ਬਾਹਰੀ ਹੋਣ ਕਾਰਨ ‘ਆਪ’ ਉਮੀਦਵਾਰ ਚੀਮਾ ਦਾ ਸਾਥ ਨਹੀਂ ਦੇ ਰਹੇ ਸਥਾਨਕ ‘ਆਪ’ ਆਗੂ
ਦਿੜਬਾ ਮੰਡੀ (ਪ੍ਰਵੀਨ ਗਰਗ)। ਵਿਧਾਨ ਸਭਾ ਹਲਕਾ (ਰਿਜਰਵ) ਦਿੜ੍ਹਬਾ ਦਾ ਚੋਣ ਦੰਗਲ ਭਖਦਾ ਜਾ ਰਿਹਾ ਹੈ। ਉਮੀਦਵਾਰ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਸਾਰੇ ਹੀ ਉਮੀਦਵਾਰਾਂ ਵੱਲੋਂ ਡੋਰ ਟੂ ਡੋਰ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਆਪਣੀ ਜਿੱਤ ਯਕੀਨੀ ਬਣਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰੱਖਿਆ ਹੈ।
ਇਸ ਹਲਕੇ ਤੋਂ ਸੱਤਾਧਾਰੀ ਅਕਾਲੀ-ਭਾਜਪਾ ਦੇ ਉਮੀਦਵਾਰ ਗੁਲਜਾਰੀ ਸਿੰਘ ਮੂਨਕ ਰਾਜਨੀਤੀ ਖੇਤਰ ਵਿੱਚ ਬਿਲਕੁਲ ਨਵੇਂ ਹਨ। ਭਾਵੇਂ ਕਿ ਗੁਲਜਾਰੀ ਮੂਨਕ ਕਬੱਡੀ ਦੇ ਮਾਹਿਰ ਖਿਡਾਰੀ ਹਨ ਪਰ ਉਹ ਸਿਆਸਤ ਦੀ ਖੇਡ ਪੱਖੋਂ ਕੋਰੇ ਕਾਗਜ ਦੀ ਤਰ੍ਹਾਂ ਹਨ। ਅਚਾਨਕ ਹੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਨਵੇਂ ਚਿਹਰੇ ਨੂੰ ਤਜਰਬੇ ਦੀ ਘਾਟ ਰੜਕ ਰਹੀ ਹੈ। ਇਸ ਉਮੀਦਵਾਰ ਨੂੰ ਕੁਝ ਆਗੂਆਂ ‘ਤੇ ਨਿਰਭਰ ਹੋ ਕੇ ਚੱਲਣਾ ਪੈ ਰਿਹਾ ਹੈ।
ਗੁਲਜ਼ਾਰੀ ਨੂੰ ਹਲਕੇ ਤੋਂ ਬਾਹਰੀ ਹੋਣ ਕਾਰਨ ਕੁਝ ਸਥਾਨਕ ਆਗੂਆਂ ਦਾ ਵਿਰੋਧ ਵੀ ਝੱਲਣਾ ਪੈ ਰਿਹਾ ਹੈ। ਮੌਜੂਦਾ ਅਕਾਲੀ ਵਿਧਾਇਕ ਬਲਵੀਰ ਸਿੰਘ ਦੀ ਪਿਛਲੇ ਪੰਜ ਸਾਲਾਂ ਦੀ ਕਾਰਗੁਜਾਰੀ ਨੂੰ ਹਲਕਾ ਵਾਸੀਆਂ ਵੱਲਂੋ ਚੰਗਾ ਨਹੀਂ ਮੰਨਿਆ ਜਾ ਰਿਹਾ। ਭਾਵੇਂ ਅਕਾਲੀ ਦਲ ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਵਿਕਾਸ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਲੋਕਾਂ ਵੱਲੋਂ ਉਹਨਾਂ ‘ਤੇ ਪਿਛਲੇ ਪੰਜ ਸਾਲਾਂ ਵਿੱਚ ਬਹੁਤ ਹੀ ਘੱਟ ਵਿਚਰਣ ਦੇ ਦੋਸ਼ ਲਾਏ ਜਾ ਰਹੇ ਹਨ। ਜਿਸ ਕਾਰਨ ਬਲਵੀਰ ਸਿੰਘ ਘੁੰਨਸ ਦੀ ਕਾਰਗੁਜਾਰੀ ਦਾ ਖਮਿਆਜ਼ਾ ਗੁਲਜਾਰ ਸਿੰਘ ਮੂਨਕ ਨੂੰ ਭੁਗਤਨਾ ਪੈ ਸਕਦਾ ਹੈ। ਇਸਤੋਂ ਇਲਾਵਾ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਰਣ ਸਿੰਘ ਮਹਿਲਾਂ ਵੱਲਂੋ ਗੁਲਜਾਰੀ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾ ਰਿਹਾ ਹੈ।
ਕਾਂਗਰਸੀ ਧੜੇਬੰਦੀ ਫੁੱਟ ਉਨ੍ਹਾਂ ਦੀ ਬੇੜੀ ਵਿੱਚ ਵੱਟੇ ਪਾ ਸਕਦੀ ਹੈ
ਕਾਂਗਰਸੀ ਉਮੀਦਵਾਰ ਅਜੈਬ ਸਿੰਘ ਰਟੌਲ ਪਿਛਲੀਆਂ ਵਿਧਾਨ ਸਭਾ ਚੋਣਾਂ ਆਪਣੇ ਵਿਰੋਧੀ ਤੋਂ ਕੁਝ ਕੁ ਹਜਾਰ ਵੋਟਾਂ ਦੇ ਫਰਕ ਨਾਲ ਹਾਰੇ ਸਨ। ਅਜੈਬ ਸਿੰਘ ਨੂੰ ਭਾਵੇਂ ਮਜਬੂਤ ਉਮੀਦਵਾਰ ਵਜਂੋ ਜਾਣਿਆ ਜਾ ਰਿਹਾ ਸੀ ਪਰ ਰਟੋਲ ਤੇ ਸੁਰਜੀਤ ਸਿੰਘ ਧੀਮਾਨ ਦੀ ਆਪਸੀ ਨਾਰਾਜ਼ਗੀ ਕਾਰਨ ਧੀਮਾਨ ਧੜੇ ਦੇ ਰਟੋਲ ਨੂੰ ਸਹਿਯੋਗ ਨਹੀਂ ਹੈ। ਕਾਂਗਰਸੀ ਧੜੇਬੰਦੀ ਫੁੱਟ ਉਨ੍ਹਾਂ ਦੀ ਬੇੜੀ ਵਿੱਚ ਵੱਟੇ ਪਾ ਸਕਦੀ ਹੈ। ਸੂਤਰਾਂ ਅਨੁਸਾਰ ਤਹਿਸੀਲਦਾਰ ਦੀ ਨੌਕਰੀ ਛੱਡ ਕੇ ਆਏ ਦਰਸ਼ਨ ਸਿੰਘ ਸਿੱਧੂ ਕਾਂਗਰਸੀ ਟਿਕਟ ਦੇ ਵੱਡੇ ਦਾਅਵੇਦਾਰ ਸਨ।
ਉਨ੍ਹਾਂ ਨੂੰ ਟਿਕਟ ਨਾ ਮਿਲਣ ‘ਤੇ ਨਿਰਾਸ਼ ਸਿੱਧੂ ਵੱਲੋਂ ਅਜਾਦ ਉਮੀਦਵਾਰ ਵਜੋਂ ਚੋਣ ਲੜਨਾ ਲਗਭਗ ਤੈਅ ਹੈ। ਜਿਸ ਲਈ ਉਨ੍ਹਾਂ ਨੂੰ ਧੀਮਾਨ ਧੜੇ ਦੇ ਵਰਕਰਾਂ ਦੀ ਹਮਾਇਤ ਹੈ। ਲਗਭਗ ਪੰਦਰਾਂ ਤੋਂ ਵੀਹ ਹਜਾਰ ਵੋਟ ਧੀਮਾਨ ਪੱਖੀ ਮੰਨੀ ਜਾ ਰਹੀ ਹੈ ਜੋ ਕਿ ਧੀਮਾਨ ਦੇ ਕਹੇ ਅਨੁਸਾਰ ਪੈ ਸਕਦੀ ਹੈ। ਭਾਵੇਂ ਕਿ ਰਟੋਲ ਤੇ ਧੀਮਾਨ ਵੱਲੋਂ ਧੜੇਬੰਦੀ ਹੋਣ ਦਾ ਖੰਡਨ ਕੀਤਾ ਜਾ ਰਿਹਾ ਹੈ ਪਰ ਅੰਦਰੂਨੀ ਸੁਲਾਹ ਹੋਣ ਦੇ ਘੱਟ ਹੀ ਆਸਾਰ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਚੀਮਾ ਵੱਲੋਂ ਵੀ ਹਲਕੇ ਤੋਂ ਜਿੱਤ ਲਈ ਜੋਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਆਪਣੀ ਜਿੱਤ ਨੂੰ ਯਕੀਨੀ ਬਨਾਉਣ ਲਈ ਯੂਥ ਨੂੰ ਜੋੜਨ ਦੀ ਵੱਧੋਂ ਵੱਧ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਇਨ੍ਹਾਂ ਦੇ ਹਲਕੇ ਤੋਂ ਬਾਹਰ ਹੋਣ ਕਾਰਨ ਕੁਝ ਸਥਾਨਕ ਆਗੂ ਨਰਾਜ਼ ਹਨ। ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਨੇ ਹਾਲੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਹੈ। ਇਸ ਕਰਕੇ ਇਸ ਪਾਰਟੀ ਵਿੱਚ ਧੜੇਬੰਦੀ ਅਤੇ ਬਗਾਵਤ ਦੇ ਹਲਕੇ ਅੰਦਰ ਬਹੁਤ ਹੀ ਘੱਟ ਆਸਾਰ ਨਜਰ ਆ ਰਹੇ ਹਨ। ਕਾਗਜ ਦਾਖਲ ਕਰਨ ਦੀ ਤਰੀਕ ਤੱਕ ਵੱਖ- ਵੱਖ ਪਾਰਟੀਆਂ ਅਤੇ ਕੁਝ ਅਜਾਦ ਉਮੀਦਵਾਰਾਂ ਵੱਲਂੋ ਚੋਣ ਮੈਦਾਨ ਵਿੱਚ ਉਤਰਨ ਦੇ ਅਸਾਰ ਹਨ।