾ ਰਹੀਆਂ ਨੇ ਅੱਤਵਾਦੀ ਸਰਗਰਮੀਆਂ

ਪੰਜਾਬ ਪੁਲਿਸ ਨੇ 72 ਘੰਟਿਆਂ ‘ਚ ਸੁਲਝਾਇਆ ਅੰਮ੍ਰਿਤਸਰ ‘ਚ ਬੰਬ ਧਮਾਕੇ ਦਾ ਮਾਮਲਾ

ਹਮਲਾਵਰਾਂ ਨੇ 13 ਨਵੰਬਰ ਨੂੰ ਕੀਤੀ ਸੀ ਨਿਰੰਕਾਰੀ ਭਵਨ ਦੀ ਰੇਕੀ

ਪੁਲਿਸ ਅਧਿਕਾਰੀਆਂ ਨੂੰ ਮਿਲੇਗਾ 50 ਲੱਖ ਰੁਪਏ ਦਾ ਇਨਾਮ

ਅਸ਼ਵਨੀ ਚਾਵਲਾ, ਚੰਡੀਗੜ੍ਹ

ਅੰਮ੍ਰਿਤਸਰ ਦੇ ਨਿਰੰਕਾਰੀ ਸਤਿਸੰਗ ਭਵਨ ‘ਤੇ ਹੋਏ ਅੱਤਵਾਦੀ ਹਮਲੇ ਨੂੰ ਪੰਜਾਬ ਪੁਲਿਸ ਨੇ 72 ਘੰਟਿਆਂ ਤੋਂ ਘੱਟ ਸਮੇਂ ਵਿੱਚ ਹੀ ਹੱਲ ਕਰਦੇ ਹੋਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇੱਕ ਅੱਤਵਾਦੀ ਪੁਲਿਸ ਦੀ ਗ੍ਰਿਫ਼ਤਾਰ ਤੋਂ ਬਾਹਰ ਚਲ ਰਿਹਾ ਹੈ, ਜਿਸ ਨੂੰ ਕਿ ਜਲਦ ਹੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿਖੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਕੋਈ ਪੁਰਾਣੀ ਹਿਸਟਰੀ ਕ੍ਰਿਮੀਨਲ ਨਹੀਂ ਹੈ, ਸਗੋਂ ਉਨ੍ਹਾਂ ਨੇ ਤਾਂ ਪਾਕਿਸਤਾਨੋਂ ਮਿਲਣ ਵਾਲੇ ਕੁਝ ਪੈਸੇ ਦੇ ਲਾਲਚ ਵਿੱਚ ਆ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 15 ਹੋਰ ਜ਼ਖਮੀ ਹੋ ਗਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ  ਸ਼ੱਕੀ ਕਾਰਕੁੰਨ ਬਿਕਰਮਜੀਤ ਸਿੰਘ ਉਰਫ ਬਿਕਰਮ (26 ਸਾਲ) ਪੁੱਤਰ ਸੁਖਵਿੰਦਰ ਸਿੰਘ ਵਾਸੀ ਧਾਰੀਵਾਲ (ਥਾਣਾ ਰਾਜਾਸਾਂਸੀ) ਨੂੰ ਅੱਜ ਸਵੇਰੇ ਪਿੰਡ ਲੋਹਾਰ ਕਾ ਨੇੜਿਓਂ ਗ੍ਰਿਫਤਾਰ ਕੀਤਾ ਗਿਆ।

ਉਸ ਦਾ ਸਾਥੀ ਅਵਤਾਰ ਸਿੰਘ ਵਾਸੀ ਚੱਕ ਮਿਸ਼ਰੀ ਖਾਨ, ਲੋਪੋਕੇ, ਜ਼ਿਲ੍ਹਾ ਅੰਮ੍ਰਿਤਸਰ ਫਰਾਰ ਹੈ  ਅਵਤਾਰ ਸਿੰਘ ਨੂੰ ਇਹ ਗ੍ਰਨੇਡ ਪਾਕਿਸਤਾਨ ‘ਚ ਸਰਗਰਮ ਇੱਕ ਹੈਪੀ ਨਾਂ ਦੇ ਵਿਅਕਤੀ ਵੱਲੋਂ ਮੁਹੱਈਆ ਕਰਵਾਇਆ ਗਿਆ। ਹੈਪੀ, ਪਾਕਿਸਤਾਨ ਅਧਾਰਿਤ ਕੇ.ਐਲ.ਐਫ. ਦੇ ਮੁਖੀ ਹਰਮੀਤ ਸਿੰਘ ਹੈਪੀ ਉਰਫ ਪੀਐਚ.ਡੀ. ਹੋਣ ਦਾ ਅੰਦੇਸ਼ਾ ਹੈ ਜੋ ਪਕਿਸਤਾਨੀ ਨਿਜ਼ਾਮ ਅਤੇ ਆਈ.ਐਸ.ਆਈ. ਦੀ ਸਰਗਰਮ ਭਾਈਵਾਲੀ ਨਾਲ ਸਾਲ 2016-17 ਵਿੱਚ ਲੁਧਿਆਣਾ ਤੇ ਜਲੰਧਰ ਵਿੱਚ ਆਰ. ਐਸ. ਐਸ./ਸ਼ਿਵ ਸੈਨਾ/  ਡੀ. ਐਸ. ਐਸ. ਲੀਡਰਾਂ ਤੇ ਵਰਕਰਾਂ (ਅਤੇ ਇੱਕ ਈਸਾਈ ਪਾਦਰੀ) ਦਾ ਮਿੱਥ ਕੇ ਕਤਲ ਕਰਨ ਦੀਆਂ ਸਾਜ਼ਿਸ਼ਾਂ ਦੇ ਮਨਸੂਬੇ ਘੜਨ ਵਾਲਾ ਹੈ। ਮੁੱਖ ਮੰਤਰੀ ਨੇ ਇਸ ਹਮਲੇ ਨਾਲ ਕਿਸੇ ਤਰਾਂ ਦਾ ਧਾਰਮਿਕ ਪੱਖ ਜੁੜੇ ਹੋਣ ਨੂੰ ਮੁੱਢੋਂ ਰੱਦ ਕਰ ਦਿੱਤਾ। ਉਨਾਂ ਆਖਿਆ ਕਿ ਨਿਰੰਕਾਰੀ ਭਵਨ ‘ਤੇ ਐਤਵਾਰ ਨੂੰ ਹੋਏ ਹਮਲੇ ਨੂੰ ਆਈ.ਐਸ.ਆਈ. ਅਤੇ ਪਾਕਿਸਤਾਨੀ ਨਿਜ਼ਾਮ ਵੱਲੋਂ ਇਸ ਅੱਤਵਾਦੀ ਕਾਰਵਾਈ ਰਾਹੀਂ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਇਕ ਹੋਰ ਕੋਸ਼ਿਸ਼ ਕੀਤੀ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਆਈ.ਐਸ.ਆਈ. ਅਤੇ ਪਾਕਿਸਤਾਨ ਦੇ ਸਥਾਪਤ ਨਿਜ਼ਾਮ ਵੱਲੋਂ ਪੰਜਾਬੀ ਤੇ ਕਸ਼ਮੀਰੀ ਅੱਤਵਾਦੀ ਗਰੁੱਪਾਂ ਨਾਲ ਕੜੀ ਜੋੜਨਾ ਪੰਜਾਬ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਉਨਾਂ ਕਿਹਾ ਕਿ ਅਜਿਹੀਆਂ ਫੋਰਸਾਂ ਨੂੰ ਸਿਰ ਨਾ ਚੁੱਕਣ ਦੇਣ ਲਈ ਸੂਬੇ ਦੀ ਪੁਲੀਸ ਕੇਂਦਰੀ ਏਜੰਸੀਆਂ ਨਾਲ ਨੇੜਿਓਂ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਦ੍ਰਿੜ ਵਚਨਬੱਧਤਾ ਜ਼ਾਹਰ ਕਰਦਿਆਂ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਵਿੱਚ ਬਹੁਤ ਘਾਲਣਾ ਘਾਲ ਕੇ ਕਾਇਮ ਕੀਤੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਸਾਲ 2018 ਵਿੱਚ ਅੱਤਵਾਦ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ ਜਿਨਾਂ ਵਿੱਚ ਜਲੰਧਰ ਦੇ ਮਕਸੂਦਾਂ ਪੁਲੀਸ ਥਾਣੇ ਅਤੇ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ‘ਤੇ ਹਮਲੇ ਹੋਏ ਹਨ ਅਤੇ ਪੁਲੀਸ ਨੇ ਇਨਾਂ ਦੋਵਾਂ ਮਾਮਲਿਆਂ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਹੈ। ਪੁਲੀਸ ਨੇ ਮਿੱਥ ਕੇ ਕੀਤੇ ਕਤਲਾਂ ਦੀ ਗੁੱਥੀ ਵੀ ਸੁਲਝਾਈ ਹੈ।ਮੁੱਖ ਮੰਤਰੀ ਨੇ ਦੱਸਿਆ ਕਿ ਮੁਢਲੀ ਜਾਂਚ ਅਤੇ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਨਾਲ ਬਿਕਰਮ ਦੀ ਗ੍ਰਿਫਤਾਰੀ ਹੋਈ ਹੈ ਜਿਸ ਨੇ ਆਪਣੇ ਸਾਥੀ ਦੀ ਪਛਾਣ ਅਵਤਾਰ ਸਿੰਘ ਖਾਲਸਾ (32 ਸਾਲ) ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਚੱਕ ਮਿਸ਼ਰੀ ਖਾਨ, ਲੋਪੋਕੇ (ਅਜਨਾਲਾ), ਅੰਮ੍ਰਿਤਸਰ ਵਜੋਂ ਕੀਤੀ ਹੈ।

ਇਸ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਆਪਣੀ ਗ੍ਰਿਫਤਾਰੀ ਸਮੇਂ ਬਿਕਰਮ ਇਕ ਮੋਟਰਬਾਈਕ (ਟੀ.ਵੀ.ਐਸ-ਪੀ.ਬੀ-18 ਐਮ 7032) ਚਲਾ ਰਿਹਾ ਸੀ। ਹਮਲੇ ਸਮੇਂ ਬਿਕਰਮ ਵੱਲੋਂ ਵਰਤਿਆ ਗਿਆ ਕਾਲਾ ਬਜਾਜ ਪਲਸਰ ਮੋਟਰਸਾਈਕਲ (ਪੀ.ਬੀ.02-ਬੀ.ਐਫ 9488) ਵੀ ਬਰਾਮਦ ਕਰ ਲਿਆ ਗਿਆ ਹੈ। ਬਿਕਰਮ ਜੀਤ ਸਿੰਘ ਨੇ ਦੱਸਿਆ ਹੈ ਕਿ ਅਵਤਾਰ ਸਿੰਘ ਨੇ ਉਸ ਨੂੰ 3 ਨਵੰਬਰ ਨੂੰ ਦੇਰ ਰਾਤ ਫੋਨ ਕੀਤਾ ਅਤੇ ਅਗਲੀ ਸਵੇਰ ਇਕ ਹਮਲੇ ਲਈ ਤਿਆਰ ਰਹਿਣ ਲਈ ਆਖਿਆ। ਉਸ ਦਿਨ ਸਵੇਰੇ 4.30 ਵਜੇ ਅਵਤਾਰ, ਬਿਕਰਮ ਦੇ ਘਰ ਪਹੁੰਚ ਗਿਆ ਅਤੇ ਦੋਵੇਂ ਬਿਕਰਮ ਦੇ ਬਜਾਜ ਪਲਸਰ ਮੋਟਰਸਾਈਕਲ ‘ਤੇ ਬੈਠ ਕੇ ਮਜੀਠਾ-ਹਰੀਆਂ ਲਿੰਕ ਸੜਕ ‘ਤੇ ਇਕ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇਕ ਬਗੀਚੇ ਵਿੱਚ ਹੈਂਡ ਗ੍ਰਨੇਡ ਪ੍ਰਾਪਤ ਕੀਤਾ। ਉਨਾਂ ਨੇ ਐਚ.ਈ.84 ਹੈਂਡ ਗ੍ਰਨੇਡ ਪ੍ਰਾਪਤ ਕੀਤਾ ਜੋ ਇਕ ਟਾਹਲੀ ਦੇ ਦਰਖਤ ਹੇਠ ਅੱਧਾ ਫੁੱਟ ਡੂੰਘਾ ਦੱਬਿਆ ਹੋਇਆ ਸੀ।

ਬਿਕਰਮ ਤੋਂ ਪੁੱਛੇ ਗਏ ਮੁੱਢਲੇ ਸਵਾਲਾਂ ਦੇ ਅਨੁਸਾਰ 13 ਨਵੰਬਰ ਦੀ ਸਵੇਰ ਨੂੰ ਉਨਾਂ ਨੇ ਨਿਰੰਕਾਰੀ ਸਤਸੰਗ ਭਵਨ ਦੀ ਰੇਕੀ ਕੀਤੀ, ਉਸ ਸਮੇਂ ਉਥੇ ਕੋਈ ਵੀ ਮੌਜੂਦ ਨਹੀਂ ਸੀ। ਰੇਕੀ ਦੌਰਾਨ ਦੋਵਾਂ ਸਾਜਿਸ਼ਕਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਸੀ.ਸੀ.ਟੀ.ਵੀ ਦੇ ਕੈਮਰੇ ਦੀ ਸਥਿਤੀ, ਇਮਾਰਤ ਦਾ ਲੇਆਊਟ ਪਲਾਨ ਅਤੇ ਸਤਿਸੰਗ ਭਵਨ ਦੀ ਇਮਾਰਤ ਦੀ ਚਾਰ ਦਿਵਾਰੀ ‘ਤੇ ਲੱਗੇ ਮੁੱਖ ਗੇਟ ਤੋਂ ਇਸ ਦੀ ਦੂਰੀ ਨੂੰ ਪਰਖਿਆ। ਬਿਕਰਮ ਜੀਤ ਸਿੰਘ ਨੇ ਅੱਗੇ ਦੱਸਿਆ ਕਿ 16 ਨਵੰਬਰ ਨੂੰ ਕੀਤੇ ਗਏ ਫੈਸਲੇ ਦੇ ਅਨੁਸਾਰ ਬਿਕਰਮ ਪਿੰਡ ਚੱਕ ਮਿਸ਼ਰੀਖਾਨ ਵਿਖੇ ਅਵਤਾਰ ਸਿੰਘ ਦੇ ਘਰ ਕਾਲੇ ਬਜਾਜ ਪਲਸਰ ਮੋਟਰਸਾਈਕਲ ‘ਤੇ ਸਵੇਰੇ ਤਕਰੀਬਨ 9 ਵਜੇ ਪਹੁੰਚਿਆ ਜਿੱਥੇ ਉਨਾਂ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਉਤਾਰ ਦਿੱਤੀ। ਉਹ ਤਕਰੀਬਨ ਸਵੇਰੇ 9.30 ਵਜੇ ਪਿੰਡ ਅਦਲੀਵਾਲ ਵੱਲ ਤੁਰੇ ਅਤੇ ਪਿੰਡ ਮਾਨਾਵਾਲਾ ਦੇ ਨੇੜੇ ਜਾ ਕੇ ਆਪਣੇ ਮੂੰਹ ਢਕ ਲਏ। ਉਨਾਂ ਨੇ ਸਤਿਸੰਗ ਭਵਨ ਵਿਖੇ ਲੋਕਾਂ ਦੇ ਪਹੁੰਚਣ ਦਾ ਇੰਤਜ਼ਾਰ ਕੀਤਾ। ਉਸ ਸਮੇਂ ਉਨਾਂ ਦੋਵਾਂ ਕੋਲ ਪਿਸਤੌਲ ਸਨ।

ਬਿਕਰਮ ਨੇ ਅੱਗੇ ਖੁਲਾਸਾ ਕੀਤਾ ਹੈ ਕਿ ਅਵਤਾਰ ਸੰਗਤ ਦੇ ਨਾਲ ਖੁੱਲੇ ਗੇਟ ਰਾਹੀਂ ਸਤਿਸੰਗ ਭਵਨ ਦੇ ਕੰਪਲੈਕਸ ਅੰਦਰ ਸਫਲਤਾਪੂਰਨ ਵੜ ਗਿਆ ਅਤੇ ਉਹ ਖੁਦ ਸਤਿਸੰਗ ਭਵਨ ਕੰਪਲੈਕਸ ਦੇ ਦੋ ਗੇਟ-ਪੋਸਟਾਂ ‘ਤੇ ਤਾਇਨਾਤ ਦੋ ਸੇਵਾਦਾਰਾਂ ਤੇ ਪਿਸਤੌਲ ਦੀ ਨੋਕ ‘ਤੇ ਕਾਬੂ ਕਰਨ ਵਿੱਚ ਸਫਲ ਹੋਇਆ। ਗ੍ਰਨੇਡ ਸੁਟੱਣ ਤੋਂ ਬਾਅਦ ਦੋਵੇਂ ਬਿਕਰਮ ਦੀ ਮੋਟਰਬਾਈਕ ‘ਤੇ ਫਰਾਰ ਹੋ ਗਏ ਅਤੇ ਅਵਤਾਰ ਸਿੰਘ ਦੇ ਪਿੰਡ ਦੁਪਹਿਰ ਤਕਰੀਬਨ 12 ਵਜੇ ਪਹੁੰਚੇ ਜਿੱਥੇ ਅਵਤਾਰ ਨੇ ਬਿਕਰਮ ਨੂੰ ਪਿਸਤੌਲ ਵਾਪਸ ਲੈ ਲਿਆ। ਆਪਣੇ ਕੱਪੜੇ ਅਤੇ ਦਿੱਖ ਬਦਲਣ ਤੋਂ ਬਾਅਦ ਬਿਕਰਮ ਆਪਣੇ ਪਿੰਡ ਕਾਲੇ ਬਜਾਜ ਪਲਸਰ ਮੋਟਰਸਾਈਕਲ ‘ਤੇ ਵਾਪਿਸ ਆ ਗਿਆ। ਹਰਮੀਤ ਸਿੰਘ ਹੈਪੀ ਪੀਐਚ.ਡੀ ਨੇ ਪਹਿਲਾਂ ਵੀ ਖਾਲਿਸਤਾਨ ਗਦਰ ਫੋਰਸ (ਕੇ.ਜੀ.ਐਫ) ਦੇ ਆਪੇ ਬਣੇ ਮੁਖੀ ਸ਼ਬਨਮਦੀਪ ਸਿੰਘ ਵਾਸੀ ਸਮਾਣਾ, ਜ਼ਿਲਾ ਪਟਿਆਲਾ ਨੂੰ ਇਸੇ ਤਰ੍ਹਾਂ ਦਾ ਹੀ ਇੱਕ ਹੈਂਡ ਗ੍ਰਨੇਡ (ਐਚ.ਜੀ.84) ਸਪਲਾਈ ਕੀਤੀ ਸੀ। ਸ਼ਬਨਮਦੀਪ ਨੂੰ 31 ਅਕਤੂਬਰ, 2018 ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।