‘ਅਮਫਾਨ’ ਨੇ ਮਚਾਈ ਤਬਾਹੀ, 12 ਲੋਕਾਂ ਦੀ ਮੌਤ

‘ਅਮਫਾਨ’ ਨੇ ਮਚਾਈ ਤਬਾਹੀ, 12 ਲੋਕਾਂ ਦੀ ਮੌਤ

ਕੋਲਕਾਤਾ। ਕੋਲਕਾਤਾ ਸਮੇਤ ਪੱਛਮੀ ਬੰਗਾਲ ਦੇ ਕਈ ਹਿੱਸਿਆਂ ‘ਚ ਤਬਾਹੀ ਮਚਾਉਣ ਵਾਲੇ ਬੇਹੱਦ ਭਿਆਨਕ ਚੱਕਰਵਾਤੀ ਤੂਫਾਨ ‘ਅਮਫਾਨ’ ਕਾਰਨ 12 ਲੋਕਾਂ ਦੀ ਮੌਤ ਹੋ ਗਈ, ਹਜ਼ਾਰਾਂ ਮਕਾਨ ਨਸ਼ਟ ਹੋ ਗਏ ਅਤੇ ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਉਤਰ 24 ਪਰਗਨਾ ਜ਼ਿਲੇ ‘ਚ ਇਕ ਪੁਰਸ਼ ਅਤੇ ਇਕ ਔਰਤ ਦੇ ਉੱਪਰ ਦਰੱਖਤ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਹਾਵੜਾ ‘ਚ ਵੀ ਇਸੇ ਤਰ੍ਹਾਂ ਦੀ ਘਟਨਾ ‘ਚ 13 ਸਾਲਾ ਬੱਚੀ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਕਰੰਟ ਲੱਗਣ ਕਾਰਨ ਹੁਗਲੀ ਅਤੇ ਉੱਤਰ 24 ਪਰਗਨਾ ਜ਼ਿਲਿਆਂ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੋਲਕਾਤਾ ‘ਚ ਇਕ ਔਰਤ ਅਤੇ ਉਸ ਦੇ 7 ਸਾਲਾ ਬੇਟੇ ‘ਤੇ ਦਰੱਖਤ ਡਿੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਉਨ੍ਹਾਂ ਨੇ ਦੱਸਿਆ ਕਿ ਤੂਫਾਨ ਕਾਰਨ ਉਡ ਕੇ ਆਈ ਕਿਸੇ ਵਸਤੂ ਦੇ ਟਕਰਾਉਣ ਨਾਲ ਕੋਲਕਾਤਾ ‘ਚ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਰਾਜ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਸ ਚੱਕਰਵਾਤੀ ਤੂਫਾਨ ਕਾਰਨ ਜਾਨ-ਮਾਲ ਨੂੰ ਹੋਏ ਨੁਕਸਾਨ ਦਾ ਅਨੁਮਾਨ ਲਗਾਉਣਾ ਹਾਲੇ ਸੰਭਵ ਨਹੀਂ ਹੈ, ਕਿਉਂਕਿ ਜਿਨ੍ਹਾਂ ਖੇਤਰਾਂ ‘ਚ ਜ਼ਿਆਦਾ ਤਬਾਹੀ ਮਚੀ ਹੈ, ਉਨ੍ਹਾਂ ‘ਚ ਹੁਣ ਵੀ ਜਾਣਾ ਸੰਭਵ ਨਹੀਂ ਹੈ।

ਭਾਰੀ ਬਾਰਸ਼ ਅਤੇ 190 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਵਾਲੀਆਂ ਹਵਾਵਾਂ ਦੇ ਨਾਲ ‘ਅਮਫਾਨ’ ਬੁੱਧਵਾਰ ਦੁਪਹਿਰ ਢਾਈ ਵਜੇ ਪੱਛਮੀ ਬੰਗਾਲ ਦੇ ਦੀਘਾ ਤੱਟ ‘ਤੇ ਪਹੁੰਚਿਆ। ਇਸ ਤੋਂ ਬਾਅਦ ਰਾਜ ਦੇ ਕਈ ਹਿੱਸਿਆਂ ‘ਚ ਭਾਰੀ ਬਾਰਸ਼ ਅਤੇ ਤੂਫਾਨ ਆਇਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਰਾਜ ਸਕੱਤਰੇਤ ਤੋਂ ਮੰਗਲਵਾਰ ਰਾਤ ਤੋਂ ਹਾਲਾਤ ‘ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ‘ਅਮਫਾਨ’ ਤੇ ਪ੍ਰਭਾਵ ‘ਕੋਰੋਨਾ ਵਾਇਰਸ ਤੋਂ ਵੀ ਭਿਆਨਕ’ ਹੈ।

ਪੱਛਮੀ ਬੰਗਾਲ ਦੇ ਉੱਤਰ ਅਤੇ ਦੱਖਣ 24 ਪਰਗਨਾ ਜ਼ਿਲਿਆਂ ‘ਚ ਚੱਕਰਵਾਤ ਕਾਰਨ ਭਾਰੀ ਬਾਰਸ਼ ਅਤੇ ਤੂਫਾਨ ਆਉਣ ਨਾਲ ਖਪਰੈਲ ਵਾਲੇ ਮਕਾਨਾਂ ਦੇ ਉੱਪਰੀ ਹਿੱਸੇ ਹਵਾਵਾਂ ਨਾਲ ਉੱਡ ਗਏ, ਦਰੱਖਤ ਅਤੇ ਬਿਜਲੀ ਦੇ ਖੰਭੇ ਉਖੜ ਗਏ ਅਤੇ ਹੇਠਲੇ ਸ਼ਹਿਰਾਂ ਅਤੇ ਪਿੰਡਾਂ ‘ਚ ਪਾਣੀ ਭਰ ਗਿਆ। ਕੋਲਕਾਤਾ ‘ਚ 125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਹਵਾਵਾਂ ਨੇ ਕਾਰਾਂ ਨੂੰ ਪਲਟ ਦਿੱਤਾ ਅਤੇ ਦਰੱਖਤ ਤੇ ਖੰਭੇ ਉਖੜ ਕੇ ਡਿੱਗਣ ਨਾਲ ਕਈ ਅਹਿਮ ਰਸਤੇ ਰੁਕ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।