ਉਮਰ ਨੂੰ ਪਿੱਛੇ ਛੱਡ ਕੇ ਦੌੜਨ ਵਾਲਾ ਦੌੜਾਕ, ਅਮਰੀਕ ਸਿੰਘ

ਉਮਰ ਨੂੰ ਪਿੱਛੇ ਛੱਡ ਕੇ ਦੌੜਨ ਵਾਲਾ ਦੌੜਾਕ, ਅਮਰੀਕ ਸਿੰਘ

ਹਰ ਆਦਮੀ ਦੀ ਜ਼ਿੰਦਗੀ ਕਈ ਪੜਾਵਾਂ ਵਿੱਚੋਂ ਦੀ ਗੁਜ਼ਰਦੀ ਹੈ ਤੇ ਹਰੇਕ ਬੰਦਾ ਉਮਰ ਦੇ ਨਾਲ ਬਹੁਤ ਸਾਰੇ ਉੱਤਰਾਅ-ਚੜ੍ਹਾਅ ਆਪਣੇ ਜੀਵਨ ਵਿੱਚ ਵੇਖਦਾ ਹੈ। ਇਨ੍ਹਾਂ ਉਤਰਾਵਾਂ-ਚੜ੍ਹਾਵਾਂ ਕਰਕੇ ਹੀ ਬੰਦੇ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ। ਕਹਿਣ ਦਾ ਭਾਵ ਬੰਦਾ ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਬੁਢਾਪੇ ਤੱਕ ਕਈ ਰੰਗ ਬਦਲਦਾ ਹੈ। ਪਰ ਵਿਰਲੇ-ਟਾਵੇਂ ਬੰਦੇ ਹੁੰਦੇ ਹਨ ਜਿਨ੍ਹਾਂ ’ਤੇ ਉਮਰ ਦਾ ਅਸਰ ਵੇਖਣ ਨੂੰ ਨਹੀਂ ਮਿਲਦਾ। ਅਜਿਹਾ ਹੀ ਇੱਕ ਨਾਂਅ ਅਮਰੀਕ ਸਿੰਘ ਦਾ ਹੈ ਜੋ ਉਮਰ ਦਾ ਅਰਧ ਸੈਂਕੜਾ ਪੂਰਾ ਕਰਨ ਦੇ ਐਨ ਕਿਨਾਰੇ ’ਤੇ ਖੜ੍ਹ ਕੇ ਵੀ ਖੇਡਾਂ ਵਿੱਚ ਚੰਗਾ ਨਾਮਣਾ ਖੱਟ ਰਿਹਾ ਹੈ।

ਅਮਰੀਕ ਸਿੰਘ ਦਾ ਜਨਮ ਅੱਜ ਤੋਂ ਪੰਜ ਕੁ ਦਹਾਕੇ ਪਹਿਲਾਂ ਸ. ਜਸਵੰਤ ਸਿੰਘ ਤੇ ਮਾਤਾ ਮਹਿੰਦਰ ਕੌਰ ਦੇ ਘਰ ਪਿੰਡ ਸਾਹਨੇਵਾਲੀ ਜ਼ਿਲ੍ਹਾ ਮਾਨਸਾ ਵਿਖੇ ਹੋਇਆ। ਪਿੰਡ ਵਿਚਲੇ ਖੇਡ ਕਲੱਬ ਦਾ ਪ੍ਰਧਾਨ ਰਿਹਾ ਹੋਣ ਕਰਕੇ ਉਸ ਨੂੰ ਸਾਰੇ ਮਰੀਕ ਪ੍ਰਧਾਨ ਕਹਿੰਦੇ ਹਨ। ਉਸ ਨੂੰ ਵੇਖ ਕੇ ਕੋਈ ਨਹੀਂ ਕਹਿੰਦਾ ਕਿ ਉਸ ਦੀ ਉਮਰ 48 ਸਾਲ ਦੀ ਹੈ। ਉਹ ਅੱਜ ਵੀ ਹਰ ਰੋਜ਼ ਸਾਮ ਨੂੰ ਮੁੱਛ ਫੁੱਟਦੇ ਮੁੰਡਿਆਂ ਨਾਲ ਫੁੱਟਬਾਲ ਦੇ ਮੈਚ ਵਿੱਚ ਮੜਿੱਕਦਾ ਹੈ। ਖੇਡਾਂ ਨਾਲ ਉਸ ਨੂੰ ਅੰਤਾਂ ਦਾ ਮੋਹ ਹੈ ਇਸ ਮੋਹ ਸਦਕੇ ਹੀ ਉਸ ਨੇ ਚੜ੍ਹਦੀ ਉਮਰੇ ਸੋਹਣੀ ਕਬੱਡੀ ਵੀ ਖੇਡੀ ਹੈ। ਇਸ ਤੋਂ ਇਲਾਵਾ ਦੌੜ-ਭੱਜ ਦੇ ਵੀ ਬਹੁਤ ਸਾਰੇ ਮੁਕਾਬਲੇ ਜਿੱਤੇ ਹਨ। ਉਹ ਬਚਪਨ ਤੋਂ ਲੈ ਕੇ ਹੁਣ ਤੱਕ ਕੋਈ ਨਾ ਕੋਈ ਖੇਡ ਵਿੱਚ ਹਿੱਸਾ ਲੈਂਦਾ ਆ ਰਿਹਾ ਹੈ। ਇਸ ਕਰਕੇ ਹੀ ਉਸ ਨੇ ਅੱਜ ਤੱਕ ਉਮਰ ਨੂੰ ਸਰੀਰਕ ਫਿਟਨੈੱਸ ਵਿੱਚ ਅੜਿੱਕਾ ਨਹੀਂ ਬਣਨ ਦਿੱਤਾ ਉਮਰ ਦੇ ਇਸ ਪੜਾਅ ’ਤੇ ਪੁੱਜ ਕੇ ਵੀ ਇਨਾਮ ਜਿੱਤ ਰਿਹਾ ਹੈ।

ਮਾਰਟਿਨ ਲੂਥਰ ਕਿੰਗ ਕਹਿੰਦਾ ਹੈ, ‘‘ਜੇ ਤੁਸੀਂ ਉੱਡ ਨਹੀਂ ਸਕਦੇ ਤਾਂ ਦੌੜਨ ਦੀ ਕੋਸ਼ਿਸ਼ ਜਰੂਰ ਕਰੋ, ਜੇ ਤੁਸੀਂ ਦੌੜ ਨਹੀਂ ਸਕਦੇ ਤਾਂ ਤੁਰਨ ਦੀ ਕੋਸ਼ਿਸ਼ ਜਰੂਰ ਕਰੋ, ਜੇ ਤੁਸੀਂ ਤੁਰ ਨਹੀਂ ਸਕਦੇ ਤਾਂ ਰੀਂਗਣ ਦੀ ਕੋਸ਼ਿਸ਼ ਜਰੂਰ ਕਰੋ’’ ਮਤਲਬ ਕਿ ਭਾਵੇਂ ਬੇਹੱਦ ਹੌਲੀ ਚਾਲ ਹੀ ਸਹੀ, ਤੁਰਦੇ ਜ਼ਰੂਰ ਰਹੋ ਕਿਸੇ ਥਾਂ ’ਤੇ ਖੜੇ ਹੋਣਾ ਮੌਤ ਦੀ ਨਿਸ਼ਾਨੀ ਹੈ ਅਮਰੀਕ ਵੀ ਰੁਕਿਆ ਨਹੀਂ ਉਹ ਵੀ ਦੌੜਦਾ ਰਿਹਾ, ਖੇਡਦਾ ਰਿਹਾ, ਇਸ ਕਰਕੇ ਹੀ ਉਸ ਦੀ ਸਰੀਰਕ ਫਿਟਨੈੱਸ ਕਮਾਲ ਦੀ ਹੈ। ਆਪਣੀ ਇਸ ਸਰੀਰਕ ਫਿਟਨੈੱਸ ਦਾ ਲੋਹਾ ਉਸ ਨੇ ਪਿਛਲੇ ਦਿਨੀਂ ਇੱਕ ਵਾਰ ਫਿਰ ਮਨਵਾਇਆ ਹੈ।

ਪੰਜਾਬ ਸਰਕਾਰ ਵੱਲੋਂ ਇਸ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਵੱਖ-ਵੱਖ ਉਮਰ ਦੇ ਖਿਡਾਰੀਆਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਅਮਰੀਕ ਸਿੰਘ ਨੇ ਵੀ 40 ਸਾਲ ਤੋਂ 50 ਸਾਲ ਉਮਰ ਵਰਗ ਦੇ ਸੌ ਮੀਟਰ ਤੇ ਦੋ ਸੌ ਮੀਟਰ ਦੌੜ ਮੁਕਾਬਲਿਆਂ ਵਿੱਚ ਭਾਗ ਲਿਆ ਸੀ। ਉਸ ਨੇ ਪਹਿਲਾਂ ਜੋਨ ਪੱਧਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਫਿਰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਜਲੰਧਰ ਵਿਖੇ ਪੰਜਾਬ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਵੇਗਾ। ਅਮਰੀਕ ਦੀ ਇਹ ਪ੍ਰਾਪਤੀ ਕੋਈ ਛੋਟੀ ਨਹੀਂ ਹੈ ਪਰ ਉਹ ਇੱਥੇ ਹੀ ਰੁਕਣ ਵਾਲਾ ਨਹੀਂ ਹੈ। ਉਹ ਤਾਂ ਹੁਣ ਪੰਜਾਬ ਪੱਧਰੀ ਮੁਕਾਬਲੇ ਲਈ ਸਖਤ ਮਿਹਨਤ ਕਰ ਰਿਹਾ ਹੈ। ਉਸ ਦੇ ਨਾਲ-ਨਾਲ ਸਮੁੱਚੇ ਪਿੰਡ ਨੂੰ ਵੀ ਪੂਰੀ ਉਮੀਦ ਹੈ ਕਿ ਅਮਰੀਕ ਪੰਜਾਬ ਪੱਧਰ ਦੇ ਮੁਕਾਬਲੇ ਵਿੱਚੋਂ ਵੀ ਜੇਤੂ ਰਹੇਗਾ।

ਅਮਰੀਕ ਨਵੀਂ ਉਮਰ ਦੇ ਮੁੰਡਿਆਂ ਲਈ ਉਦਾਹਰਨ ਪੇਸ਼ ਕਰ ਰਿਹਾ ਹੈ ਕਿ ਜੇਕਰ ਤੁਹਾਡਾ ਇਰਾਦਾ ਦਿ੍ਰੜ ਹੋਵੇ ਤਾਂ ਤੁਸੀਂ ਉਮਰ ਦੇ ਕਿਸੇ ਵੀ ਪੜਾਅ ਵਿੱਚ ਪਹੁੰਚ ਕੇ ਜਿੱਤ ਪ੍ਰਾਪਤ ਕਰ ਸਕਦੇ ਹੋ। ਉਹ ਜ਼ਿੰਦਗੀ ਦੇ ਫਲਸਫੇ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਚੱਲਦੇ ਰਹਿਣਾ ਹੀ ਜ਼ਿੰਦਗੀ ਹੈ ਤੇ ਖੜੋਤ ਤੁਹਾਡੇ ਸੁਪਨਿਆਂ ਨੂੰ ਖਾ ਜਾਂਦੀ ਹੈ। ਜ਼ਿੰਦਗੀ ਦੀ ਇਸ ਰਵਾਨਗੀ ਨੂੰ ਡਾ. ਦੀਵਾਨ ਸਿੰਘ ਕਾਲੇਪਾਣੀ ਨੇ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ:-

ਪਾਣੀ ਵਗਦੇ ਹੀ ਰਹਿਣ,
ਕਿ ਵਗਦੇ ਸੁੰਹਦੇ ਨੇ,
ਖੜੋਂਦੇ ਬੁੱਸਦੇ ਨੇ,
ਕਿ ਪਾਣੀ ਵਗਦੇ ਹੀ ਰਹਿਣ।

ਅਮਰੀਕ ਵੀ ਪਾਣੀ ਵਾਂਗ ਕਲ-ਕਲ ਕਰਕੇ ਵਹਿ ਰਿਹਾ ਹੈ, ਦੌੜ ਰਿਹਾ ਤੇ ਉਹ ਆਪਣੀ ਉਮਰ ਨੂੰ ਪਿੱਛੇ ਛੱਡਦਾ ਜਾ ਰਿਹਾ ਹੈ।
ਸੋ, ਅਖੀਰ ਵਿੱਚ ਅਮਰੀਕ ਨੂੰ ਹੁਣ ਤੱਕ ਦੀਆਂ ਜਿੱਤਾਂ ਲਈ ਬਹੁਤ-ਬਹੁਤ ਵਧਾਈਆਂ ਤੇ ਆਸ ਕਰਦੇ ਹਾਂ ਕਿ ਉਹ ਆਉਣ ਵਾਲੇ ਪੰਜਾਬ ਪੱਧਰੀ ਮੁਕਾਬਲੇ ਵਿੱਚ ਵੀ ਜਿੱਤ ਪ੍ਰਾਪਤ ਕਰੇਗਾ ਤੇ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰੇਗਾ। ਅਮਰੀਕ ਨੂੰ ਭਵਿੱਖ ਦੇ ਮੁਕਾਬਲੇ ਲਈ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਸ਼ਾਲਾ! ਉਹ ਇਸੇ ਤਰ੍ਹਾਂ ਹੀ ਦੌੜਦਾ ਰਹੇ!
ਮਨਜੀਤ ਮਾਨ,
ਸਾਹਨੇਵਾਲੀ (ਮਾਨਸਾ)
ਮੋ. 70098-98044

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ