ਲੋਕ ਚੇਤਿਆਂ ’ਚ ਜਿਉਦੈ ‘ਬਿਗਾਨੇ ਬੋਹੜ ਦੀ ਛਾਂ’ ਵਾਲਾ ਅਜਮੇਰ ਔਲਖ

Ajmer Aulakh

ਜਨਮ ਦਿਨ ’ਤੇ ਵਿਸੇਸ਼ | Ajmer Aulakh

ਨਾਟਕਕਾਰ ਅਜਮੇਰ ਔਲਖ਼ (Ajmer Aulakh) ਦਾ ਜਨਮ 19 ਅਗਸਤ ਸੰਨ 1942 ਈ. ਨੂੰ ਪਿੰਡ ਕੁੰਭੜਵਾਲ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਪ੍ਰੋ. ਔਲਖ ਦੇ ਪਿਤਾ ਦਾ ਨਾਂਅ ਸ. ਕੌਰ ਸਿੰਘ ਤੇ ਮਾਤਾ ਦਾ ਨਾਂਅ ਸ੍ਰੀਮਤੀ ਹਰਨਾਮ ਕੌਰ ਸੀ। 1944-45 ਦੇ ਆਸ-ਪਾਸ ਸਾਰਾ ਔਲਖ਼ ਪਰਿਵਾਰ ਪਿੰਡ ਕੁੰਭੜਵਾਲ ਛੱਡ ਕੇ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਵਿਖੇ ਆ ਵੱਸਿਆ। ਪ੍ਰੋ. ਅਜਮੇਰ ਔਲਖ ਦਾ ਵਿਆਹ ਮਨਜੀਤ ਕੌਰ ਨਾਲ ਹੋਇਆ। ਜੋ ਕਿ ਕਿੱਤੇ ਪੱਖੋਂ ਅਧਿਆਪਕਾ ਸਨ। ਉਨ੍ਹਾਂ ਦੇ ਘਰ ਸੁਪਨਦੀਪ ਕੌਰ, ਸੁਹਜਪ੍ਰੀਤ ਕੌਰ ਅਤੇ ਅਮਨਜੀਤ ਕੌਰ, ਤਿੰਨ ਲੜਕੀਆਂ ਪੈਦਾ ਹੋਈਆਂ।

ਪ੍ਰੋ. ਔਲਖ਼ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਦੇ ਪ੍ਰਾਇਮਰੀ ਸਕੂਲ ਤੋਂ ਸੰਨ 1952 ਵਿੱਚ ਕੀਤੀ। ਦਸਵੀਂ ਦੀ ਪੜ੍ਹਾਈ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਤੋਂ 5-6 ਕਿਲੋਮੀਟਰ ਦੂਰ ਕਸਬਾ ਭੀਖੀ ਤੋਂ ਕਰਨ ਉਪਰੰਤ ਪੱਤਰ ਵਿਵਹਾਰ ਰਾਹੀਂ ਬੀ. ਏ. ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ. ਏ. ਦੀ ਪੜ੍ਹਾਈ ਕੀਤੀ। ਪ੍ਰੋ. ਔਲਖ਼ ਨੇ 28 ਅਗਸਤ 1965 ਤੋਂ ਸੰਨ 2000 ਤੱਕ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਪੰਜਾਬੀ ਲੈਕਚਰਾਰ ਦੀ ਨੌਕਰੀ ਕੀਤੀ। ਉੱਥੇ ਹੀ ਪ੍ਰੋ. ਔਲਖ ਨਾਟਕਕਾਰ, ਪ੍ਰੋਡਿਊਸਰ, ਡਾਇਰੈਕਟਰ ਤੇ ਅਦਾਕਾਰ ਬਣਿਆ ਤੇ ਆਪਣੀ ਪਤਨੀ ਮਨਜੀਤ ਕੌਰ ਤੇ ਤਿੰਨੇ ਧੀਆਂ ਨੂੰ ਵੀ ਅਦਾਕਾਰ ਬਣਾਇਆ। ਪ੍ਰੋ. ਔਲਖ ਨੇ ਇੱਥੇ ਰਹਿੰਦਿਆਂ ਹੀ 1976 ਵਿੱਚ ਲੋਕ ਕਲਾ ਮੰਚ ਮਾਨਸਾ ਦੀ ਸਥਾਪਨਾ ਕੀਤੀ।

ਨਾਟਕ ਲਿਖਣ ਵੱਲ ਰੁਚਿਤ ਹੋਣ ਦਾ ਵਰਤਾਰਾ

ਪ੍ਰੋ. ਔਲਖ ਆਪਣੀ ਸਾਹਿਤਕ ਸਵੈਜੀਵਨੀ ‘ਮੇਰੀ ਨਾਟ-ਯਾਤਰਾ’ ਵਿਚ ਲਿਖਦੇ ਹਨ ਕਿ ਜਦ ਮੈਂ ਬਚਪਨ ਤੋਂ ਲੈ ਕੇ ਆਪਣੇ ਨਾਟਕਕਾਰ ਬਣਨ ਤੱਕ ਦੇ ਸਾਹਿਤਕ ਸਫਰ ’ਤੇ ਝਾਤ ਮਾਰਦਾ ਹਾਂ ਤਾਂ ਨਾਟਕ ਲਿਖਣ ਵੱਲ ਰੁਚਿਤ ਹੋਣ ਦਾ ਵਰਤਾਰਾ ਮੈਨੂੰ ‘ਮਹਿਜ਼ ਇੱਕ ਇਤਫਾਕ’ ਤੋਂ ਬਿਨਾਂ ਹੋਰ ਕੁਝ ਨਜਰ ਨਹੀਂ ਆਉਂਦਾ। ਆਪਣੀ ਉਮਰ ਦੇ 27-28 ਵਰ੍ਹਿਆਂ ਤੱਕ ਮੈਨੂੰ ਆਪਣੇ-ਆਪ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਕਦੇ ਨਾਟਕ ਵੀ ਲਿਖਾਂਗਾ ਤੇ ਪੰਜਾਬੀ ਸਾਹਿਤ-ਜਗਤ ਵਿਚ ਮੇਰੀ ਪਛਾਣ ‘ਇੱਕ ਨਾਟਕਕਾਰ’ ਦੇ ਰੂਪ ਵਿਚ ਹੋਵੇਗੀ…।

ਪ੍ਰੋ. ਅਜਮੇਰ ਔਲਖ਼ ਦੇ ਸਾਹਿਤਕ ਸਫਰ ਦੀ ਸ਼ੁਰੂਆਤ ਕਵਿਤਾ ਤੇ ਗੀਤ ਸਾਹਿਤ ਰੂਪਾਂ ਨਾਲ ਹੋਈ। ਇਸ ਤੋਂ ਇਲਾਵਾ ਉਨ੍ਹਾਂ ਦਾ ਦਸਵੀਂ ਦੇ ਇਮਤਿਹਾਨ ਤੋਂ ਬਾਅਦ ਇੱਕ ਨਾਵਲ ‘ਜਗੀਰਦਾਰ’ ਲਿਖਣ ਦਾ ਵੇਰਵਾ ਵੀ ਮਿਲਦਾ ਹੈ। ਕਵਿਤਾ, ਗੀਤ, ਨਾਵਲ ਤੋਂ ਬਿਨਾਂ ਕਹਾਣੀ ਸਾਹਿਤ ਰੂਪ ’ਤੇ ਵੀ ਉਹਨਾਂ ਨੇ ਆਪਣੀ ਕਲਮ ਅਜਮਾਈ ਸੀ। ਕਾਲਜ ਵਿੱਚ ਸੱਭਿਆਚਾਰਕ ਸਰਗ਼ਰਮੀਆਂ ਦਾ ਮੁਖੀ ਬਣਾਏ ਜਾਣ ਤੋਂ ਬਾਅਦ ਸੰਨ 1960-70 ’ਚ ਵਿਦਿਆਰਥੀਆਂ ਨੂੰ ਨਾਟਕਾਂ ਦੀ ਤਿਆਰੀ ਕਰਵਾਉਂਦਿਆਂ-ਕਰਵਾਉਂਦਿਆਂ ਪ੍ਰੋ. ਔਲਖ ਦਾ ਰੁਝਾਨ ਨਾਟਕ ਲਿਖਣ ਤੇ ਕਰਵਾਉਣ ਵੱਲ ਹੀ ਹੋ ਗਿਆ।

ਬਿਗਾਨੇ ਬੋਹੜ ਦੀ ਛਾਂ | Ajmer Aulakh

ਉਨ੍ਹਾਂ ਦੇ ਨਾਟਕਾਂ ਵਿਚ ‘ਸੱਤ ਬਿਗਾਨੇ’, ‘ਕਿਹਰ ਸਿੰਘ ਦੀ ਮੌਤ’, ‘ਇੱਕ ਸੀ ਦਰਿਆ’, ‘ਸਲਵਾਨ’, ‘ਝਨਾਂ ਦੇ ਪਾਣੀ’, ‘ਨਿੱਕੇ ਸੂਰਜਾਂ ਦੀ ਲੜਾਈ’, ‘ਭੱਜੀਆਂ ਬਾਹਾਂ’ ਤੇ ‘ਨਿਉਂ ਜੜ੍ਹ’। ਇਸ ਤੋਂ ਇਲਾਵਾ ਉਨ੍ਹਾਂ ਦੇ ਇਕਾਂਗੀ ਨਾਟਕ ‘ਬਾਲ ਨਾਥ ਦੇ ਟਿੱਲੇ ’ਤੇ’, ‘ਮਿਰਜੇ ਦੀ ਮੌਤ’, ‘ਤੂੜੀ ਵਾਲਾ ਕੋਠਾ’, ‘ਜਦੋਂ ਬੋਹਲ ਰੋਂਦੇ ਹਨ’, ‘ਅੰਨ੍ਹੇ ਨਿਸ਼ਾਨਚੀ’, ‘ਸਿੱਧਾ ਰਾਹ ਵਿੰਗਾ ਰਾਹ’, ‘ਢਾਂਡਾ’, ‘ਐਸੇ ਰਚਿਉ ਖਾਲਸਾ’, ‘ਆਪਣਾ-ਆਪਣਾ ਹਿੱਸਾ’, ‘ਇਸ਼ਕ ਬਾਝ ਨਮਾਜ ਦਾ ਹੱਜ ਨਾਹੀਂ’, ‘ਹਰਿਉ ਬੂਟ’, ‘ਅੰਨ੍ਹੇਰ-ਕੋਠੜੀ’ ਤੇ ‘ਹਾਏ ਨੀ ਮਨਮੀਤ ਕੁਰੇ’। ਲਘੂ ਨਾਟਕਾਂ ਵਿਚ ‘ਅਰਬਦ ਨਰਬਦ ਧੁੰਦੂਕਾਰਾ’, ‘ਬਿਗਾਨੇ ਬੋਹੜ ਦੀ ਛਾਂ’, ‘ਸੁੱਕੀ ਕੁੱਖ’, ‘ਇੱਕ ਰਮਾਇਣ ਹੋਰ’, ‘ਭੱਠ ਖੇੜਿਆਂ ਦਾ ਰਹਿਣਾ’, ‘ਗਾਨੀ’, ‘ਤੇੜਾਂ’, ‘ਲੋਹੇ ਦਾ ਪੁੱਤ’, ‘ਐਇੰ ਨੀ ਹੁਣ ਸਰਨਾ’, ‘ਉਂਈ-ਮੂੰਈਂ ਦਾ ਕੁਸ ਨੀ ਹੁੰਦਾ’, ‘ਕਉਲੇ ਉੱਤੇ ਰੱਖਿਆ ਕੌਲਾ’, ‘ਚੱਲ ਵੀਰਨਾ ਵੇ ਉਥੇ ਚੱਲੀਏ’, ‘ਬੰਦ ਬੂਹਿਆਂ ਵਾਲੀ ਹਵੇਲੀ’ ਤੇ ‘ਪੱਪੂ ਦੀ ਪੈਂਟ’ ਆਦਿ ਹਨ। ਇਸ ਤੋਂ ਇਲਾਵਾ ਪ੍ਰੋ. ਔਲਖ ਨੇ ਹੋਰਨਾਂ ਲੇਖਕਾਂ ਦੀਆਂ ਕੁਝ ਕਹਾਣੀਆਂ ਤੇ ਨਾਵਲਾਂ ਨੂੰ ਵੀ ਨਾਟਕੀ ਰੂਪ ਵੀ ਦਿੱਤਾ।

ਡਾ. ਏਪੀਜੇ ਅਬਦੁਲ ਕਲਾਮ ਨੇ ਆਪਣੇ ਹੱਥੀਂ ਪੁਰਸਕਾਰ ਦਿੱਤਾ

ਪ੍ਰੋ. ਔਲਖ ਨੂੰ ਸੈਂਕੜੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਪੰਜਾਬੀ ਸਾਹਿਤ ਅਕਾਦਮੀ ਦੁਆਰਾ ‘ਅਰਬਦ ਨਰਬਦ ਧੁੰਦੂਕਾਰਾ’ ਨੂੰ 1981 ਵਿੱਚ ਬਿਹਤਰੀਨ ਇਕਾਂਗੀ ਪੁਰਸਕਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਅੰਨ੍ਹੇ ਨਿਸ਼ਾਨਚੀ’ ਨੂੰ 1983 ਵਿੱਚ ਈਸ਼ਵਰ ਚੰਦਰ ਪੁਰਸਕਾਰ, ਸੰਨ 2000 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਟਕਕਾਰ ਦਾ ਪੁਰਸਕਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤਾ ਗਿਆ।

ਸੰਨ 2003 ਵਿੱਚ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਨਾਟਕਕਾਰ ਐਵਾਰਡ, ਭਾਰਤੀ ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ ਵੱਲੋਂ 22 ਮਾਰਚ 2006 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਨੇ ਆਪਣੇ ਹੱਥੀਂ ਵਿਗਿਆਨ ਭਵਨ ਨਵੀਂ ਦਿੱਲੀ ਪੁਰਸਕਾਰ ਦਿੱਤਾ ਗਿਆ, ਆਦਿ ਮੁੱਖ ਹਨ। ਪ੍ਰੋ. ਔਲਖ ਨੇ ਆਪਣੇ ਨਾਟਕਾਂ ਵਿੱਚ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਪੇਂਡੂ ਮੁਹਾਵਰਿਆਂ ਰਾਹੀਂ ਰੰਗਮੰਚ ’ਤੇ ਲਿਆਂਦਾ ਹੈ। ਨਾਟਕਾਂ ਵਿੱਚ ਪੇਂਡੂ ਮੁਹਾਵਰਿਆਂ ਦੀ ਵਰਤੋਂ ਕਰਨ ਦਾ ਹੁਨਰ ਈਸ਼ਵਰ ਚੰਦਰ ਨੰਦਾ ਤੋਂ ਬਾਅਦ ਪ੍ਰੋ. ਔਲਖ ਦੇ ਹਿੱਸੇ ਹੀ ਆਇਆ। ਪ੍ਰੋ. ਔਲਖ ਦੇ ਨਾਟਕਾਂ ਦੀ ਬੋਲੀ ਆਮ ਲੋਕਾਂ ਦੀ ਬੋਲੀ ਹੈ, ਬੇਸ਼ੱਕ ਕੁੱਝ ਵਿਦਵਾਨ ਉਹਦੇ ਨਾਟਕਾਂ ਦੀ ਭਾਸ਼ਾ ’ਤੇ ਇਤਰਾਜ ਵੀ ਜਤਾਉਂਦੇ ਹਨ ਪਰ ਉਹ ਆਪਣੇ ਮਾਲਵੇ ਦੇ ਪਿੰਡਾਂ ਦੀ ਆਵਾਜ ਬਣ ਕੇ ਹੀ ਆਖਰੀ ਸਾਹ ਤੱਕ ਜਿਉਂਦਾ ਰਿਹਾ।

ਇਹ ਵੀ ਪੜ੍ਹੋ : ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫ਼ਾ, ਮਿਲੀ ਇਹ ਸਹੂਲਤ

2008 ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਪ੍ਰੋ. ਔਲਖ ਜੂਝਦੇ ਆਪਣੀ ਜ਼ਿੰਦਗੀ ਨੂੰ 2017 ਤੱਕ ਤਾਂ ਲੈ ਆਏ ਪਰ 15 ਜੂਨ 2017 ਦਾ ਦਿਨ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋ ਨਿੱਬੜਿਆ। ਪ੍ਰੋ. ਔਲਖ ਦੀ ਕਲਾ ਨੂੰ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਸੱਤ ਬਿਗਾਨੇ ਵਾਲਾ ਔਲਖ, ਬਿਗਾਨੇ ਬੋਹੜ ਦੀ ਛਾਂ ਵਾਲਾ ਔਲਖ, ਭੱਜੀਆਂ ਬਾਹਾਂ ਵਾਲਾ ਔਲਖ, ਮਾਨਸੇ ਦਾ ਪ੍ਰੋ. ਔਲਖ ਆਦਿ ਵੱਖੋ-ਵੱਖ ਮੁਹੱਬਤੀ ਨਾਵਾਂ ਨਾਲ ਯਾਦ ਕਰਦੇ ਹਨ।

ਸ. ਸੁਖਚੈਨ ਸਿੰਘ ਕੁਰੜ
ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ,
ਸ. ਸ. ਸ. ਸਕੂਲ, ਮਾਨਾ ਸਿੰਘ ਵਾਲਾ (ਫਿਰੋਜ਼ਪੁਰ)