ਖਰੜ ਹਲਕੇ ‘ਚ ਅਕਾਲੀ ਉਮੀਦਵਾਰ ਦਾ ਐਲਾਨ ਹੋਣ ਸਾਰ ਬਗਾਵਤ ਦਾ ਝੰਡਾ ਝੁੱਲਿਆ

ਖਰੜ ਹਲਕੇ ‘ਚ ਅਕਾਲੀ ਉਮੀਦਵਾਰ ਦਾ ਐਲਾਨ ਹੋਣ ਸਾਰ ਬਗਾਵਤ ਦਾ ਝੰਡਾ ਝੁੱਲਿਆ

ਚੰਡੀਗੜ (ਅਸ਼ਵਨੀ ਚਾਵਲਾ) ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਖਰੜ ਤੋਂ ਰੀਅਲ ਅਸਟੇਟ ਕਾਰੋਬਾਰੀ ਰਣਜੀਤ ਸਿੰਘ ਗਿੱਲ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਗਿੱਲ ਨੂੰ ਚੋਣ ਦੰਗਲ ‘ਚ ਉਤਾਰਨ ਤੋਂ ਤੁਰੰਤ ਬਾਅਦ ਹੀ ਪਾਰਟੀ ਅੰਦਰ ਬਗਾਵਤ ਛਿੜ ਗਈ ਹੈ। ‘ਗਿਲਕੋ ਵੈਲੀ’ ਖਰੜ ਦੇ ਐਮਡੀ ਰਣਜੀਤ ਗਿੱਲ ਦੀ ਟਿਕਟ ਬੀਤੀ ਰਾਤ ਹੀ ਸ਼੍ਰੋਮਣੀ ਅਕਾਲੀ ਦਲ ਨੇ ਫਾਈਨਲ ਕਰ ਲਈ ਸੀ ਪਰ ਇਸ ਦਾ ਐਲਾਨ ਐਤਵਾਰ ਸ਼ਾਮ ਨੂੰ ਕੀਤਾ ਗਿਆ।

ਪਾਰਟੀ ਪ੍ਰਧਾਨ ਸੁਖਬੀਰ ਬਾਦਲ ਰਣਜੀਤ ਸਿੰਘ ਗਿੱਲ ਨੂੰ ਖਰੜ ਤੋਂ ਉਮੀਦਵਾਰ ਬਣਾਕੇ ਖਰੜ ਸੀਟ ਜਿੱਤਣਾ ਚਾਹੁੰਦੇ ਹਨ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਇੱਕ-ਦੋ ਵਾਰ ਛੱਡ ਕੇ ਅਕਾਲੀ ਦਲ ਖਰੜ ਸੀਟ ਤੋਂ ਜਿੱਤ ਪ੍ਰਾਪਤ ਨਹੀਂ ਕਰ ਸਕੀ ਹੈ। ਰਣਜੀਤ ਸਿੰਘ ਗਿੱਲ ਇਸ ਤੋਂ ਪਹਿਲਾਂ ਕਿ ਉਮੀਦਵਾਰ ਦੇ ਤੌਰ ‘ਤੇ ਖਰੜ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਦੇ, ਉਸ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਕਤ ਫੈਸਲੇ ਨੂੰ ਨਕਾਰਦਿਆਂ ਅਕਾਲੀ ਦਲ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਡੂਮਛੇੜੀ ਅਤੇ ਉਜਾਗਰ ਸਿੰਘ ਵਡਾਲੀ ਸਣੇ ਟਕਸਾਲੀ ਅਕਾਲੀ ਪਾਡਿਆਲਾ ਪਰਿਵਾਰ ਨੇ ਬਗਾਵਤ ਕਰ ਦਿੱਤੀ ਹੈ।

ਟਿਕਟ ਦੇਣ ਦਾ ਫੈਸਲਾ

ਰਣਜੀਤ ਸਿੰਘ ਗਿੱਲ ਦੀ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਡੂਮਛੇੜੀ ਨੇ ਕਿਹਾ ਕਿ ਰਣਜੀਤ ਸਿੰਘ ਗਿੱਲ ਦਾ ਪਾਰਟੀ ਨਾਲ ਕਦੇ ਵੀ ਕੋਈ ਵਾਹ ਵਾਸਤਾ ਨਹੀਂ ਪਿਆ ਹੈ ਪਾਰਟੀ ਲੀਡਰਸ਼ਿਪ ਨੇ ਹਲਕੇ ਦੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਕਿਨਾਰੇ ਕਰਕੇ ਇੱਕ ਧਨਾਢ ਵਿਅਕਤੀ ਨੂੰ ਟਿਕਟ ਦੇਣ ਦਾ ਫੈਸਲਾ ਕੀਤਾ ਹੈ ਜੋ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਅਪੀਲ ਕੀਤੀ ਕਿ ਉਹ ਇਸ ਫੈਸਲੇ ‘ਤੇ ਮੁੜ ਗੌਰ ਕਰਨ ਅਤੇ ਪਾਰਟੀ ਦੇ ਕੇਡਰ ਦਾ ਸਬਰ ਹੋਰ ਨਾ ਪਰਖਣ।

ਉੱਧਰ ਖਰੜ ਸੀਟ ਤੋਂ ਹੀ ਟਿਕਟ ਦੇ ਦਾਵੇਦਾਰ ‘ਤੇ ਹਲਕਾ ਇੰਚਾਰਜ ਉਜਾਗਰ ਸਿੰਘ ਵਡਾਲੀ ਵੱਲੋਂ ਵੀ ਪਾਰਟੀ ਦੇ ਇਸ ਫੈਸਲੇ ਖ਼ਿਲਾਫ਼ ਜਾਣ ਦੇ ਸੰਕੇਤ ਦਿੱਤੇ ਜਾ ਰਹੇ ਹਨ। ਸ. ਵਡਾਲੀ ਨੇ ਆਪਣੇ ਸਮਰਥਕਾਂ ਦਾ ਇੱਕ ਇਕੱਠ 12 ਜਨਵਰੀ ਨੂੰ ਆਪਣੇ ਨਿਵਾਸ ‘ਤੇ ਸੱਦਿਆ ਹੈ, ਤਾਂ ਕਿ ਅਗਲੀ ਰਣਨੀਤੀ ਬਣਾਈ ਜਾ ਸਕੇ। ਇਸੇ ਤਰਾਂ ਟਿਕਟ ਤੋਂ ਜਵਾਬ ਮਿਲਣ ਕਾਰਨ ਖਰੜ ਹਲਕੇ ਦੇ ਹੀ ਇੱਕ ਹੋਰ ਟਕਸਾਲੀ ਅਕਾਲੀ ਪਾਡਿਆਲਾ ਪਰਿਵਾਰ ਵੱਲੋਂ ਵੀ ਆਪਣੇ ਸਮਰਥਕਾਂ ਨਾਲ ਵਿਚਾਰ-ਵਟਾਂਦਰਾ ਕਰਕੇ ਅਗਲੀ ਰਣਨੀਤੀ ਘੜੀ ਜਾ ਰਹੀ ਹੈ ਸੂਤਰਾਂ ਅਨੁਸਾਰ ਪਾਡਿਆਲਾ ਪਰਿਵਾਰ ਦੇ ਵਾਰਸ ਗੁਰਪਰਤਾਪ ਸਿੰਘ ਜੋਤੀ ਵੀ ਅਕਾਲੀ ਦਲ ਤੋਂ ਬਾਗੀ ਹੋ ਕੇ ਆਜ਼ਾਦ ਤੌਰ ‘ਤੇ ਚੋਣ ਲੜਨ ਦਾ ਫੈਸਲਾ ਕਰ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ