ਅਮਰਿੰਦਰ ਸਿੰਘ ਵੱਲੋਂ ਆਪਣੇ ਸੁਰੱਖਿਆ ਅਮਲੇ ‘ਚ ਕਟੌਤੀ

376 ਮੁਲਾਜ਼ਮ ਘਟਾਏ, ਹੁਣ ਤੱਕ 2 ਹਜ਼ਾਰ ਸੁਰੱਖਿਆ ਮੁਲਾਜ਼ਮ ਵਾਪਸ

ਵੀਆਈਪੀ ਕਲਚਰ ਖਤਮ ਕਰਨ ਲਈ ਮੁੱਖ ਮੰਤਰੀ ਦਾ ਅਹਿਮ ਫੈਸਲਾ

ਚੰਡੀਗੜ੍ਹ (ਅਸ਼ਵਨੀ ਚਾਵਲਾ) । ਪੰਜਾਬ ਵਿੱਚ ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿਆਸੀ ਲੀਡਰਾਂ ਦੀ ਸੁਰੱਖਿਆ ਵਿੱਚ ਕਟੌਤੀ ਕਰਨ ਦੇ ਨਾਲ ਹੀ ਹੁਣ ਆਪਣੀ ਸੁਰੱਖਿਆ ਛਤਰੀ ਵਿੱਚੋਂ ਵੀ 376 ਮੁਲਾਜ਼ਮਾ ਦੀ ਕਟੌਤੀ ਕਰ ਦਿੱਤੀ ਹੈ । ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਵੀ.ਆਈ.ਪੀ ਸੁਰੱਖਿਆ ਵਿਚ ਤਾਇਨਾਤ 2000 ਮੁਲਾਜ਼ਮਾਂ ਦੀ ਵੱਡੀ ਕਟੌਤੀ ਕੀਤੀ ਹੈ ਤਾਂ ਜੋ ਪੁਲਿਸ ਮੁਲਾਜ਼ਮਾਂ ਨੂੰ ਜ਼ਿਆਦਾ ਮਹੱਤਵਪੂਰਨ ਥਾਵਾਂ ‘ਤੇ ਲਾ ਕੇ ਵਧੀਆ ਪੁਲਿਸ ਸਹੂਲਤ ਮੁਹੱਈਆ ਕਰਵਾਉਣ ਲਈ ਬੁਨਿਆਦੀ ਢਾਂਚਾ ਪੈਦਾ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਦਾ ਜ਼ਰੂਰੀ ਕਾਰਜ ਸੌਂਪਿਆ ਜਾ ਸਕੇ ।

ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਦਾ ਜਾਇਜ਼ਾ ਲੈਣ ਸਬੰਧੀ ਹੋਈ ਇੱਕ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ।ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕਰਨ ਸਬੰਧੀ ਮੀਟਿੰਗ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਵਿੱਚ ਮੁੱਖ ਮੰਤਰੀ ਦੀ ਸੁਰੱਖਿਆ ਵੀ ਸ਼ਾਮਲ ਹੈ ਜੋ ਕਿ 1392 ਤੋਂ ਘਟਾ ਕੇ 1016 ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੰਵਿਧਾਨਕ ਅਤੇ ਸਰਕਾਰੀ ਅਧਿਕਾਰੀਆਂ ਦੀਆਂ ਸ਼੍ਰੇਣੀਆਂ ਵਿੱਚੋਂ ਵੀ 1500 ਸੁਰੱਖਿਆ ਮੁਲਾਜ਼ਮ ਵਾਪਸ ਬੁਲਾਏ ਗਏ ਹਨ।

ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਪਹਿਲਾਂ ਹੀ ਆਪਣੇ ਸਫਰ ਕਰਨ ਵਾਲੇ ਰੂਟਾਂ ਉੱਤੇ ਹਰੇਕ ਤਰ੍ਹਾਂ ਦੀ ਤਾਇਨਾਤੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਸੁਰੱਖਿਆ ਸਬੰਧੀ ਜਾਇਜ਼ਾ ਲੈਣ ਬਾਰੇ ਅਗਲੇ ਗੇੜ ਦੀ ਮੀਟਿੰਗ ਤੋਂ ਬਾਅਦ ਇਹ ਸੁਰੱਖਿਆ ਹੋਰ ਵੀ ਘਟਾਏ ਜਾਣ ਦੀ ਸੰਭਾਵਨਾ ਹੈ। ਬੁਲਾਰੇ ਅਨੁਸਾਰ ਇਸ ਸਬੰਧੀ ਫੈਸਲਾ ਖਤਰੇ ਦੀਆਂ ਸੰਭਾਵਨਾਵਾਂ ਦੀਆਂ ਤਾਜ਼ਾ ਰਿਪੋਰਟਾਂ ਦੇ ਅਧਾਰ ‘ਤੇ ਹੋਵੇਗਾ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਉਹਜ਼ਰੂਰਤ ਤੋਂ ਜ਼ਿਆਦਾ ਕਿਸੇ ਤਰ੍ਹਾਂਦੀ ਵਾਧੂ ਸੁਰੱਖਿਆ ਨਹੀਂ ਲੈਣਾ ਚਾਹੁੰਦੇ।

ਸ਼ੁੱਕਰਵਾਰ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੁਲੀਸ ਤੇ ਹੋਰ ਏਜੰਸੀਆਂ  ਨੂੰ ਮੌਜੂਦਾ ਸੁਰੱਖਿਆ ਨੀਤੀ ਬਾਰੇ ਜਾਇਜ਼ਾ ਲੈਣ ਦੇ ਵੀ ਨਿਰਦੇਸ਼ ਦਿੱਤੇ ਜੋ ਕਿ ਪੰਜਾਬ ਮੰਤਰੀ ਮੰਡਲ ਵੱਲੋਂ ਮਨਜ਼ੂਰ ਕੀਤੀ ਗਈ ਹੈ ਅਤੇ ਸਾਲ 2013 ਵਿਚ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਨੋਟੀਫਾਈ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਜਾਇਜ਼ਾ ਮੁਕੰਮਲ ਕਰਨ ਤੋਂ ਬਾਅਦ ਛੇਤੀ ਹੀ ਰਿਪੋਰਟ ਪੇਸ਼ ਕਰਨ ਲਈ ਏਜੰਸੀਆਂ ਨੂੰ ਆਖਿਆ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸੁਰੱਖਿਆ ਦਾ ਜਾਇਜ਼ਾ ਲਈ ਦੂਜੀ ਮੀਟਿੰਗ ਕੀਤੀ ਹੈ। ਲੰਘੇ ਮਾਰਚ ਵਿੱਚ ਡੀ.ਜੀ.ਪੀ. (ਕਾਨੂੰਨ ਤੇ ਵਿਵਸਥਾ) ਪੰਜਾਬ ਦੀ ਅਗਵਾਈ ਵਾਲੀ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ ਜਿਸ ਵਿੱਚ ਵੱਖ-ਵੱਖ ਸ਼੍ਰੇਣੀਆਂ ਤਹਿਤ ਸੁਰੱਖਿਆ ਹਾਸਲ ਕਰ ਰਹੇ ਵਿਅਕਤੀਆਂ ਨਾਲੋਂ 749 ਪੁਲੀਸ ਮੁਲਾਜ਼ਮ ਤੇ ਅਰਧ-ਸੈਨਿਕ ਬਲ ਵਾਪਸ ਬੁਲਾ ਲਏ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸੁਰੱਖਿਆ ਹਾਲਤਾਂ ਜੋ ਕਿਸੇ ਵਿਅਕਤੀ ਨੂੰ ਖਤਰੇ ਦੀ ਸੰਭਾਵਨਾ ਨੂੰ ਨਿਰਧਾਕਤ ਕਰਨ ਦੀ ਮੁੱਖ ਕਸੌਟੀ ਹੈ, ਵਿੱਚ ਵੀ ਬੀਤੇ ਤਿੰਨ ਸਾਲਾਂ ਵਿੱਚ ਅਹਿਮ ਤਬਦੀਲੀ ਕੀਤੀ ਗਈ ਜਿਸ ਨੂੰ ਸਬੰਧਤ ਏਜੰਸੀਆਂ ਵੱਲੋਂ ਦਰੁਸਤ ਕੀਤੇ ਜਾਣ ਦੀ ਲੋੜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।