ਅਮਰਿੰਦਰ ਦਾ ‘ਮਾਲਵਾ ਮਿਸ਼ਨ’ ਬਣੀ ਗਾਂਧੀ ਜਯੰਤੀ

Amarinder, Malva, Mission Made, Gandhi Jayanti

ਮਾਲਵਾ ਤੱਕ ਫੋਕਸ ਹੋਈ ਅਮਰਿੰਦਰ ਸਰਕਾਰ, ਗਾਂਧੀ ਜਅੰਤੀ ਮਾਲਵਾ ਤੱਕ ਸੀਮਤ

ਅਮਰਿੰਦਰ ਸਰਕਾਰ ਦੇ 13 ਮੰਤਰੀ ਲੈਣਗੇ ਮਾਲਵਾ ਦੇ ਜ਼ਿਲ੍ਹਿਆਂ ਦੇ ਸਮਾਗਮ ‘ਚ ਭਾਗ

18 ਮੰਤਰੀਆਂ ‘ਚੋਂ 13 ਦੀ ਮਾਲਵੇ ‘ਚ ਤਾਂ 3 ਦੀ ਮਾਝੇ ‘ਚ ਲਗੀ ਡਿਊਟੀ, 2 ਨਹੀਂ ਲੈਣਗੇ ਸਮਾਗਮ ‘ਚ ਭਾਗ

ਅਸ਼ਵਨੀ ਚਾਵਲਾ, ਚੰਡੀਗੜ੍ਹ

ਵਿਧਾਨ ਸਭਾ ਚੋਣਾਂ ‘ਚ ਮਾਲਵੇ ਤੋਂ ਵੱਡੀ ਹਾਰ ਹੋਣ ਨਾਲ ਅਮਰਿੰਦਰ ਸਰਕਾਰ ਹੁਣ ਆਪਣੇ ਆਪ ਨੂੰ ਸਿਰਫ਼ ਮਾਲਵੇ ਤੱਕ ਹੀ ਸੀਮਤ ਰੱਖਣਾ ਚਾਹੁੰਦੀ ਹੈ। ਗਾਂਧੀ ਜਯੰਤੀ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਏ ਜਾ ਰਹੇ ਹਨ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ 16 ਕੈਬਨਿਟ ਮੰਤਰੀ ਇਨ੍ਹਾਂ ਸਮਾਗਮਾਂ ਵਿੱਚ ਭਾਗ ਲੈਂਦੇ ਹੋਏ ਪ੍ਰਧਾਨਗੀ ਵੀ ਕਰਨਗੇ ਪਰ ਇਨ੍ਹਾਂ ‘ਚ ਜ਼ਿਆਦਾ ਸਮਾਗਮ ਮਾਲਵਾ ‘ਚ ਹੀ ਕੀਤੇ ਜਾ ਰਹੇ ਹਨ। ਮਾਲਵਾ ਤੋਂ ਬਾਹਰ ਤਿੰਨ ਥਾਈਂ ਸਮਾਗਮ ਕੀਤਾ ਜਾ ਰਿਹਾ ਹੈ, ਉਨ੍ਹਾਂ ‘ਚ ਅੰਮ੍ਰਿਤਸਰ, ਜਲੰਧਰ ਤੇ ਤਰਨਤਾਰਨ ਸ਼ਾਮਲ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸੰਗਰੂਰ ਇੱਕ ਇਹੋ ਜਿਹਾ ਵਿਧਾਨ ਸਭਾ ਹਲਕਾ ਹੈ, ਜਿੱਥੇ ਕਿ 1 ਨਹੀਂ, ਸਗੋਂ 2-2 ਕੈਬਨਿਟ ਮੰਤਰੀ ਜਾ ਰਹੇ ਹਨ।

ਨਵਜੋਤ ਸਿੱੱਧੂ ਸੰਗਰੂਰ ਵਿਖੇ ਸਮਾਗਮ ‘ਚ ਭਾਗ ਲੈਣਗੇ ਤਾਂ ਵਿਜੈਇੰਦਰ ਸਿੰਗਲਾ ਸੰਗਰੂਰ ਵਿਧਾਨ ਸਭਾ ਹਲਕੇ ਦੇ ਹੀ ਭਵਾਨੀਗੜ੍ਹ ਵਿਖੇ ਸਮਾਗਮ ਦੀ ਪ੍ਰਧਾਨਗੀ ਕਰਨਗੇ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਗਾਂਧੀ ਜਯੰਤੀ ਮੌਕੇ ਪੰਜਾਬ ਭਰ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਹਨ, ਜਿੱਥੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਘਰ ਘਰ ਰੁਜ਼ਗਾਰ, ਕਰਜ਼ਾ ਮੁਆਫ਼ੀ ਸਕੀਮ ਤੇ ਮਿਸ਼ਨ ਤੰਦਰੁਸਤ ਦੇ ਤਹਿਤ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ‘ਚ 2 ਸੂਬਾ ਪੱਧਰੀ ਸਮਾਗਮ ਕੀਤੇ ਜਾ ਰਹੇ ਹਨ, ਜਿਸ ‘ਚ ਮੋਹਾਲੀ ਤੇ ਅੰਮ੍ਰਿਤਸਰ ਦੀ ਚੋਣ ਕੀਤੀ ਗਈ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਮਾਲਵਾ ਦੇ ਅਧੀਨ ਆਉਂਦੇ ਮੋਹਾਲੀ ਵਿਖੇ ਸਮਾਗਮ ਦੀ ਪ੍ਰਧਾਨਗੀ ਕਰਨਗੇ ਤੇ ਕੈਬਨਿਟ ਦੇ 13 ਮੰਤਰੀ ਵੀ ਮਾਲਵੇ ਵਿੱਚ ਹੀ ਸਮਾਗਮ ਵਿੱਚ ਭਾਗ ਲੈਣਗੇ ਸਿਰਫ਼ 3 ਮੰਤਰੀਆਂ ਦੀ ਹੀ ਮਾਲਵਾ ਤੋਂ ਬਾਹਰ ਡਿਊਟੀ ਲਗਾਈ ਗਈ ਹੈ। ਸ਼ਾਮ ਸੁੰਦਰ ਅਰੋੜਾ ਦੀ ਅੰਮ੍ਰਿਤਸਰ, ਓਮ ਪ੍ਰਕਾਸ਼ ਸੋਨੀ ਤਰਨਤਾਰਨ ਤੇ ਸਾਧੂ ਸਿੰਘ ਧਰਮਸੋਤ ਦੀ ਡਿਊਟੀ ਜਲੰਧਰ ਵਿਖੇ ਲਗਾਈ ਗਈ ਹੈ।

ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਾਝਾ ਤੇ ਦੁਆਬਾ ਵਿੱਚੋਂ ਕਾਂਗਰਸ ਨੂੰ ਹੁੰਝਾ ਫੇਰ ਜਿੱਤ ਹਾਸਲ ਹੋਈ ਸੀ ਅਤੇ ਮਾਲਵਾ ‘ਚ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਹੀ ਜ਼ਿਆਦਾਤਰ ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ। ਕਾਂਗਰਸ ਹੁਣ ਮਾਲਵੇ ਵੱਲ ਫੋਕਸ ਕਰਦੇ ਹੋਏ ਆਪਣੇ ਮੰਤਰੀਆਂ ਨੂੰ ਸਿਰਫ਼ ਇਸ ਪਾਸੇ ਕੰਮ ਕਰਨ ਲਈ ਕਹਿ ਰਹੀ ਹੈ ਤਾਂ ਕਿ ਅਗਾਮੀ ਚੋਣਾਂ ਦੌਰਾਨ ਮਾਲਵੇ ‘ਚ ਉਨ੍ਹਾਂ ਦੀ ਪਕੜ ਮਜਬੂਤ ਹੋ ਸਕੇ

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੇ ਮਾਝੇ ਤੇ ਦੁਆਬੇ ਨੇ ਕਾਂਗਰਸ ਨੂੰ ਸੱਤਾ ਤੱਕ ਪਹੁੰਚਾਇਆ, ਉਨ੍ਹਾਂ ਦੇ ਜ਼ਿਲ੍ਹਿਆਂ ‘ਚ ਸਿਰਫ਼ 3 ਮੰਤਰੀ ਹੀ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਜਾ ਰਹੇ ਹਨ

ਮਾਲਵੇ ਤੋਂ ਬਾਹਰ ਲਾਈ ਐ ਅਧਿਕਾਰੀਆਂ ਦੀ ਡਿਊਟੀ : ਰਵੀਨ ਠੁਕਰਾਲ

ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਰਵੀਨ ਠੁਕਰਾਲ ਨੇ ਕਿਹਾ ਕਿ ਮਾਲਵਾ ਦੇ ਜ਼ਿਲ੍ਹੇ ਵਿੱਚ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ, ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈ। ਮਾਲਵਾ ਤੋਂ ਬਾਹਰ ਤਿੰਨ ਮੰਤਰੀ ਸਮਾਗਮਾਂ ਵਿੱਚ ਭਾਗ ਲੈ ਰਹੇ ਹਨ ਤੇ ਇਸ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀਆਂ ਦੀ ਵੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫੋਕਸ ਹਰ ਪਾਸੇ ਹੈ। ਕਿਹੜਾ ਮੰਤਰੀ ਕਿੱਥੇ ਸਮਾਗਮ ‘ਚ ਲਏਗਾ ਭਾਗ?

ਮੰਤਰੀ  ਕਿਥੇ ਲੈਣਗੇ ਭਾਗ

  1. ਅਮਰਿੰਦਰ ਸਿੰਘ – ਮੋਹਾਲੀ
  2. ਬ੍ਰਹਮ ਮਹਿੰਦਰਾ – ਲੁਧਿਆਣਾ
  3. ਨਵਜੋਤ ਸਿੱਧੂ – ਸੰਗਰੂਰ
  4. ਵਿਜੈਇੰਦਰ ਸਿੰਗਲਾ – ਭਵਾਨੀਗੜ੍ਹ
  5. ਮਨਪ੍ਰੀਤ ਬਾਦਲ – ਬਠਿੰਡਾ
  6. ਤ੍ਰਿਪਤ ਰਾਜਿੰਦਰ ਬਾਜਵਾ – ਗਿੱਦੜਬਾਹਾ
  7. ਸੁਖਜਿੰਦਰ ਰੰਧਾਵਾ – ਮੁਕਤਸਰ
  8. ਰਾਣਾ ਗੁਰਮੀਤ ਸੋਢੀ – ਫਰੀਦਕੋਟ
  9. ਅਰੁਣਾ ਚੌਧਰੀ – ਮੋਗਾ
  10. ਰਜੀਆ ਸੁਲਤਾਨਾ – ਪਟਿਆਲਾ
  11. ਗੁਰਪ੍ਰੀਤ ਕਾਂਗੜ – ਬਰਨਾਲਾ
  12. ਬਲਬੀਰ ਸਿੱਧੂ – ਫਤਹਿਗੜ੍ਹ ਸਾਹਿਬ
  13. ਭਾਰਤ ਭੂਸ਼ਨ ਆਸ਼ੂ – ਮਾਨਸਾ
    (ਸਾਰੇ ਜ਼ਿਲ੍ਹੇ ਮਾਲਵਾ ਹਨ)
  14. ਸ਼ਾਮ ਸੁੰਦਰ ਅਰੋੜਾ – ਅੰਮ੍ਰਿਤਸਰ
  15. ਓਮ ਪ੍ਰਕਾਸ਼ ਸੋਨੀ – ਤਰਨਤਾਰਨ
  16. ਸਾਧੂ ਸਿੰਘ ਧਰਸੋਤ – ਜਲੰਧਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।