ਮਹਿਲਾ ਨੂੰ ਖੁਦਕਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਤਹਿਤ ਅਕਾਲੀ ਕੌਂਸਲਰ ਜ਼ੇਲ੍ਹ ਭੇਜਿਆ

Akali, Councilor, Jail, Charges, Forcing, Woman, Suicide

ਪੂਜਨੀਕ ਗੁਰੂ ਜੀ ਖਿਲਾਫ ਦਰਜ ਕਰਵਾਇਆ ਸੀ ਝੂਠਾ ਕੇਸ | Bathinda News

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। Bathinda News : ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਤੇ ਵਾਰਡ ਨੰਬਰ 3 ਤੋਂ ਮੌਜੂਦਾ ਅਕਾਲੀ ਕੌਂਸਲਰ ‘ਰਜਿੰਦਰ ਸਿੰਘ ਸਿੱਧੂ’ ਨੂੰ ਪੁਲਿਸ ਨੇ ਇੱਕ ਔਰਤ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਹੈ। ਰਜਿੰਦਰ ਸਿੰਘ ਸਿੱਧੂ ਬਠਿੰਡਾ ਦੇ ਖਾਲਸਾ ਸਕੂਲ ਦਾ ਪ੍ਰਧਾਨ ਵੀ ਹੈ, ਜਿਸ ਖਿਲਾਫ ਲੰਘੀ ਰਾਤ ਥਾਣਾ ਥਰਮਲ ਪੁਲਿਸ ਨੇ ਅਕਾਲੀ ਕੌਂਸਲਰ ਤ੍ਰਿਲੋਚ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਧਾਰਾ 306 ਤਹਿਤ ਪੁਲਿਸ ਕੇਸ ਦਰਜ ਕੀਤਾ ਸੀ। ਇਹ ਉਹੀ ‘ਰਜਿੰਦਰ ਸਿੰਘ ਸਿੱਧੂ’ ਨੇ ਮਈ 2007 ‘ਚ ਪੂਜਨੀਕ ਗੁਰੂ ਜੀ ਵੱਲੋਂ ਪਹਿਨੀ ਇੱਕ ਪੁਸ਼ਾਕ ਨੂੰ ਲੈ ਕੇ ਮੁਕੱਦਮਾ ਦਰਜ ਕਰਵਾਇਆ ਸੀ, ਜਿਸ ਨੂੰ ਬਠਿੰਡਾ ਅਦਾਲਤ ਨੇ ਬੇਬੁਨਿਆਦ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਭੇਜੀ ਹੈਰੋਇਨ ਦੀ ਵੱਡੀ ਖੇਪ ਬੀਐੱਸਐੱਫ਼ ਨੇ ਫੜੀ

ਦੱਸਣਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਜੌਗਰ ਪਾਰਕ ਵਿਚ ਜੈਸਮੀਨ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਜੋਧਪੁਰ ਦੀ ਸ਼ੱਮੀ ਹਾਲਾਤਾਂ ਵਿਚ ਲਾਸ਼ ਮਿਲੀ ਸੀ। ਉਦੋਂ ਵੀ ਸ਼ੱਕ ਜਤਾਇਆ ਗਿਆ ਸੀ ਕਿ ਮਾਮਲਾ ਸੰਵੇਦਨਸ਼ੀਲ ਅਤੇ ਗੰਭੀਰ ਹੈ, ਜਿਸ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਜੈਸਮੀਨ ਕੌਰ ਗਰਭਵਤੀ ਸੀ ਜਿਸ ਨੇ ਜਹਿਰ ਖਾਕੇ ਆਤਮਹੱਤਿਆ ਕੀਤੀ ਸੀ। ਇਸੇ ਦੌਰਾਨ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਆਡੀਓ ਵਾਇਰਲ ਹੋਈ ਸੀ, ਜਿਸ ਬਾਰੇ ਚਰਚਾ ਸੀ ਕਿ ਇਸ ਕਲਿੱਪ ‘ਚ ਰਜਿੰਦਰ ਸਿੰਘ ਸਿੱਧੂ ਮਹਿਲਾ ਨਾਲ ਕਥਿਤ ਅਸ਼ਲੀਲ ਗੱਲਾਂ ਕਰਦੇ ਦਿਖਾਈ ਦੇ ਰਹੇ ਹਨ। ਆਡੀਓ ਵਾਇਰਲ ਹੋਣ ਤੋਂ ਬਾਅਦ ਮਾਮਲੇ ਨੇ ਤੂਲ ਫੜ ਲਿਆ ਤਾਂ ਐਸ.ਐਸ.ਪੀ ਨਵੀਨ ਸਿੰਗਲਾ ਨੇ ਪੜਤਾਲ ਡੀ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੂੰ ਸੌਂਪ ਦਿੱਤੀ।

ਸੂਤਰ ਦੱਸਦੇ ਹਨ ਕਿ ਪੜਤਾਲ ਦੌਰਾਨ ਰਜਿੰਦਰ ਸਿੰਘ ਸਿੱਧੂ ਦੀ ਅਵਾਜ਼ ਹੋਣ  ਦੇ ਤੱਥਾਂ ਦੀ ਪੁਸ਼ਟੀ ਹੋਣ ਉਪਰੰਤ ਪੁਲਿਸ ਨੇ ਕੇਸ ਦਰਜ ਕਰਕੇ ਅਕਾਲੀ ਕੌਂਸਲਰ ਰਜਿੰਦਰ ਸਿੰਘ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ। ਐਫ ਆਈ ਆਰ ਮੁਤਾਬਕ ਤ੍ਰਿਲੋਚ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਗੁਰੂ ਨਾਨਕ ਮੁਹੱਲਾ ਬਠਿੰਡਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦੇ ਗੁਆਂਢੀ ਜਰਨੈਲ ਸਿੰਘ ਦੀ ਲੜਕੀ ਜੈਸਮੀਨ ਕੌਰ ਉਰਫ ਕੰਚਨ ਸੁਖਵਿੰਦਰ ਸਿੰਘ ਵਾਸੀ ਜੋਧਪੁਰ ਨਾਲ ਵਿਆਹੀ ਹੋਈ ਸੀ, ਜਿਸ ਨੇ 26 ਮਈ ਨੂੰ ਰਜਿੰਦਰ ਸਿੰਘ ਸਿੱਧੂ ਵਾਸੀ ਹਜੂਰਾ ਕਪੂਰਾ ਕਲੋਨੀ ਤੋਂ ਤੰਗ ਆਕੇ ਜੌਗਰ ਪਾਰਕ ਵਿਖੇ ਕੋਈ ਜਹਿਰੀਲੀ ਚੀਜ਼ ਖਾਕੇ ਆਤਮਹੱਤਿਆ ਕਰ ਲਈ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ‘ਰਜਿੰਦਰ ਸਿੰਘ ਸਿੱਧੂ’ ਨੂੰ ਅਦਾਲਤ ‘ਚ ਪੇਸ਼ ਕੀਤਾ ਸੀ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਵਿਵਾਦਾਂ ‘ਚ ਫਸਿਆ ਰਿਹਾ ਹੈ ਸਿੱਧੂ

ਅਕਾਲੀ ਕੌਂਸਲਰ ਰਜਿੰਦਰ ਸਿੰਘ ਸਿੱਧੂ ਇਸ ਤੋਂ ਪਹਿਲਾਂ ਵੀ ਵਿਵਾਦਾਂ ‘ਚ ਉਲਝਿਆ ਰਿਹਾ ਹੈ। ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਨਗਰ ‘ਚ ਕਿਸੇ ਦੇ ਘਰ ‘ਚ ਦਾਖਲ ਹੋਕੇ ਭੰਨ ਤੋੜ ਕਰਨ ਦੇ ਮਾਮਲੇ ‘ਚ ਸਿੱਧ, ਉਸ ਦੇ ਲੜਕੇ ਸਮੇਤ ਅੱਧੀ ਦਰਜਨ ਲੋਕਾਂ ਖਿਲਾਫ ਕੇਸ ਦਰਜ ਹੋਇਆ ਸੀ। ਇਵੇਂ ਹੀ 20 ਅਗਸਤ 2013 ਨੂੰ ਨਗਰ ਨਿਗਮ ਬਠਿੰਡਾ ਨੇ ਸਬਜੀ ਮੰਡੀ ‘ਚ ਸਥਿਤ ਸਿੱਧੂ ਵੱਲੋਂ ਉਸਾਰੇ ਸ਼ੋਅਰੂਮ ਤੇ ਬੁਲਡੋਜ਼ਰ ਚਲਾ ਦਿੱਤਾ ਸੀ।